ਭਗਵੰਤ ਮਾਨ ਨੇ ਪਟਿਆਲਾ ਪਹੁੰਚ ਕੋਰੋਨਾ ਯੋਧਿਆਂ ਦੀ ਆਵਾਜ਼ ਕੀਤੀ ਬੁਲੰਦ, ਕਾਂਗਰਸ ਸਰਕਾਰ ’ਤੇ ਵਿੰਨ੍ਹੇ ਨਿਸ਼ਾਨੇ

Monday, Jan 03, 2022 - 10:11 PM (IST)

ਭਗਵੰਤ ਮਾਨ ਨੇ ਪਟਿਆਲਾ ਪਹੁੰਚ ਕੋਰੋਨਾ ਯੋਧਿਆਂ ਦੀ ਆਵਾਜ਼ ਕੀਤੀ ਬੁਲੰਦ, ਕਾਂਗਰਸ ਸਰਕਾਰ ’ਤੇ ਵਿੰਨ੍ਹੇ ਨਿਸ਼ਾਨੇ

ਪਟਿਆਲਾ (ਜੋਸਨ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਰਾਜਿੰਦਰਾ ਹਸਪਤਾਲ ਵਿਖੇ ਧਰਨੇ ਅਤੇ ਮਰਨ ਵਰਤ ’ਤੇ ਬੈਠੇ ‘ਕੋਰੋਨਾ ਯੋਧਿਆਂ’ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉ੍ਨ੍ਹਾਂ ਪੰਜਾਬ ਸਰਕਾਰ ’ਤੇ ਕੋਰੋਨਾ ਯੋਧਿਆਂ ਪ੍ਰਤੀ ਵਤੀਰੇ ਨੂੰ ਲੈ ਕੇ ਨਿਸ਼ਾਨੇ ਵਿੰਨ੍ਹੇ। ਇਸ ਦੌਰਾਨ ਮਾਨ ਨੇ ਉਨ੍ਹਾਂ ਦੀਆਂ ਮੰਗਾਂ ਤੇ ਮੁਸ਼ਕਿਲਾਂ ਬਾਰੇ ਜਾਣਨ ਤੋਂ ਬਾਅਦ ਮਰਨ ਵਰਤ ’ਤੇ ਬੈਠੀਆਂ ਔਰਤਾਂ ਨੂੰ ਪਾਣੀ ਪਿਲਾ ਕੇ ਮਰਨ ਵਰਤ ਤੁੜਵਾਇਆ। ਮਾਨ ਨੇ ਧਰਨਾਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਾਨ ਦੀ ਬਲੀ ਨਾ ਦੇਣ ਕਿਉਂਕਿ ਪੰਜਾਬ ਦੀ ਸੱਤਾ ’ਤੇ ਬੈਠੇ ਲੋਕ ਪੱਥਰ ਦਿਨ ਹੋ ਗਏ ਹਨ। ਉਨ੍ਹਾਂ ਨੂੰ ਕਿਸੇ ਦੇ ਧੀ-ਪੁੱਤ ਦੀ ਕੋਈ ਚਿੰਤਾ ਨਹੀਂ। ਉਨ੍ਹਾਂ ਵਾਅਦਾ ਕੀਤਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ‘ਕੋਰੋਨਾ ਯੋਧਿਆਂ’ ਸਮੇਤ ਹੋਰਨਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ (ਰੈਗੂਲਰ) ਕੀਤਾ ਜਾਵੇਗਾ ਅਤੇ ਬਣਦੇ ਭੱਤੇ ਵੀ ਦਿੱਤੇ ਜਾਣਗੇ। ਅੱਜ ਭਗਵੰਤ ਮਾਨ ਨੇ ਰਾਜਿੰਦਰਾ ਹਸਪਤਾਲ ਦੀ ਛੱਤ ’ਤੇ ਮਰਨ ਵਰਤ ’ਤੇ ਬੈਠੀਆਂ ਕੋਰੋਨਾ ਵਾਰੀਅਰਜ਼ ਬੀਬੀਆਂ ਗੁਰਪ੍ਰੀਤ ਕੌਰ ਬਿੰਦਰ ਅਤੇ ਸਤਿੰਦਰ ਕੌਰ ਆਦਿ ਨੂੰ ਪਾਣੀ ਪਿਲਾ ਕੇ ਕੇ ਉਨ੍ਹਾਂ ਦਾ ਮਰਨ ਵਰਤ ਖੁੱਲ੍ਹਵਾਇਆ ਗਿਆ।
ਇਸ ਮੌਕੇ ਮਾਨ ਨੇ ਕਿਹਾ ਕਿ ਅੱਜ ਪੰਜਾਬ ਦੇ ਹਸਪਤਾਲਾਂ ’ਚ ਡਾਕਟਰ ਜਾਂ ਹੋਰ ਮੁਲਾਜ਼ਮ ਨਹੀਂ ਹਨ, ਸਕੂਲਾਂ ’ਚ ਅਧਿਆਪਕ ਨਹੀਂ ਅਤੇ ਦਫ਼ਤਰਾਂ ’ਚ ਮੁਲਾਜ਼ਮ ਨਹੀਂ ਹਨ ਪਰ ਚੰਨੀ ਸਰਕਾਰ ਕੰਮ ਕਰਨ ਦੇ ਝੂਠੇ ਬੋਰਡ ਲਗਵਾ ਕੇ ਪੰਜਾਬ ਦੀਆਂ ਕੰਧਾਂ ਅਤੇ ਦਰੱਖ਼ਤਾਂ ਨੂੰ ਭਰਨ ਲੱਗੀ ਹੋਈ ਹੈ। ਡਾਕਟਰ, ਮਾਸਟਰ, ਨਰਸਾਂ ਸਮੇਤ ਕੋਰੋਨਾ ਯੋਧੇ ਆਪਣੀਆਂ ਮੰਗਾਂ ਲਈ ਪੰਜਾਬ ਭਰ ’ਚ ਟਾਵਰਾਂ, ਟੈਂਕੀਆਂ, ਸੜਕਾਂ ਅਤੇ ਛੱਤਾਂ ’ਤੇ ਚੜ੍ਹ ਕੇ ਧਰਨੇ ਲਾ ਰਹੇ ਹਨ।

ਇਹ ਵੀ ਪੜ੍ਹੋ : ਗ੍ਰਹਿ ਮੰਤਰੀ ਰੰਧਾਵਾ ਦੀ ਜਥੇਦਾਰ ਹਰਪ੍ਰੀਤ ਸਿੰਘ ਨੂੰ ਚਿੱਠੀ, ਪੰਥਕ ਇਕੱਠ ਨੂੰ ਲੈ ਕੇ 'ਬਾਦਲ ਦਲ' 'ਤੇ ਚੁੱਕੇ ਸਵਾਲ

 ਭਗਵੰਤ ਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੁੰਨ ਖੱਟਣ ਦੀ ਅਪੀਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਚੰਨੀ ਕੋਰੋਨਾ ਯੋਧਿਆਂ ਨੂੰ ਰੈਗੂਲਰ ਕਰਨ ਦਾ ਘੱਟੋ-ਘੱਟ ਨੋਟੀਫ਼ਿਕੇਸ਼ਨ ਹੀ ਜਾਰੀ ਕਰ ਦੇਣ। ਇਸ ਨੋਟੀਫਿਕੇਸ਼ਨ ਨੂੰ ਅਮਲੀ ਰੂਪ ਅਪ੍ਰੈਲ ਮਹੀਨੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੇਵੇਗੀ ਕਿਉਂਕਿ ਪੰਜਾਬ ’ਚ ਕਾਂਗਰਸ ਪਾਰਟੀ ਦੀ ਮੁੜ ਸਰਕਾਰ ਨਹੀਂ ਬਣਨੀ। ਮਾਨ ਨੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਔਰਤਾਂ ਲਈ ਕੀਤੇ ਐਲਾਨਾਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਜਦੋਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀਆਂ ਔਰਤਾਂ ਨੂੰ 1-1 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਸੀ, ਉਦੋਂ ਤਾਂ ਸਾਰੇ ਕਾਂਗਰਸੀ ਕੇਜਰੀਵਾਲ ਅਤੇ ਉਨ੍ਹਾਂ (ਮਾਨ) ਨੂੰ ਗਾਲ੍ਹਾਂ ਕੱਢਦੇ ਸਨ ਤੇ ਪੁੱਛਦੇ ਸਨ ਕਿ ਔਰਤਾਂ ਲਈ ਪੈਸਾ ਕਿੱਥੋਂ ਆਵੇਗਾ। ਅੱਜ ਸਿੱਧੂ ਆਪ ਹੀ ਮੁਫ਼ਤ ਸਕੀਮਾਂ ਦਾ ਐਲਾਨ ਕਰਨ ਲੱਗ ਪਏ ਹਨ। ਮਾਨ ਨੇ ਕਿਹਾ ਕਿ ਪੰਜਾਬ ਦਾ ਖ਼ਜ਼ਾਨਾ ਖਾਲੀ ਹੋਣ ਦੇ ਬਹਾਨੇ ਕਰਨ ਵਾਲਿਆਂ ਤੋਂ ‘ਆਪ’ ਦੀ ਸਰਕਾਰ ਵੱਲੋਂ ਜ਼ਰੂਰ ਹਿਸਾਬ ਲਿਆ ਜਾਵੇਗਾ। ਇਸ ਮੌਕੇ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ, ਮਹਿਲਾ ਵਿੰਗ ਪ੍ਰਧਾਨ ਵੀਰਪਾਲ ਕੌਰ ਚਹਿਲ, ਡਾ. ਬਲਬੀਰ ਸਿੰਘ, ਹਰਮੀਤ ਸਿੰਘ ਪਠਾਣਮਾਜਰਾ, ਕੁੰਦਨ ਗੋਗੀਆ, ਪ੍ਰੋ. ਸੁਮੇਰ ਸੀਰਾ, ਜਗਤਾਰ ਸਿੰਘ ਤਾਰੀ, ਡਾ. ਸਿਮਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਢੀਂਡਸਾ, ਅਨਿਲ ਮਹਿਰਾ, ਗੁਰਪ੍ਰੀਤ ਸਿੰਘ, ਲੱਕੀ ਲਹਿਲ, ਅਸ਼ੋਕ ਬੰਗੜ ਅਤੇ ਪੁਨੀਤ ਬੁੱਧੀਰਾਜਾ ਹਾਜ਼ਰ ਸਨ। 

ਇਹ ਵੀ ਪੜ੍ਹੋ : ਸੰਗਰੂਰ ’ਚ ਕੋਰੋਨਾ ਦਾ ਕਹਿਰ, 1 ਦੀ ਮੌਤ ਤੇ 5 ਨਵੇਂ ਮਾਮਲੇ ਆਏ ਸਾਹਮਣੇ

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


author

Manoj

Content Editor

Related News