ਭਗਵੰਤ ਮਾਨ ਦੀ ਕੈਬਨਿਟ ਨੂੰ ਲੈ ਕੇ ਅਹਿਮ ਖ਼ਬਰ, ਬਜਟ ਸੈਸ਼ਨ ਤੋਂ ਬਾਅਦ ਕੀਤਾ ਜਾ ਸਕਦੈ ਵਾਧਾ!
Thursday, May 26, 2022 - 09:29 AM (IST)
ਜਲੰਧਰ (ਧਵਨ) : ਪੰਜਾਬ ’ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡਾ. ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਆਪਣੀ ਕੈਬਨਿਟ ’ਚੋਂ ਬਰਖ਼ਾਸਤ ਕਰਨ ਤੋਂ ਬਾਅਦ ਨਵੇਂ ਸਿਹਤ ਮੰਤਰੀ ਨੂੰ ਲੈ ਕੇ ਚਰਚੇ ਤੇਜ਼ ਹੋ ਗਏ ਹਨ। ਨਵਾਂ ਸਿਹਤ ਮੰਤਰੀ ਬਣਨ ਦੀ ਦੌੜ 'ਚ ਅੱਧੀ ਦਰਜਨ ਮੰਤਰੀਆਂ ਤੇ ਵਿਧਾਇਕਾਂ ਦੇ ਨਾਂ ਸਾਹਮਣੇ ਆ ਰਹੇ ਹਨ। ਭਗਵੰਤ ਮਾਨ ਨੇ ਭਾਵੇਂ ਸਿਹਤ ਵਿਭਾਗ ਨੂੰ ਅਜੇ ਆਪਣੇ ਕੋਲ ਰੱਖਿਆ ਹੈ ਪਰ ਇਸ ਵਿਭਾਗ ਨੂੰ ਲੈਣ ਲਈ ਵਿਧਾਇਕਾਂ ’ਚ ਦੌੜ ਸ਼ੁਰੂ ਹੋ ਗਈ ਹੈ। ਪੰਜਾਬ 'ਚ ਮੰਤਰੀ ਮੰਡਲ ਦੇ ਵਾਧੇ ਨੂੰ ਲੈ ਕੇ ਚਰਚਾ ਵੀ ਲੰਬੇ ਸਮੇਂ ਤੋਂ ਚੱਲ ਰਹੀ ਹੈ। ਅਜੇ ਇਹ ਤੈਅ ਨਹੀਂ ਹੋਇਆ ਕਿ ਮੰਤਰੀ ਮੰਡਲ ਦਾ ਵਾਧਾ ਕਦੋਂ ਹੋਵੇਗਾ।
ਇਹ ਵੀ ਪੜ੍ਹੋ : ਲੁਧਿਆਣਾ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਬਜ਼ੁਰਗ ਪਤੀ-ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ
ਇਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਮੰਤਰੀਆਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ 'ਚ ਰੁੱਝੇ ਹੋਏ ਹਨ। ਸਰਕਾਰੀ ਹਲਕਿਆਂ 'ਚ ਚਰਚਾ ਚੱਲ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਬਜਟ ਸੈਸ਼ਨ ਤੋਂ ਬਾਅਦ ਆਪਣੇ ਮੰਤਰੀ ਮੰਡਲ ਦਾ ਵਾਧਾ ਕਰ ਸਕਦੇ ਹਨ। ਬਜਟ ਸੈਸ਼ਨ ਜੂਨ 'ਚ ਹੋਣਾ ਹੈ। ਇਸ ਦੌਰਾਨ ਸੈਸ਼ਨ 'ਚ ਭਗਵੰਤ ਮਾਨ ਸਰਕਾਰ ਆਪਣਾ ਸਲਾਨਾ ਬਜਟ ਪੇਸ਼ ਕਰੇਗੀ। ਸਰਕਾਰੀ ਹਲਕਿਆਂ ਨੇ ਦੱਸਿਆ ਕਿ ਨਵਾਂ ਸਿਹਤ ਮੰਤਰੀ ਬਣਾਉਣ ਬਾਰੇ ਆਖ਼ਰੀ ਫ਼ੈਸਲਾ ਮੁੱਖ ਮੰਤਰੀ ਵੱਲੋਂ ਲਿਆ ਜਾਵੇਗਾ। ਨਵਾਂ ਸਿਹਤ ਮੰਤਰੀ ਬਣਨ ਦੀ ਦੌੜ ’ਚ ਸੀਨੀਅਰ ਵਿਧਾਇਕ ਅਮਨ ਅਰੋੜਾ, ਪ੍ਰਿੰਸੀਪਲ ਬੁੱਧ ਰਾਮ, ਸਰਬਜੀਤ ਕੌਰ ਮਾਣੂੰਕੇ ਤੇ ਬਲਜਿੰਦਰ ਕੌਰ ਦੇ ਨਾਂ ਚਰਚਾ 'ਚ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਖੁੱਲ੍ਹੇ ਬੋਰਵੈੱਲਾਂ ਨੂੰ ਲੈ ਕੇ ਮਾਨ ਸਰਕਾਰ ਸਖ਼ਤ, ਜਾਰੀ ਕੀਤੀ ਇਹ ਐਡਵਾਈਜ਼ਰੀ
ਪੰਜਾਬ ਮੰਤਰੀ ਮੰਡਲ 'ਚ 8 ਮੰਤਰੀਆਂ ਨੂੰ ਸ਼ਾਮਲ ਕਰਨਾ ਬਾਕੀ ਹੈ। ਅਜਿਹਾ ਵੀ ਹੋ ਸਕਦਾ ਹੈ ਕਿ ਭਗਵੰਤ ਮਾਨ ਇੱਕੋ ਸਮੇਂ 8 ਮੰਤਰੀਆਂ ਨੂੰ ਸਹੁੰ ਨਾ ਚੁਕਾਉਣ। ਮੰਤਰੀ ਮੰਡਲ ਦਾ ਵਾਧਾ 2 ਪੜਾਵਾਂ 'ਚ ਵੀ ਕੀਤਾ ਜਾ ਸਕਦਾ ਹੈ। ਭਗਵੰਤ ਮਾਨ ਇੰਨੀ ਜਲਦੀ ਸਾਰੇ ਮੰਤਰੀਆਂ ਦੇ ਅਹੁਦੇ ਭਰਨ ਦੇ ਹੱਕ ’ਚ ਨਹੀਂ ਹਨ। ਪੰਜਾਬ 'ਚ ਸਰਕਾਰ ਬਣੀ ਨੂੰ ਅਜੇ 2 ਮਹੀਨੇ ਹੀ ਹੋਏ ਹਨ। ਇਸ ਦੇ ਕਾਰਜਕਾਲ 'ਚ ਲਗਭਗ 5 ਸਾਲ ਬਚੇ ਹਨ। ਇਸੇ ਲਈ ਭਗਵੰਤ ਮਾਨ ਹੌਲੀ ਰਫ਼ਤਾਰ ਨਾਲ ਅੱਗੇ ਵਧਣਾ ਚਾਹੁੰਦੇ ਹਨ। ਮੰਤਰੀ ਮੰਡਲ ਦੇ ਵਾਧੇ ਨੂੰ ਲੈ ਕੇ ਉਹ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਵੀ ਚਰਚਾ ਕਰਨਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ