ਭਗਵਾਨ ਸਿੰਘ ਚੌਹਾਨ ਨੇ ਬਸਪਾ ਨੂੰ ਕਿਹਾ ਅਲਵਿਦਾ

Sunday, Feb 18, 2018 - 07:04 AM (IST)

ਭਗਵਾਨ ਸਿੰਘ ਚੌਹਾਨ ਨੇ ਬਸਪਾ ਨੂੰ ਕਿਹਾ ਅਲਵਿਦਾ

ਹੁਸ਼ਿਆਰਪੁਰ (ਘੁੰਮਣ) - ਚਾਰ ਸਾਲ ਦੀ ਚੁੱਪੀ ਤੋਂ ਬਾਅਦ ਆਖੀਰ ਅੱਜ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਭਗਵਾਨ ਸਿੰਘ ਚੌਹਾਨ ਨੇ ਬਸਪਾ ਨੂੰ ਛੱਡਣ ਦਾ ਫ਼ੈਸਲਾ ਲੈਂਦਿਆਂ ਬਸਪਾ ਨੂੰ ਅਲਵਿਦਾ ਕਹਿ ਦਿੱਤਾ ਹੈ। ਸ੍ਰੀ ਚੌਹਾਨ ਨੇ ਕਿਹਾ ਕਿ ਉਹ ਬਸਪਾ ਨੂੰ ਹੀ ਛੱਡ ਰਹੇ ਹਨ ਪਰ ਸਾਹਿਬ ਕਾਂਸ਼ੀ ਰਾਮ ਵੱਲੋਂ ਆਰੰਭੇ ਬਹੁਜਨ ਅੰਦੋਲਨ ਨੂੰ ਨਹੀ ਛੱਡ ਰਹੇ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਇਕ ਮਹੀਨਾ ਪੰਜਾਬ ਦੇ ਵੱਖ-ਵੱਖ ਕੋਨਿਆਂ ਵਿਚ ਜਾ ਕੇ ਬਹੁਜਨ ਅੰਦੋਲਨ ਨੂੰ ਪੰਜਾਬ ਵਿਚ ਮੁੜ ਸੁਰਜੀਤ ਕਰਨ ਲਈ ਪੁਰਾਣੇ, ਘਰਾਂ ਵਿਚ ਬੈਠੇ ਮਿਸ਼ਨਰੀ ਆਗੂਆਂ ਅਤੇ ਵਰਕਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਹੀ ਕੋਈ ਅਗਲੀ ਰਣਨੀਤੀ ਬਣਾਉਣਗੇ। ਸ਼੍ਰੀ ਚੌਹਾਨ ਨੇ ਕਿਹਾ ਕਿ ਪੰਜਾਬ ਦੇ ਕੁੱਝ ਸੁਆਰਥੀ ਅਤੇ ਚਲਾਕ ਬੰਦਿਆਂ ਨੇ ਆਪਣੀ ਕੁਰਸੀ ਨਾਲ ਚਿਪਕੇ ਰਹਿਣ ਦੀ ਖ਼ਾਤਰ ਕਈ ਆਗੂਆਂ ਨੂੰ ਪਾਰਟੀ 'ਚੋਂ ਕਢਵਾਇਆ, ਦਬਾਇਆ ਜਾਂ ਘਰ ਬਿਠਾ ਦਿੱਤਾ। ਇਸ ਕਰਕੇ ਬਸਪਾ ਪੰਜਾਬ ਵਿਚ 19 ਪ੍ਰਤੀਸ਼ਤ ਤੋਂ ਇਕ ਪ੍ਰਤੀਸ਼ਤ 'ਤੇ ਡਿੱਗ ਪਈ ਹੈ।
ਸ੍ਰੀ ਚੌਹਾਨ ਜੋ ਕਿ ਲਗਾਤਾਰ 6 ਸਾਲ ਹੁਸ਼ਿਆਰਪੁਰ ਜ਼ਿਲੇ ਦੇ ਪ੍ਰਧਾਨ ਰਹੇ, 4 ਸਾਲ ਸੂਬਾ ਜਨਰਲ ਸਕੱਤਰ ਅਤੇ 7 ਸਾਲ ਰਾਸ਼ਟਰੀ ਕੋਆਰਡੀਨੇਟਰ ਦੇ ਅਹੁਦੇ 'ਤੇ ਰਹਿੰਦਿਆਂ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਵੀ ਰਹੇ। 2007 'ਚ ਸ਼ਾਮਚੁਰਾਸੀ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ ਵੀ ਲੜੀ। ਭਾਵੇਂ ਉਹ ਕੁੱਝ ਵੋਟਾਂ ਦੇ ਫ਼ਰਕ ਨਾਲ ਹਾਰ ਗਏ ਪਰ ਬਸਪਾ ਦੇ ਸਾਰੇ 117 ਉਮੀਦਵਾਰਾਂ 'ਚੋਂ ਸਭ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਸਨ। ਸ੍ਰੀ ਚੌਹਾਨ ਨੂੰ ਜਦੋਂ ਪੁੱਛਿਆ ਕਿ ਉਹ ਬਸਪਾ ਨੂੰ ਕਿਉਂ ਛੱਡ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਬਸਪਾ ਦੇ ਵਰਕਰ ਬਹੁਤ ਮਿਹਨਤੀ ਅਤੇ ਈਮਾਨਦਾਰ ਹਨ ਪਰ ਬਸਪਾ ਹਾਈ ਕਮਾਂਡ ਵੱਲੋਂ ਸਹੀ ਸਮੇਂ ਤੇ ਉਚਿੱਤ ਫ਼ੈਸਲਾ ਨਾ ਲੈਣ ਕਰਕੇ ਅੱਜ ਬਸਪਾ ਦੇਸ਼ ਦੇ ਨਕਸ਼ੇ ਤੋਂ ਲਗਪਗ ਅਲੋਪ ਹੋਣ ਕਿਨਾਰੇ ਖੜ੍ਹੀ ਹੈ।
ਸ੍ਰੀ ਚੌਹਾਨ ਨੇ ਅਤੀਤ ਦਾ ਜ਼ਿਕਰ ਕਰਦਿਆਂ ਕਿਹਾ ਕਿ 1984 ਵਿਚ ਭਾਜਪਾ ਦੇ ਸਿਰਫ਼ ਦੋ ਲੋਕ ਸਭਾ ਮੈਂਬਰ ਸਨ ਅਤੇ 1989 ਵਿਚ ਬਸਪਾ ਦੇ 3 ਲੋਕ ਸਭਾ ਮੈਂਬਰ ਚੁਣੇ ਗਏ ਸਨ। ਤਦ ਬਸਪਾ ਬਾਨੀ ਸਾਹਿਬ ਕਾਂਸ਼ੀ ਰਾਮ ਨੇ ਕਿਹਾ ਸੀ ਕੇ ਭਾਰਤ ਵਿਚ ਸਿਰਫ਼ 2 ਹੀ ਪਾਰਟੀਆਂ ਰਹਿਣਗੀਆਂ ਇਕ ਪਾਸੇ ਭਾਜਪਾ ਤੇ ਦੂਜੇ ਪਾਸੇ ਬਸਪਾ, ਇਕ ਮਨੂੰਵਾਦੀ ਅਤੇ ਦੂਜੀ ਮਾਨਵਤਾਵਾਦੀ। ਪਰ ਪਾਰਟੀ ਦੇ ਗਲਤ ਫ਼ੈਸਲਿਆਂ ਕਰਕੇ ਬਸਪਾ ਪੂਰੇ ਦੇਸ਼ ਵਿਚ ਜ਼ੀਰੋ ਹੋ ਗਈ ਅਤੇ ਭਾਜਪਾ 282 ਲੋਕ ਸਭਾ ਸੰਸਦਾਂ ਨਾਲ ਜਿੱਥੇ ਬਹੁਮਤ ਨਾਲ ਦੇਸ਼ ਦੀ ਸਰਕਾਰ ਚਲਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਦੇਸ਼ ਦੇ ਲਗਪਗ 20 ਪ੍ਰਦੇਸ਼ਾਂ 'ਚ ਵੀ ਸਰਕਾਰ ਚਲਾ ਰਹੀ ਹੈ। 1989 ਤੋਂ ਬਾਅਦ ਪਹਿਲੀ ਵਾਰ 2014 'ਚ ਬਸਪਾ ਦੀ ਲੋਕ ਸਭਾ ਵਿਚ ਹਾਜ਼ਰੀ ਵੀ ਜ਼ੀਰੋ ਹੋ ਗਈ।


Related News