ਪੰਜਾਬ ਦੀ ਸ਼ਾਨ ਮੁੜ ਬਹਾਲ ਕਰਨ ਲਈ ਹਰ ਕਦਮ ਚੁੱਕਾਂਗੇ: ਭਗਵੰਤ ਮਾਨ

Monday, May 09, 2022 - 11:41 AM (IST)

ਪੰਜਾਬ ਦੀ ਸ਼ਾਨ ਮੁੜ ਬਹਾਲ ਕਰਨ ਲਈ ਹਰ ਕਦਮ ਚੁੱਕਾਂਗੇ: ਭਗਵੰਤ ਮਾਨ

ਜਲੰਧਰ (ਧਵਨ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੀ ਸ਼ਾਨ ਨੂੰ ਬਹਾਲ ਕਰਨ ਲਈ ਹਰ ਖ਼ੇਤਰ ’ਚ ਸਾਰੇ ਕਦਮ ਚੁੱਕੇਗੀ। ਮੁੱਖ ਮੰਤਰੀ ਬੀਤੇ ਦਿਨ ਨਾਗਪੁਰ ’ਚ ਇਕ ਸਮਾਰੋਹ ’ਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਭ੍ਰਿਸ਼ਟਾਚਾਰ, ਬੇਰੋਜ਼ਗਾਰੀ, ਨਸ਼ਿਆਂ ਦੀ ਲਾਹਨਤ ਅਤੇ ਪ੍ਰਦੂਸ਼ਣ ਨੂੰ ਖਤਮ ਕਰਨ ਦੇ ਨਾਲ-ਨਾਲ ਰੋਜ਼ਗਾਰ, ਖੇਡਾਂ ਅਤੇ ਉਦਯੋਗਕ ਵਿਕਾਸ ’ਚ ਤੇਜ਼ੀ ਲਿਆਉਣ ਲਈ ਪੂਰੇ ਯਤਨ ਕੀਤੇ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਨੂੰ ਬੜੀ ਬੇਰਹਿਮੀ ਦੇ ਨਾਲ ਲੁੱਟਿਆ ਹੈ, ਜਿਸ ਕਾਰਨ ਸੂਬਾ ਤਰੱਕੀ ਦੇ ਰਾਹ ’ਤੇ ਅੱਗੇ ਨਹੀਂ ਵਧ ਸਕਿਆ। ਪੰਜਾਬ, ਜੋ ਕਿ ਖੇਡਾਂ ’ਚ ਸਵ. ਦਾਰਾ ਸਿੰਘ ਵਰਗੇ ਖਿਡਾਰੀਆਂ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਉਹ ਕਾਫ਼ੀ ਪੱਛੜ ਗਿਆ।

ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਕਾਰਨ ਸੂਬੇ ’ਚ ਨਸ਼ਿਆਂ ਨੇ ਬਹੁਤ ਪੈਰ ਪਸਾਰੇ ਪਰ ਸਾਡੀ ਸਰਕਾਰ ਇਨ੍ਹਾਂ ਸਾਰੀਆਂ ਬੁਰਾਈਆਂ ’ਤੇ ਕਾਬੂ ਪਾ ਕੇ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਏਗੀ। ਮੁੱਖ ਮੰਤਰੀ ਨੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਨਸ਼ਿਆਂ ਦੀਆਂ ਸਰਿੰਜਾਂ ਨੂੰ ਟਿਫਿਨ ਬਾਕਸ ਨਾਲ ਬਦਲਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ, ਜੋ ਰੋਜ਼ਗਾਰ ਨਾਲ ਜੁੜਿਆ ਹੋਵੇ, ਉਹ ਦਫ਼ਤਰ ’ਚ ਟਿਫਿਨ ਬਾਕਸ ਲੈ ਕੇ ਜਾਂਦਾ ਹੈ ਅਤੇ ਉਸ ਦੇ ਕੋਲ ਨਸ਼ਾ ਕਰਨ ਲਈ ਕੋਈ ਸਮਾਂ ਨਹੀਂ ਹੁੰਦਾ। ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਿਰਫ਼ 50 ਦਿਨਾਂ ਦੇ ਅੰਦਰ ਸੂਬੇ ਦੇ ਨੌਜਵਾਨਾਂ ਨੂੰ ਪਾਰਦਰਸ਼ੀ, ਨਿਰਪੱਖ ਅਤੇ ਮੈਰਿਟ ਆਧਾਰਿਤ ਸਰਕਾਰੀ ਨੌਕਰੀਆਂ ਪ੍ਰਦਾਨ ਕਰਨ ਦੀ ਪ੍ਰਕਿਰਿਆ ਨੂੰ ਹਰੀ ਝੰਡੀ ਦਿੱਤੀ ਹੈ।

ਇਹ ਵੀ ਪੜ੍ਹੋ: ਸ੍ਰੀ ਚਮਕੌਰ ਸਾਹਿਬ ਵਿਖੇ ਘਰ 'ਚੋਂ ਮਿਲੀਆਂ ਪਿਓ-ਪੁੱਤ ਦੀਆਂ ਲਾਸ਼ਾਂ, ਫ਼ੈਲੀ ਸਨਸਨੀ

ਫੁੱਟ ਪਾਉਣ ਵਾਲੀ ਰਾਜਨੀਤੀ ਕਰਨ ਵਾਲੀਆਂ ਸਿਆਸੀ ਪਾਰਟੀਆਂ ’ਤੇ ਸ਼ਬਦੀ ਹਮਲਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀਆਂ ਪਾਰਟੀਆਂ ਖ਼ਿਲਾਫ਼ ਦੇਸ਼ ਦੇ ਲੋਕਾਂ ਨੂੰ ਇੱਕਜੁਟ ਹੋਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੇਸ਼ ਕੀਤਾ ਗਿਆ ਲੋਕ ਕਲਿਆਣ ਅਤੇ ਵਿਕਾਸ ਆਧਾਰਿਤ ਏਜੰਡਾ ਹੀ ਫੁੱਟ ਪਾਉਣ ਵਾਲੀ ਰਾਜਨੀਤੀ ਨੂੰ ਖਤਮ ਕਰਨ ਦਾ ਇਕੋ-ਇਕ ਹਥਿਆਰ ਹੈ। ਹੁਣ ਸਮਾਂ ਆ ਗਿਆ ਹੈ, ਜਦੋਂ ਦੇਸ਼ ਵਾਸੀਆਂ ਨੂੰ ਇਕਜੁੱਟ ਹੋ ਕੇ ਸਮਾਜ ’ਚ ਅਜਿਹੇ ਫਿਰਕੂ ਬੀਜ ਬੀਜਣ ਵਾਲੀਆਂ ਪਾਰਟੀਆਂ ਦਾ ਸਫਾਇਆ ਕਰ ਦੇਣਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ’ਚ ਰਾਜ ਕਰਨ ਵਾਲੀਆਂ ਸਿਆਸੀ ਪਾਰਟੀਆਂ ਨੇ ਬ੍ਰਿਟਿਸ਼ ਸ਼ਾਸਨ ਦੇ 200 ਸਾਲਾਂ ਦੇ ਮੁਕਾਬਲੇ ਪੰਜਾਬ ਨੂੰ ਬੇਰਹਿਮੀ ਨਾਲ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਉਨ੍ਹਾਂ ਦੀ ਸਰਕਾਰ ਨੂੰ ਵੱਡਾ ਫਤਵਾ ਦੇ ਕੇ ਸੱਤਾ ਸੌਂਪੀ ਹੈ ਅਤੇ ਉਹ ਰਾਜ ਨੂੰ ਮੁੜ ਵਿਕਾਸ ਦੀਆਂ ਲੀਹਾਂ ’ਤੇ ਲਿਜਾਣ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਜਨਤਾ ਵੱਲੋਂ ਦਿੱਤੇ ਗਏ ਫਤਵੇ ਦੇ ਨਾਲ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਜੁਡ਼ੀਆਂ ਹੋਈਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਹਿਲਾਂ ਹੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ, ਇਕ ਵਿਧਾਇਕ ਇਕ ਪੈਨਸ਼ਨ, ਝੋਨੇ ਦੀ ਸਿੱਧੀ ਬੀਜਾਈ ਕਰਨ ਵਾਲੇ ਕਿਸਾਨਾਂ ਨੂੰ ਵਿੱਤੀ ਸਹਾਇਤਾ ਦੇਣ ਵਰਗੇ ਕਦਮ ਚੁੱਕੇ ਹਨ, ਜੋ ਪੰਜਾਬ ਨੂੰ ਫਿਰ ਆਪਣੇ ਪੈਰਾਂ ’ਤੇ ਖਡ਼੍ਹਾ ਕਰਨ ’ਚ ਸਹਾਇਕ ਸਿੱਧ ਹੋਣਗੇ। ਉਨ੍ਹਾਂ ਦੀ ਸਰਕਾਰ ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਆਉਣ ਵਾਲੇ ਦਿਨਾਂ ’ਚ ਵੱਡੇ ਫੈਸਲੇ ਲਵੇਗੀ।

ਇਹ ਵੀ ਪੜ੍ਹੋ: 'ਨਿੰਬੂ' ਨੇ ਮੁਸੀਬਤ 'ਚ ਪਾਇਆ ਕਪੂਰਥਲਾ ਜੇਲ੍ਹ ਦਾ ਸੁਪਰਡੈਂਟ, ਹੋਇਆ ਸਸਪੈਂਡ, ਜਾਣੋ ਪੂਰਾ ਮਾਮਲਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News