ਸ਼ਹੀਦ ਸਿੱਖ ਨੌਜਵਾਨਾਂ ਦੀ ਆਤਮਾ ਨੂੰ ਸ਼ਾਂਤੀ ਉਦੋਂ ਮਿਲੇਗੀ ਜਦੋਂ ਪਾਪੀਆਂ ਨੂੰ ਸਜ਼ਾ ਮਿਲੇਗੀ: ਭਗਵੰਤ ਮਾਨ

10/14/2018 6:43:27 PM

ਫਰੀਦਕੋਟ— ਬਰਗਾੜੀ ਵਿਖੇ ਸ਼ਰਧਾਂਜਲੀ ਸਮਾਰੋਹ 'ਚ ਪਹੁੰਚੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਬਹਿਬਲ ਕਲਾਂ ਗੋਲੀਕਾਂਡ 'ਚ ਮਾਰੇ ਗਏ ਸਿੱਖ ਨੌਜਵਾਨਾਂ ਦੀ ਆਤਮਾ ਨੂੰ ਸ਼ਾਂਤੀ ਉਦੋਂ ਮਿਲੇਗੀ ਜਦੋਂ ਗੋਲੀਕਾਂਡ ਦੇ ਦੋਸ਼ੀ ਪਾਪੀਆਂ ਨੂੰ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ਬਾਰੇ ਬੋਲਦੇ ਹੋਏ ਕਿਹਾ ਕਿ ਦੋਵੇਂ ਆਪਸ 'ਚ ਮਿਲੇ ਹੋਏ ਹਨ। ਕੈਪਟਨ ਦੇ ਹੱਥ ਬੰਨ੍ਹੇ ਹੋਏ ਹਨ, ਕਿਉਂਕਿ ਜਦੋਂ ਵੀ ਉਹ ਇਸ ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲੇ 'ਚ ਕੁਝ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਬਾਦਲ ਸਾਬ੍ਹ ਦਿੱਲੀ ਤੋਂ ਫੋਨ ਕਰਵਾ ਕੇ ਕੈਪਟਨ ਨੂੰ ਚੁੱਪ ਕਰਵਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ-ਜਿਨ੍ਹਾਂ ਵੀ ਬੇਅਦਬੀ ਕੀਤੀ ਹੈ, ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਵੀ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ 'ਚ ਜਸਟਿਸ ਜੋਰਾ ਸਿੰਘ ਦਾ ਕਮਿਸ਼ਨ ਬਿਠਾ ਕੇ ਡੇਢ ਸਾਲ ਬਾਦਲ ਸਰਕਾਰ ਨੇ ਲਗਾਇਆ ਅਤੇ ਡੇਢ ਸਾਲ ਹੁਣ ਕੈਪਟਨ ਸਰਕਾਰ ਨੇ ਲਗਾਇਆ ਹੈ ਅਤੇ ਅਜੇ ਵੀ ਕੈਪਟਨ ਐੱਸ. ਆਈ. ਟੀ. ਬਿਠਾਉਣ ਦੀ ਗੱਲ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਨੀਅਤ ਸਾਫ ਨਹੀਂ ਹੈ ਅਤੇ ਦੋਵੇਂ ਆਪਸ 'ਚ ਰਲੇ ਹੋਏ ਹਨ। 

7 ਅਕਤੂਬਰ ਨੂੰ ਕੈਪਟਨ ਵੱਲੋਂ ਲੰਬੀ ਅਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਟਿਆਲਾ ਵਿਖੇ ਕੀਤੀਆਂ ਗਈਆਂ ਰੈਲੀਆਂ ਸਬੰਧੀ ਬੋਲੇਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਸਿਰਫ ਕੰਮ ਕਰਦੀਆਂ ਅਤੇ ਵਿਰੋਧੀ ਪਾਰਟੀਆਂ ਰੈਲੀਆਂ ਕਰਦੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਨਰਿੰਦਰ ਮੋਦੀ ਜਿੱਥੇ ਵੀ ਜਾਂਦੇ ਹਨ, ਉਥੋਂ ਦਾ ਰਿਵਾਇਤੀ ਪਹਿਰਾਵਾ ਪਾ ਦਿੱਤਾ ਜਾਂਦਾ ਹੈ ਅਤੇ ਜਦੋਂ ਮਲੋਟ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਸਨ ਤਾਂ ਉਥੇ 90 ਸੈਕਿੰਡ ਵੀ ਪੱਗ ਸਿਰ 'ਤੇ ਨਹੀਂ ਰੱਖ ਸਕੇ। ਉਨ੍ਹਾਂ ਨੇ ਕਿਹਾ ਕਿ ਦੇਸ਼ ਆਜ਼ਾਦ ਕਰਵਾਉਣ 'ਚ 90 ਫੀਸਦੀ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਹਨ ਅਤੇ ਮੋਦੀ 90 ਸੈਕਿੰਡ ਵੀ ਪੱਗ ਨੂੰ ਸਿਰ 'ਤੇ ਨਾ ਰੱਖ ਸਕੇ ਅਤੇ ਲਾਹ ਕੇ ਰੱਖ ਦਿੱਤੀ।


Related News