ਭਗਵੰਤ ਮਾਨ ਨੂੰ MP ਤੋਂ CM ਬਣਾਉਣ ਵਾਲਾ ਸੰਗਰੂਰ 99 ਦਿਨਾਂ ’ਚ ਹੀ AAP ਤੋਂ ਦੂਰ ਕਿਉਂ ਹੋ ਗਿਆ?
Monday, Jun 27, 2022 - 02:58 AM (IST)
ਲੁਧਿਆਣਾ (ਵਿੱਕੀ) : ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਸਾਢੇ 3 ਮਹੀਨੇ ਬਾਅਦ ਸੰਗਰੂਰ ਲੋਕ ਸਭਾ ਉਪ ਚੋਣ ’ਚ ਹੋਈ ਹਾਰ ਨੇ ਪਾਰਟੀ ਲੀਡਰਸ਼ਿਪ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਇਸ ਦੇ ਨਾਲ ਹੀ ਪਿਛਲੇ ਸਮੇਂ ਦੌਰਾਨ ਪਾਰਟੀ ਦੇ ਵਾਲੰਟੀਅਰਾਂ ਅਤੇ ਵਰਕਰਾਂ ਦੀ ਅਣਗਹਿਲੀ ਨੂੰ ਵੀ ਇਸ ਰੋਸ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਲੋਕ ਸਭਾ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪਾਰਟੀ ਦੇ ਕਈ ਵਰਕਰਾਂ ਨੇ ਸੋਸ਼ਲ ਮੀਡੀਆ ’ਤੇ ਵੀ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਸੂਤਰਾਂ ਦੀ ਮੰਨੀਏ ਤਾਂ ਸਰਕਾਰ ਬਣਨ ਤੋਂ ਬਾਅਦ ਕੁਝ ਵਿਧਾਇਕਾਂ ਦੀ ਅਣਦੇਖੀ ਕਾਰਨ ਨਾਰਾਜ਼ ਚੱਲ ਰਹੇ ਕਈ ਵਾਲੰਟੀਅਰ ਸੰਗਰੂਰ ਉਪ ਚੋਣ ’ਚ ਪ੍ਰਚਾਰ ਲਈ ਵੀ ਨਹੀਂ ਨਿਕਲੇ। ਇੰਨਾ ਹੀ ਨਹੀਂ, ਸੋਸ਼ਲ ਮੀਡੀਆ ’ਤੇ ਕਈਆਂ ਨੇ ਤਾਅਨਾ ਵੀ ਮਾਰਿਆ ਕਿ ਵਾਲੰਟੀਅਰਾਂ ਦੀ ਮਿਹਨਤ ਤੋਂ ਬਾਅਦ ਪਾਰਟੀ ਨੇ 92 ਵਿਧਾਇਕਾਂ ਨਾਲ ਪੰਜਾਬ ’ਚ ਸਰਕਾਰ ਬਣਾਈ ਹੈ, ਹੁਣ 92 ਵਿਧਾਇਕ ਇਕੱਠੇ ਹੋ ਕੇ ਐੱਮ. ਪੀ. ਵੀ ਨਹੀਂ ਜਿਤਾ ਸਕੇ। ਆਖ਼ਿਰ ਉਹ ਕੀ ਕਾਰਨ ਸਨ ਕਿ ਭਗਵੰਤ ਮਾਨ ਨੂੰ ਕਲਾਕਾਰ ਤੋਂ 2 ਵਾਰ ਐੱਮ. ਪੀ. ਤੇ ਫਿਰ ਮੁੱਖ ਮੰਤਰੀ ਬਣਾਉਣ ਵਾਲਾ ਸੰਗਰੂਰ ਸਰਕਾਰ ਬਣਨ ਦੇ ਸਿਰਫ਼ 99 ਦਿਨਾਂ ’ਚ ਹੀ ‘ਆਪ’ ਤੋਂ ਦੂਰ ਹੋਣ ਲੱਗਾ ਹੈ।
ਖ਼ਬਰ ਇਹ ਵੀ : ਮੂਸੇਵਾਲਾ ਦੇ ਗਾਣੇ 'ਤੇ ਲੱਗੀ ਪਾਬੰਦੀ, ਉਥੇ ਸੰਗਰੂਰ ਵਾਸੀਆਂ ਨੇ ਸਿਮਰਨਜੀਤ ਮਾਨ ਦੇ ਹੱਕ 'ਚ ਦਿੱਤਾ ਫਤਵਾ, ਪੜ੍ਹੋ TOP 10
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਗਵੰਤ ਮਾਨ ਨੇ ਮੁੱਖ ਮੰਤਰੀ ਬਣਦਿਆਂ ਹੀ ਕਈ ਦਲੇਰਾਨਾ ਫੈਸਲੇ ਲਏ ਹਨ ਪਰ ਸਰਕਾਰ ਬਣਨ ਤੋਂ ਪਹਿਲਾਂ ਵੋਟਰਾਂ ਨਾਲ ਰਾਬਤਾ ਕਾਇਮ ਰੱਖਣ ਵਾਲੇ ਪਾਰਟੀ ਦੇ ਵਾਲੰਟੀਅਰ ਅਤੇ ਵਰਕਰ ਕਿਤੇ ਨਾ ਕਿਤੇ ਚੋਣ ਤੋਂ ਦੂਰ ਹੀ ਰਹੇ। ਭਾਵੇਂ ਇਸ ਹਾਰ ਨੂੰ ਲੈ ਕੇ ਰਾਜ ਦੀ ਵਿਗੜੀ ਕਾਨੂੰਨ ਵਿਵਸਥਾ ਦੇ ਨਾਲ ਕਈ ਹੋਰ ਕਾਰਨ ਵੀ ਦੱਸੇ ਜਾ ਰਹੇ ਹਨ ਪਰ ਪਾਰਟੀ ਨਾਲ ਜੁੜੇ ਕੁਝ ਪੁਰਾਣੇ ਵਰਕਰਾਂ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਵਿੱਚ ‘ਆਪ’ ਨੂੰ ਮਜ਼ਬੂਤ ਕਰਨ ਲਈ ਸਾਲ 2014 ਤੋਂ 2022 ਤੱਕ ਜ਼ਮੀਨੀ ਪੱਧਰ ’ਤੇ ਕੰਮ ਕੀਤਾ ਪਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਜੁਆਇਨ ਕਰਨ ਵਾਲੇ ਨੇਤਾਵਾਂ ਨੇ ਸਰਕਾਰ ਬਣਦੇ ਹੀ ਆਪਣੇ ਚਹੇਤਿਆਂ ਨੂੰ ਹੀ ਵੱਖ-ਵੱਖ ਹਲਕਿਆਂ ਵਿੱਚ ਤਰਜੀਹ ਦਿੱਤੀ।
ਇਹ ਵੀ ਪੜ੍ਹੋ : ਪੰਜਾਬ 'ਚ ਪਹਿਲੀ ਵਾਰ ਇਕੱਲਿਆਂ ਲੋਕ ਸਭਾ ਚੋਣ ਲੜੀ ਭਾਜਪਾ ਲਈ ਕਿਵੇਂ ਰਿਹਾ ਲੋਕਾਂ ਦਾ ਹੁੰਗਾਰਾ
ਇੱਥੋਂ ਤੱਕ ਕਿ ਪੁਰਾਣੇ ਵਾਲੰਟੀਅਰਾਂ ਦੇ ਕਹਿਣ ਦੇ ਬਾਵਜੂਦ ਕਈ ਵਿਧਾਇਕਾਂ ਨੇ ਤਾਂ ਧੰਨਵਾਦੀ ਦੌਰੇ ਤੱਕ ਨਹੀਂ ਕੀਤੇ। ਕਈਆਂ ਦਾ ਕਹਿਣਾ ਹੈ ਕਿ ਹਲਕੇ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਦੇ ਉਦਘਾਟਨ ਸਮਾਰੋਹ ’ਚ ਵੀ ਉਨ੍ਹਾਂ ਨੂੰ ਸ਼ਾਮਲ ਹੋਣ ਤੱਕ ਦਾ ਸੱਦਾ ਵੀ ਨਹੀਂ ਭੇਜਿਆ ਜਾਂਦਾ। ਸਰਕਾਰ ਵਿੱਚ ਪਾਰਟੀ ਵਰਕਰਾਂ ਦੀ ਹੋ ਰਹੀ ਕਥਿਤ ਅਣਦੇਖੀ ਬਾਰੇ ਪਾਰਟੀ ਪਲੇਟਫਾਰਮ ’ਤੇ ਗੱਲ ਚੁੱਕੇ ਜਾਣ ਦੇ ਬਾਵਜੂਦ ਸੁਣਵਾਈ ਨਾ ਹੋਣ ’ਤੇ ਉਹ ਪੁਰਾਣਾ ਵਰਕਰ ਵੀ ਘਰ ਬੈਠ ਗਿਆ, ਜੋ 2019 ਤੱਕ ਭਗਵੰਤ ਮਾਨ ਦੇ ਲੋਕ ਸਭਾ ਉਪ ਚੋਣ ਲਈ ਵੀ ਪ੍ਰਚਾਰ ਕਰਨ ਸੰਗਰੂਰ ਜਾਂਦਾ ਰਿਹਾ ਹੈ।
ਇਹ ਵੀ ਪੜ੍ਹੋ : ਸੱਤਾ ’ਚ ਰਹਿੰਦਿਆਂ ਉਪ ਚੋਣ ਹਾਰਨ ਵਾਲਿਆਂ ਵਿੱਚ ‘ਆਪ’ ਵੀ ਹੋਈ ਸ਼ਾਮਲ
ਰੇਤ ਦੀ ਬਜਾਏ ਸਸਤੀ ਕਰ ਦਿੱਤੀ ਸ਼ਰਾਬ
ਪਾਰਟੀ ਵਰਕਰਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਮੰਤਰੀ ਜੇਕਰ ਵਿਧਾਇਕਾਂ ਦੇ ਫੋਨ ਨਹੀਂ ਚੁੱਕਦੇ ਤਾਂ ਆਮ ਵਰਕਰ ਇਸ ਬਾਰੇ ਕੀ ਉਮੀਦ ਕਰ ਸਕਦਾ ਹੈ। ਪਿਛਲੇ ਦਿਨੀਂ ਲੁਧਿਆਣਾ ਦੇ ਇਕ ਵਿਧਾਇਕ ਨੇ ਸ਼ਰੇਆਮ ਮੰਤਰੀ ਬਾਰੇ ਮੀਡੀਆ 'ਚ ਇਸ ਤਰ੍ਹਾਂ ਦਾ ਬਿਆਨ ਵੀ ਦਿੱਤਾ ਸੀ ਕਿ ਕਈ ਵਾਰ ਯਤਨ ਕਰਨ ਤੋਂ ਬਾਅਦ ਵੀ ਮੰਤਰੀ ਉਨ੍ਹਾਂ ਦਾ ਫੋਨ ਨਹੀਂ ਚੁੱਕ ਰਹੇ। ਕੁਝ ਹੋਰਾਂ ਦਾ ਕਹਿਣਾ ਹੈ ਕਿ ਪਾਰਟੀ ਚੋਣਾਂ ਤੋਂ ਪਹਿਲਾਂ ਤਾਂ ਰੇਤ ਸਸਤੀ ਕਰਨ ਦੇ ਦਾਅਵੇ ਕਰਦੀ ਰਹੀ ਪਰ ਸਰਕਾਰ ਬਣਨ ਤੋਂ ਬਾਅਦ ਰੇਤ ਦੀ ਬਜਾਏ ਸ਼ਰਾਬ ਸਸਤੀ ਕਰ ਦਿੱਤੀ, ਜਿਸ ਦਾ ਜ਼ਮੀਨੀ ਪੱਧਰ ’ਤੇ ਆਮ ਜਨਤਾ ’ਤੇ ਉਲਟਾ ਅਸਰ ਪਿਆ। ਉਥੇ ਔਰਤਾਂ ਨੂੰ 1 ਹਜ਼ਾਰ ਰੁਪਏ ਦੇਣ ਦਾ ਵਾਅਦਾ ਪੂਰਾ ਕਰਨ ’ਚ ਕੀਤੀ ਜਾ ਰਹੀ ਦੇਰੀ ਨੂੰ ਵੀ ਵਿਰੋਧੀ ਸਰਕਾਰ ਖਿਲਾਫ਼ ਨਵਾਂ ਮੁੱਦਾ ਬਣਾ ਰਹੇ ਹਨ। ਜੇਕਰ ਆਉਣ ਵਾਲੇ ਸਮੇਂ ਵਿੱਚ ਪੁਰਾਣੇ ਵਰਕਰਾਂ ਨੂੰ ਮੁਹੱਲਾ ਜਾਂ ਵਾਰਡ ਪੱਧਰ ’ਤੇ ਪਾਰਟੀ ਲਈ ਫਿਰ ਤੋਂ ਕਾਰਜ ਕਰਨ ਨੂੰ ਤਿਆਰ ਨਾ ਕੀਤਾ ਗਿਆ ਤਾਂ ਕਿਤੇ ਨਾ ਕਿਤੇ ਨਿਗਮ ਚੋਣ ’ਚ ਵੀ ਇਸ ਦਾ ਉਲਟਾ ਅਸਰ ਦੇਖਣ ਨੂੰ ਮਿਲ ਸਕਦਾ ਹੈ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ