ਰਾਜਸੀ ਧੱਕੇਸ਼ਾਹੀ ਦੇ ਬਾਵਜੂਦ ਪਹਿਲੀ ਵਾਰ ਸਥਾਨਕ ਚੋਣਾਂ ਲਈ ''ਆਪ'' ਨੂੰ ਮਿਲਿਆ ਵੱਡਾ ਹੁੰਗਾਰਾ : ਭਗਵੰਤ ਮਾਨ
Tuesday, Feb 23, 2021 - 06:09 PM (IST)
ਮੋਗਾ (ਗੋਪੀ ਰਾਊਕੇ) : ਪੰਜਾਬ ’ਚ ਹੋਈਆਂ ਸਥਾਨਕ ਚੋਣਾਂ ਦੀ ਸਮੀਖਿਆਂ ਕਰਨ ਲਈ ਇੱਥੇ ਰੱਖੀ ਆਮ ਆਦਮੀ ਪਾਰਟੀ ਦੀ ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਪੁੱਜੇ ਸੂਬਾ ਪ੍ਰਧਾਨ ’ਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਰਾਜਸੀ ਧੱਕੇਸ਼ਾਹੀ ਦੇ ਬਾਵਜੂਦ ਪਹਿਲੀ ਵਾਰ ਸਥਾਨਕ ਚੋਣਾਂ ਲੜੀਆਂ ਅਤੇ ਪਾਰਟੀ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ 67 ਉਮੀਦਵਾਰ ਚੋਣਾਂ ਜਿੱਤਣ ਵਿਚ ਸਫ਼ਲ ਹੋਏ ਹਨ। ਉਨ੍ਹਾਂ ਆਖਿਆ ਕਿ ਇਹ ਚੋਣਾਂ ਕੋਈ ਸੈਮੀਫਾਈਨਲ ਨਹੀਂ ਹੁੰਦੀਆਂ, ਕਿਉਂਕਿ ਇਨ੍ਹਾਂ ਚੋਣਾਂ ਵਿਚ ਸੂਬੇ ਦੀ ਹੁਕਮਰਾਨ ਧਿਰ ਧੱਕੇਸ਼ਾਹੀ ਕਰਦੀ ਹੈ ਤੇ ਇਸ ਦੀ ਮਿਸਾਲ ਪਿਛਲੀਆਂ 2015 ਦੀਆਂ ਚੋਣਾਂ ਵਿਚ ਵੀ ਦੇਖਣ ਨੂੰ ਮਿਲੀ ਸੀ, ਜਦੋਂ ਸਥਾਨਕ ਚੋਣਾਂ ਵਿਚ ਹੂੰਝਾਫ਼ੇਰ ਜਿੱਤ ਦਰਜ ਕਰਨ ਵਾਲੇ ਅਕਾਲੀ ਦਲ ਅਤੇ ਭਾਜਪਾ ਗਠਜੋੜ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਭ ਤੋਂ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ ਵਿਚ ਇਨ੍ਹਾਂ ਚੋਣਾਂ ਤੋਂ ਵੱਖਰੇ ਮੁੱਦੇ ਹੋਣਗੇ।
ਉਨ੍ਹਾਂ ਕਿਹਾ ਕਿ ਕਾਂਗਰਸ ਦੀ ਵਾਅਦਾ ਖਿਲਾਫ਼ੀ ਕਾਰਣ ਪੰਜਾਬੀਆਂ ’ਚ ਸਰਕਾਰ ਪ੍ਰਤੀ ਵੱਡਾ ਗੁੱਸਾ ਹੈ, ਜਦਕਿ ਅਕਾਲੀ ਦਲ ਦੇ ਲੀਡਰਾਂ ਪਿੰਡਾਂ ਵਿਚ ਲੋਕ ਰੋਹ ਕਾਰਣ ਦਾਖ਼ਲ ਨਹੀਂ ਹੋਣ ਦੇ ਰਹੇ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਨਾਲ ਜੁੜੇ ਆਗੂ ’ਤੇ ਵਰਕਰ ਉਹ ਜੁਝਾਰੂ ਯੋਧੇ ਹਨ, ਜਿਨ੍ਹਾਂ ਨੇ ਸਰਕਾਰੀ ਧੱਕੇਸ਼ਾਹੀ ਦਾ ਡਟਵਾਂ ਟਾਕਰਾ ਕੀਤਾ ਹੈ। ਉਨ੍ਹਾਂ ਚੋਣਾਂ ਲੜ੍ਹੇ ਆਗੂਆਂ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਮਾਸਟਰ ਬਲਦੇਵ ਸਿੰਘ ਜੈਤੋ, ਪ੍ਰੋ. ਬਲਜਿੰਦਰ ਕੌਰ, ਪ੍ਰਿੰਸੀਪਲ ਬੁੱਧ ਰਾਮ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ (ਸਾਰੇ ਵਿਧਾਇਕ) ਪ੍ਰੋ. ਸਾਧੂ ਸਿੰਘ ਸਾਬਕਾ ਲੋਕ ਸਭਾ ਮੈਂਬਰ, ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ, ਹਲਕਾ ਮੋਗਾ ਦੇ ਇੰਚਾਰਜ ਨਵਦੀਪ ਸੰਘਾ, ਸਾਬਕਾ ਜ਼ਿਲ੍ਹਾ ਪ੍ਰਧਾਨ ਨਸੀਬ ਬਾਵਾ, ਅਮਿਤ ਪੁਰੀ, ਪੀ. ਏ ਸੁੱਖੀ ਰਾਊਕੇ, ਅਜੈ ਸਰਮਾ ਮੋਗਾ, ਸੰਜੀਵ ਕੋਛੜ ਧਰਮਕੋਟ, ਪ੍ਰਧਾਨ ਗੁਰਵਿੰਦਰ ਸਿੰਘ ਡਾਲਾ, ਅਮਨ ਰੱਖੜਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਦੇ ਵਾਲੰਟੀਅਰ ਹਾਜ਼ਰ ਸਨ।