ਪਰਾਲੀ ਦੇ ਮੁੱਦੇ 'ਤੇ ਭਗਵੰਤ ਮਾਨ ਨੇ ਕੇਜਰੀਵਾਲ ਦਾ ਕੀਤਾ ਬਚਾਅ, ਜਾਣੋ ਕੀ ਬੋਲੇ

Tuesday, Nov 06, 2018 - 12:57 PM (IST)

ਪਰਾਲੀ ਦੇ ਮੁੱਦੇ 'ਤੇ ਭਗਵੰਤ ਮਾਨ ਨੇ ਕੇਜਰੀਵਾਲ ਦਾ ਕੀਤਾ ਬਚਾਅ, ਜਾਣੋ ਕੀ ਬੋਲੇ

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਰਾਲੀ ਸਾੜਨ ਕਾਰਨ ਫੈਲੇ ਪ੍ਰਦੂਸ਼ਣ ਲਈ ਕੇਂਦਰ ਸਰਕਾਰ ਸਮੇਤ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। 'ਆਪ' ਵਲੋਂ ਜਾਰੀ ਬਿਆਨ 'ਚ ਸੰਸਦ ਮੈਂਬਰ ਭਗਵੰਤ ਮਾਨ ਅਤੇ ਪ੍ਰੋ. ਸਾਧੂ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਆਪਣੀ ਅਸਫਲਤਾ ਅਤੇ ਗੈਰ-ਜ਼ਿੰਮੇਵਾਰੀ ਨੂੰ ਲੁਕਾਉਣ ਲਈ ਕੈਪਟਨ ਇਸ ਗੰਭੀਰ ਮੁੱਦੇ 'ਤੇ ਘਟੀਆ ਸਿਆਸਤ ਕਰਨ 'ਤੇ ਉਤਰ ਆਏ ਹਨ।

ਪਰਾਲੀ ਪ੍ਰਦੂਸ਼ਣ ਦੇ ਸੰਕਟ ਨਾਲ ਨਜਿੱਠਣ ਲਈ ਨੈਸ਼ਨਲ ਗਰੀਨ ਟ੍ਰਿਬੀਊਨਲ ਨੇ ਜੋ ਵਿੱਤੀ ਜ਼ਿੰਮੇਵਾਰੀ ਸੂਬੇ ਅਤੇ ਕੇਂਦਰ ਸਰਕਾਰਾਂ ਨੂੰ ਤੈਅ ਕੀਤੀ ਸੀ, ਉਸ ਦਾ ਵਿੱਤੀ ਬੋਝ ਚੁੱਕਣ 'ਚ ਕੈਪਟਨ ਸਰਕਾਰ ਪੂਰੀ ਤਰ੍ਹਾਂ ਭੱਜ ਗਈ ਹੈ। ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਤੇ ਮੋਦੀ ਸਰਕਾਰਾਂ ਨੇ ਕਾਨੂੰਨੀ ਡੰਡੇ ਚੁੱਕ ਕੇ ਕਿਸਾਨਾਂ ਨੂੰ ਤਾਂ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਪਰ ਆਪਣੇ ਹਿੱਸੇ ਦੇ ਫਰਜ਼ ਨੂੰ ਨਹੀਂ ਨਿਭਾਇਆ, ਜਦੋਂ ਕਿ ਕਿਸਾਨ ਪਰਾਲੀ ਨੂੰ ਖੁਸ਼ੀ ਜਾਂ ਸ਼ੌਕ ਦੇ ਤੌਰ 'ਤੇ ਨਹੀਂ, ਸਗੋਂ ਮਜ਼ਬੂਰੀ ਕਾਰਨ ਸਾੜ ਰਹੇ ਹਨ। 

ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਰਾਲੀ ਨੂੰ ਅੱਗ ਲਾਉਣ ਲਈ ਪੰਜਾਬ ਦੇ ਕਿਸਾਨਾਂ ਨੂੰ ਨਹੀਂ, ਸਗੋਂ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਪਰ ਕੈਪਟਨ ਆਪਣੀ ਅਸਫਲਤਾ ਨੂੰ ਲੁਕਾਉਣ ਲਈ ਕੇਜਰੀਵਾਲ ਦੇ ਬਿਆਨ ਨੂੰ ਤੋੜ-ਮਰੋੜ ਕੇ ਘਟੀਆ ਕਿਸਮ ਦੀ ਸਿਆਸਤ ਕਰਕੇ ਇਸ ਨੂੰ ਦਿੱਲੀ ਬਨਾਮ ਪੰਜਾਬ ਦਾ ਮੁੱਦਾ ਬਣਾ ਰਹੇ ਹਨ।


author

Babita

Content Editor

Related News