''ਭਗਵੰਤ ਮਾਨ'' ਦੀ ਕੈਪਟਨ-ਸੁਖਬੀਰ ਨੂੰ ''ਲਾਈਵ ਡਿਬੇਟ'' ਦੀ ਚੁਣੌਤੀ

Saturday, Oct 03, 2020 - 08:06 AM (IST)

''ਭਗਵੰਤ ਮਾਨ'' ਦੀ ਕੈਪਟਨ-ਸੁਖਬੀਰ ਨੂੰ ''ਲਾਈਵ ਡਿਬੇਟ'' ਦੀ ਚੁਣੌਤੀ

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਇਨ੍ਹਾਂ ਦੋਹਾਂ ਪਾਰਟੀਆਂ ਨੂੰ ਤੱਥਾਂ ਸਮੇਤ 5 ਸਵਾਲ ਪੁੱਛਣਾ ਚਾਹੁੰਦੇ ਹਨ ਕਿ ਅੱਜ ਤੱਕ ਕੈਪਟਨ ਅਤੇ ਬਾਦਲਾਂ ਦੀ ਜੋੜੀ ਨੇ ਪੰਜਾਬ ਦੀ ਭਲਾਈ ਲਈ ਕੀਤਾ ਹੀ ਕੀ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਲਈ ਬੇਸ਼ੱਕ ਉਹ ਗੂਗਲ ਦਾ ਸਹਾਰਾ ਲੈ ਲੈਣ, ਖ਼ਜ਼ਾਨੇ ’ਤੇ ਬੋਝ ਬਣੇ ਸਲਾਹਕਾਰਾਂ ਦੀਆਂ ਫ਼ੌਜਾਂ ਤੋਂ ਲਿਖਵਾ ਲੈਣ, ਵੱਡੇ-ਵੱਡੇ ਰਜਿਸਟਰ ਲੈ ਆਉਣ ਪਰ ਜੇ ਹਿੰਮਤ ਹੈ ਤਾਂ ਆਪਣੇ ਜਵਾਬ ਲਾਈਵ ਡਿਬੇਟ ’ਚ ਦੇਣ। ਮਾਨ ਨੇ ਕਿਹਾ ਕਿ ਇਸ ਨਾਲ ਸ਼ਰਤੀਆ ਉਸ ਸਮੇਂ ਕੈਪਟਨ ਅਤੇ ਬਾਦਲਾਂ ਦਾ ਪੰਜਾਬ ਵਿਰੋਧੀ ਚਿਹਰਾ ਜਨਤਕ ਹੋ ਜਾਵੇਗਾ, ਜੋ ਅੱਜ ਧਰਨੇ ਪ੍ਰਦਰਸ਼ਨ ਕਰ ਕੇ ਖੁਦ ਨੂੰ ਕਿਸਾਨ ਅਤੇ ਪੰਜਾਬ ਹਿਤੈਸ਼ੀ ਕਹਾਉਣ ਦੀਆਂ ਨਾਕਾਮ ਕੋਸ਼ਿਸ਼ਾਂ ਕਰ ਰਹੇ ਹਨ।
ਰਾਹੁਲ ਗਾਂਧੀ ਕਿਸ ਮੂੰਹ ਨਾਲ ਪੰਜਾਬ ’ਚ ਕਰੇਗਾ ਰੋਡ ਸ਼ੋਅ
ਭਗਵੰਤ ਮਾਨ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਪੰਜਾਬ ਆ ਰਿਹਾ ਹੈ ਅਤੇ ਕਾਂਗਰਸ ਪਾਰਟੀ ਦਾ ਇਹ ਕਹਿਣਾ ਹੈ ਕਿ ਰਾਹੁਲ ਗਾਂਧੀ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦਾ ਰਾਖੀ ਲਈ ਪੰਜਾਬ 'ਚ ਰੋਡ ਸ਼ੋਅ ਕਰਣਗੇ। ਇੱਥੇ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਰਾਹੁਲ ਗਾਂਧੀ ਕਿਹੜੇ ਮੂੰਹ ਨਾਲ ਪੰਜਾਬ 'ਚ ਰੋਡ ਸ਼ੋਅ ਕੱਢਣਗੇ ਕਿਉਂਕਿ ਜਦੋਂ ਸੰਸਦ 'ਚ ਖੇਤੀ ਬਿੱਲਾਂ ਨੂੰ ਲੈ ਕੇ ਬਹਿਸ ਹੋ ਰਹੀ ਸੀ ਤਾਂ ਉਸ ਸਮੇਂ ਰਾਹੁਲ ਗਾਂਧੀ ਸੰਸਦ ’ਚੋਂ ਹੀ ਗੈਰ-ਹਾਜ਼ਰ ਸਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਰਾਹੁਲ ਗਾਂਧੀ ਲਈ ਕਿਸਾਨ ਕੋਈ ਮਾਇਨੇ ਨਹੀਂ ਰੱਖਦਾ। ਮਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ 51 ਸੰਸਦ ਮੈਂਬਰ ਲੋਕ ਸਭਾ 'ਚ ਹਨ ਅਤੇ 40 ਸੰਸਦ ਮੈਂਬਰ ਰਾਜ ਸਭਾ 'ਚ ਹਨ, ਇਸ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਪਾਸ ਹੋਣ ਤੋਂ ਨਹੀਂ ਰੋਕ ਸਕੀ।
ਕੈਪਟਨ ਖੇਤੀ ਵਿਰੋਧੀ ਆਰਡੀਨੈਂਸਾਂ ਨੂੰ ਲੈ ਕੇ ਗੰਭੀਰ ਨਹੀਂ
ਮਾਨ ਨੇ ਕਿਹਾ ਕਿ 28 ਅਗਸਤ, 2020 ਨੂੰ ਜਦੋਂ ਵਿਧਾਨ ਸਭਾ ਸੈਸ਼ਨ ਬੁਲਾਈ ਗਈ ਸੀ ਤਾਂ ਪੰਜਾਬ ਸਰਕਾਰ ਨੇ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਨ ਲਈ ਇਕ ਮਤਾ ਪਾਸ ਕੀਤਾ ਸੀ ਅਤੇ ਇਸ ਮਤੇ ਨੂੰ ਕੇਂਦਰ ਸਰਕਾਰ ਕੋਲ ਭੇਜਣਾ ਸੀ ਪਰ ਕਿਸਾਨ ਵਿਰੋਧੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਤੇ ਨੂੰ 28 ਅਗਸਤ ਤੋਂ ਲੈ ਕੇ 14 ਸਤੰਬਰ ਤੱਕ ਕੁੱਲ 18 ਦਿਨ ਵਿਧਾਨ ਸਭਾ ਦੇ ਦਫ਼ਤਰ 'ਚ ਹੀ ਰੱਖਿਆ ਅਤੇ ਕੇਂਦਰ ਸਰਕਾਰ ਨੂੰ ਨਹੀਂ ਭੇਜਿਆ। ਜਿਸ ਦਿਨ 14 ਸਤੰਬਰ 2020 ਨੂੰ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਈ ਸੀ, ਉਸ ਦਿਨ ਹੀ ਇਹ ਮਤਾ ਕੇਂਦਰ ਸਰਕਾਰ ਨੂੰ ਭੇਜਿਆ ਜਾਣਾ ਚਾਹੀਦਾ ਸੀ ਪਰ ਅਜਿਹਾ ਨਹੀਂ ਹੋਇਆ, ਜਿਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਖੇਤੀ ਵਿਰੋਧੀ ਆਰਡੀਨੈਂਸਾਂ ਦੇ ਮੁੱਦੇ ਨੂੰ ਲੈ ਕੇ ਬਿਲਕੁਲ ਵੀ ਗੰਭੀਰ ਨਹੀਂ ਹੈ।
ਐੱਸ. ਏ. ਡੀ. ਦਾ ਮਤਲਬ ਸੁਖਬੀਰ ਅਕਾਲੀ ਦਲ
ਐੱਸ. ਏ. ਡੀ. ਦਾ ਮਤਲਬ ਸੁਖਬੀਰ ਅਕਾਲੀ ਦਲ ਦੱਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਅੱਜ ਜਿਹੜਾ ਬਾਦਲ ਪਰਿਵਾਰ ਖੁਦ ਨੂੰ ਕਿਸਾਨ ਅਤੇ ਪੰਜਾਬ ਹਿਤੈਸ਼ੀ ਸਾਬਤ ਕਰਨ ਲਈ ਸੜਕਾਂ ’ਤੇ ਟਰੈਕਟਰ ਰੈਲੀਆਂ ਕਰ ਕੇ ਇਹ ਕਹਿ ਰਿਹਾ ਹੈ ਕਿ ਅਸੀਂ ਕੈਬਨਿਟ ਮੀਟਿੰਗ 'ਚ ਖੇਤੀ ਆਰਡੀਨੈਂਸ ਬਿੱਲਾਂ ਦਾ ਵਿਰੋਧ ਕੀਤਾ ਸੀ, ਉਸ ਦਾ ਖ਼ੁਲਾਸਾ ਵੀ ਮੀਟਿੰਗ ਦੇ ਮਿਨਟਸ ਜਨਤਕ ਹੋਣ ’ਤੇ ਹੋ ਜਾਵੇਗਾ।
ਭਗਵੰਤ ਮਾਨ ਨੇ ਕਿਹਾ ਕਿ ਜੋ ਬੀਤੇ ਦਿਨ ਤਿੰਨੋਂ ਤਖ਼ਤ ਸਾਹਿਬਾਨਾਂ ਤੋਂ ਰੈਲੀਆਂ ਕੱਢੀਆਂ ਗਈਆਂ, ਇਨ੍ਹਾਂ ਰੈਲੀਆਂ ਨੇ ਜਿਸ ਰਸਤੇ ਤੋਂ ਗੁਜ਼ਰਨਾ ਸੀ, ਉਸ ਰਸਤੇ 'ਚ ਐੱਸ. ਜੀ. ਪੀ. ਸੀ. ਵੱਲੋਂ ਲੰਗਰ ਲਾਏ ਜਾਂਦੇ ਹਨ ਪਰ ਕੀ ਐੱਸ. ਜੀ. ਪੀ. ਸੀ. ਇਹ ਦੱਸੇਗੀ ਕਿ ਉਸ ਨੇ ਕਿਸਾਨਾਂ ਵੱਲੋਂ ਜਿੱਥੇ ਵੀ ਧਰਨੇ ਲਾਏ ਗਏ ਹਨ, ਉੱਥੇ ਕਿੰਨੀ ਵਾਰ ਲੰਗਰ ਲਾਇਆ ਹੈ? ਭਗਵੰਤ ਮਾਨ ਨੇ ਕਿਹਾ ਕਿ ਜਦੋਂ ਵੀ ਬਾਦਲ ਪਰਿਵਾਰ ’ਤੇ ਕਿਸੇ ਤਰ੍ਹਾਂ ਦਾ ਵੀ ਸੰਕਟ ਆਇਆ ਹੈ ਤਾਂ ਉਸ ਨੇ ਧਰਮ ਦਾ ਸਹਾਰਾ ਲੈ ਕੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਹੀ ਕੀਤਾ ਹੈ ਤੇ ਹੁਣ ਵੀ ਉਹੀ ਕਰ ਰਹੀ ਹੈ। ਭਗਵੰਤ ਮਾਨ ਨੇ ਸਮੂਹ ਕਿਸਾਨ ਜੱਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਪਿੰਡਾਂ 'ਚ ਗ੍ਰਾਮ ਸਭਾਵਾਂ ਬੁਲਾ ਕੇ ਇਨ੍ਹਾਂ ਬਿਲਾਂ ਖ਼ਿਲਾਫ਼ ਮਤਾ ਪਾਵਾਉਣ ਤਾਂ ਕਿ ਇਨ੍ਹਾਂ ਬਿੱਲਾਂ ਨੂੰ ਵਾਪਸ ਕਰਵਾਇਆ ਜਾ ਸਕੇ। ਇਸ ਦੇ ਨਾਲ ਹੀ ਮਾਨ ਨੇ ‘ਆਪ’ ਦੇ ਸਮੂਹ ਵਾਲੰਟੀਅਰਾਂ ਅਤੇ ਅਹੁਦੇਦਾਰਾਂ ਨੂੰ ਇਹ ਵੀ ਸੰਦੇਸ਼ ਦਿੱਤਾ ਕਿ ਉਹ ਜਿੱਥੇ ਵੀ ਕਿਸਾਨਾਂ ਦਾ ਕੋਈ ਸੰਘਰਸ਼ ਹੋ ਰਿਹਾ ਹੈ, ਉਸ 'ਚ ਹਿੱਸਾ ਲੈਣ।


author

Babita

Content Editor

Related News