ਕੀ ਭਗਵੰਤ ਮਾਨ ਦੇ ਮੁਕਾਬਲੇ ਕਾਂਗਰਸ ਨੂੰ ਨਹੀਂ ਮਿਲ ਰਿਹਾ ਕੱਦਵਾਰ ਉਮਦੀਵਾਰ?

04/10/2019 11:15:21 AM

ਸ਼ੇਰਪੁਰ (ਸਿੰਗਲਾ)— ਪੰਜਾਬ 'ਚ 19 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਕਾਂਗਰਸ, ਸ਼ੋਮਣੀ ਅਕਾਲੀ ਦਲ ਤੇ ਭਾਜਪਾ, ਆਮ ਆਦਮੀ ਪਾਰਟੀ ਤੋਂ ਇਲਾਵਾ ਹੋਰ ਬਣੇ ਗੱਠਬੰਧਨਾਂ ਵੱਲੋਂ ਉਮੀਦਵਾਰਾਂ ਨੂੰ ਚੋਣ ਅਖਾੜੇ 'ਚ ਉਤਾਰਿਆ ਜਾ ਰਿਹਾ ਹੈ। ਹਲਕਾ ਸੰਗਰੂਰ ਦੀ ਵਕਾਰੀ ਸੀਟ ਲਈ ਕਾਂਗਰਸ ਵੱਲੋਂ ਉਮੀਦਵਾਰ ਦਾ ਫੈਸਲਾ ਨਾ ਕਰ ਸਕਣਾ ਹੁਕਮਰਾਨ ਧਿਰ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਅਕਾਲੀ ਦਲ (ਬ) ਨੇ ਸੁਖਦੇਵ ਸਿੰਘ ਢੀਂਡਸਾ ਦੇ ਵਿਰੋਧ ਦੇ ਬਾਵਜੂਦ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਇਥੋਂ ਚੋਣ ਮੈਦਾਨ 'ਚ ਉਤਾਰਿਆ ਹੈ। ਇਨ੍ਹਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ, ਪੀ. ਡੀ. ਏ. ਦੇ ਜੱਸੀ ਜਸਰਾਜ ਚੋਣ ਮੈਦਾਨ 'ਚ ਉਤਰ ਚੁੱਕੇ ਹਨ। ਆਮ ਆਦਮੀ ਪਾਰਟੀ ਨੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਹੀ ਮੁੜ ਲੋਕਾਂ ਦੀ ਕਚਹਿਰੀ 'ਚ ਭੇਜਿਆ ਹੈ।

ਸ਼੍ਰੀ ਮਾਨ ਨੇ ਸਾਰੀਆਂ ਪਾਰਟੀਆਂ ਦੇ ਮੁਕਾਬਲੇ ਹਲਕੇ 'ਚ ਵੋਟਰਾਂ ਨੂੰ ਮਿਲਣ ਦਾ ਪ੍ਰੋਗਰਾਮ ਵੀ ਮੁਕੰਮਲ ਕਰ ਲਿਆ ਹੈ। ਭਗਵੰਤ ਮਾਨ ਵੋਟਰਾਂ ਕੋਲ ਲੋਕ ਸਭਾ 'ਚ ਉਠਾਏ ਮੁੱਦਿਆਂ ਦੀ ਗੱਲ ਕਰਨ ਦੇ ਨਾਲ-ਨਾਲ 26 ਕਰੋੜ 61 ਲੱਖ ਦੇ ਫੰਡ, ਜੋ ਉਨ੍ਹਾਂ ਨੇ ਲੋਕਾਂ ਨੂੰ ਸਿਹਤ ਸੇਵਾਵਾਂ, ਵਿੱਦਿਅਕ ਅਦਾਰਿਆਂ, ਖੇਡ ਕਲੱਬਾਂ, ਪਾਰਕਾਂ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਵੰਡੇ ਹਨ, ਉਨ੍ਹਾਂ ਦਾ ਰਿਪਰੋਟ ਕਾਰਡ ਵੀ ਲੈ ਕੇ ਵੋਟਰਾਂ ਕੋਲ ਜਾ ਰਹੇ ਹਨ। ਸਾਰੀਆਂ ਪਾਰਟੀਆਂ ਨੇ ਚੋਣ ਪ੍ਰਚਾਰ ਲਈ ਪੂਰੀ ਜ਼ੋਰ ਲਾਇਆ ਹੋਇਆ ਹੈ ਪਰ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਦਾ ਐਲਾਨ ਨਾ ਕਰਨ ਦਾ ਕਾਰਨ ਸ਼ਾਇਦ ਭਗਵੰਤ ਮਾਨ ਦੇ ਮੁਕਾਬਲੇ ਦਾ ਕੱਦਵਾਰ ਉਮੀਦਵਾਰ ਪਾਰਟੀ ਨੂੰ ਨਾ ਮਿਲਣਾ ਹੋ ਸਕਦਾ ਹੈ? ਕੀ ਕਾਂਗਰਸ ਦਾ ਉਮੀਦਵਾਰ ਆਉਣ ਵਾਲੇ ਦਿਨਾਂ 'ਚ ਹਲਕਾ ਸੰਗਰੂਰ ਦੀਆਂ 772 ਪੰਚਾਇਤਾਂ ਨਾਲ ਸਬੰਧਤ ਵੋਟਰਾਂ ਤੱਕ ਆਪਣੀ ਪਹੁੰਚ ਬਣਾ ਸਕੇਗਾ, ਇਹ ਵੀ ਇਕ ਵੱਡਾ ਸਵਾਲ ਹੈ?


Shyna

Content Editor

Related News