ਕਿਤੇ ਗੁਰਦਾਸਪੁਰ ਦਾ ਨਾਂ ਹੀ ਨਾ ਬਦਲ ਦੇਣ ਮੋਦੀ: ਭਗਵੰਤ ਮਾਨ
Thursday, Jan 03, 2019 - 11:18 AM (IST)
ਗੁਰਦਸਾਪੁਰ/ਸੰਗਰੂਰ— ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਰਦਾਸਪੁਰ ਵਿਖੇ ਰੱਖੀ ਗਈ ਧੰਨਵਾਦ ਰੈਲੀ 'ਚ ਸ਼ਿਰਕਤ ਕਰਨ ਜਾ ਰਹੇ ਹਨ। ਮੋਦੀ ਵੱਲੋਂ ਪੰਜਾਬ 'ਚ ਕੀਤੀ ਜਾ ਰਹੀ ਰੈਲੀ 'ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਤਿੱਖਾ ਤੰਜ ਕੱਸਦੇ ਹੋਏ ਕਿਹਾ ਕਿ ਲੋਕ ਹੁਣ ਮੋਦੀ ਦੇ ਜੁਮਲਿਆਂ 'ਚ ਆਉਣ ਵਾਲੇ ਨਹੀਂ ਹਨ ਅਤੇ ਜਨਤਾ ਨਾਲ ਵਾਅਦਾ ਕਰਕੇ ਮੁਕਰਨਾ ਮੋਦੀ ਲਈ ਕੋਈ ਵੱਡੀ ਗੱਲ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਗੁਰਦਾਸਪੁਰ 'ਚ ਕੀਤੀ ਜਾ ਰਹੀ ਰੈਲੀ ਦੌਰਾਨ ਨਰਿੰਦਰ ਮੋਦੀ ਕਿਤੇ ਗੁਰਦਾਸਪੁਰ ਦਾ ਨਾਂ ਹੀ ਨਾ ਬਦਲ ਦੇਣ। ਉਨ੍ਹਾਂ ਨੇ ਕਿਹਾ ਕਿ ਨਰਿੰਦਰ ਮੋਦੀ ਸਿਰਫ ਮੀਡੀਆ ਤੋਂ ਡਰਦੇ ਹਨ। ਉਹ ਸਿਰਫ ਆਪਣੇ ਸਕ੍ਰਿਪਟਿਡ ਸਵਾਲਾਂ ਦੇ ਹੀ ਜਵਾਬ ਦਿੰਦੇ ਹਨ।
ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਅੱਜ ਪੰਜਾਬ 'ਚ ਵੱਡੀ ਰੈਲੀ ਕਰਨ ਜਾ ਰਹੇ ਹਨ, ਜਿਸ 'ਚ ਅਕਾਲੀ-ਭਾਜਪਾ ਦੀਆਂ ਕਈ ਉੱਘੀਆਂ ਸਖਸ਼ੀਅਤਾਂ ਪਹੁੰਚਣ ਵਾਲੀਆਂ ਹਨ। ਨਰਿੰਦਰ ਮੋਦੀ ਕਰੀਬ 2 ਵਜੇ ਗੁਰਦਾਸਪੁਰ 'ਚ ਪਹੁੰਚਣਗੇ ਅਤੇ ਪੁੱਡਾ ਗਰਾਊਂਡ 'ਚ ਰੱਖੀ ਗਈ ਰੈਲੀ ਨੂੰ ਸੰਬੋਧਨ ਕਰਨਗੇ। ਇਸ ਤੋਂ ਪਹਿਲਾਂ ਉਹ ਜਲੰਧਰ ਵਿਖੇ ਐੱਲ.ਪੀ.ਯੂ. ਯੂਨੀਵਰਸਿਟੀ 'ਚ ਪਹੁੰਚ ਰਹੇ ਹਨ, ਜਿੱਥੇ ਉਹ 106ਵੀਂ ਇੰਡੀਅਨ ਸਾਇੰਸ ਕਾਂਗਰਸ ਦਾ ਉਦਘਾਟਨ ਕਰਨਗੇ।
