ਪੂਰੇ ਪੰਜਾਬ ’ਚ ਕਿਸਾਨ ਮੋਰਚਿਆਂ ਦੌਰਾਨ ਮਨਾਇਆ ਜਾਵੇਗਾ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ

03/23/2021 1:24:20 PM

ਚੰਡੀਗੜ੍ਹ, (ਰਮਨਜੀਤ)- ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਤ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਭਰ ਵਿਚ 68 ਥਾਵਾਂ ’ਤੇ ਜਾਰੀ ਪੱਕੇ ਧਰਨਿਆਂ ਵਿਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜ਼ਲੀਆਂ ਦਿੱਤੀਆਂ ਜਾਣਗੀਆਂ। ਸੰਯੁਕਤ ਕਿਸਾਨ ਮੋਰਚੇ ਦੇ 26 ਮਾਰਚ ਨੂੰ ‘ਭਾਰਤ ਬੰਦ’ ਦੇ ਸੱਦੇ ਨੂੰ ਸਫਲ ਬਣਾਉਣ ਲਈ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵਲੋਂ ਸਮਾਜਿਕ ਜਥੇਬੰਦੀਆਂ ਨਾਲ ਮੀਟਿੰਗਾਂ ਵੀ ਕੀਤੀਆਂ ਜਾਣਗੀਆਂ।

23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹਾਦਤ ਦਿਵਸ ਮੌਕੇ ਦਿੱਲੀ ਦੇ ਕਿਸਾਨ ਮੋਰਚਿਆਂ ਵਿਚ ਸ਼ਮੂਲੀਅਤ ਕਰਨ ਲਈ ਪੰਜਾਬ ਤੋਂ ਹਜ਼ਾਰਾਂ ਨੌਜਵਾਨ ਦਿੱਲੀ ਲਈ ਰਵਾਨਾ ਹੋ ਗਏ ਹਨ। ਖਟਕੜ ਕਲਾਂ, ਸੁਨਾਮ ਅਤੇ ਸਰਾਭਾ ਦੀ ਧਰਤੀ ਨੂੰ ਸਲਾਮ ਕਰਦਿਆਂ ਨੌਜਵਾਨਾਂ ਨੇ ਦਿੱਲੀ ਲਈ ਚਾਲੇ ਪਾਏ, ਜਿਸ ਦੀਆਂ ਤਿਆਰੀਆਂ ਲਈ ਸੈਂਕੜੇ ਪਿੰਡਾਂ ਵਿਚ ਮੋਟਰਸਾਈਕਲ ਮਾਰਚ ਕਰਦਿਆਂ ਚੇਤਨਾ ਮਾਰਚ ਕੱਢੇ ਗਏ ਹਨ।

ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ 23 ਮਾਰਚ ਦੇ ਸ਼ਹੀਦ ਨੌਜਵਾਨਾਂ ਲਈ ਪ੍ਰੇਰਨਾਸ੍ਰੋਤ ਹਨ। ਕਿਸਾਨ ਅੰਦੋਲਨ ਵਿਚ ਵੱਡੀ ਗਿਣਤੀ ਵਿਚ ਜੁੜੇ ਨੌਜਵਾਨ ਇਤਿਹਾਸਕ ਗੌਰਵਮਈ ਵਿਰਸੇ ਨਾਲ ਜੁੜਨਗੇ। ਸੰਸਾਰ ਵਪਾਰ ਸੰਸਥਾ ਦੀ ਖੁੱਲ੍ਹੀ ਮੰਡੀ ਦੀ ਨੀਤੀ ਤਹਿਤ ਕੇਂਦਰ ਸਰਕਾਰ ਵਲੋਂ ਮੜ੍ਹੇ ਜਾ ਰਹੇ ਇਹ ਕਾਲੇ ਖੇਤੀ ਕਾਨੂੰਨ ਕਿਸਾਨਾਂ ਦੀਆਂ ਜ਼ਮੀਨਾਂ ਦੇਸੀ-ਵਿਦੇਸ਼ੀ ਸਾਮਰਾਜੀ ਕੰਪਨੀਆਂ ਨੂੰ ਸੌਂਪਣ ਦਾ ਰਾਹ ਖੋਲ੍ਹ ਕੇ ਵੱਡੇ-ਵੱਡੇ ਕਾਰਪੋਰੇਟ ਖੇਤੀ ਫਾਰਮ ਬਣਾਉਣ ਅਤੇ ਕਿਸਾਨਾਂ ਦਾ ਸੋਸ਼ਣ ਕਰਨ ਵੱਲ ਸੇਧਿਤ ਹਨ। ਇਸ ਕਰ ਕੇ ਭਵਿੱਖ ਲਈ ਚਿੰਤਤ ਨੌਜਵਾਨ ਪੀੜ੍ਹੀ ਸੰਘਰਸ਼ਾਂ ਵਿਚ ਡਟੇ ਰਹਿਣ ਲਈ ਤਿਆਰ ਹੈ। ਬੁਰਜ ਅਕਲੀਆ, ਰਾਏਕੋਟ, ਭਦੌੜ, ਬਾਸੀਆਂ ਬੇਟ, ਭਾਈਰੂਪਾ, ਪੰਜਗਰਾਈਂ ਕਲਾਂ, ਸਿਵੀਆਂ, ਅਗਵਾੜ, ਲੋਪੋਕੇ ਅਤੇ ਦਬੜੀਖਾਨਾ ਸਮੇਤ ਪੰਜਾਬ ਦੇ ਪਿੰਡਾਂ ਤੋਂ ਵੱਡੀ ਗਿਣਤੀ ’ਚ ਨੌਜਵਾਨ ਦਿੱਲੀ ਲਈ ਰਵਾਨਾ ਹੋਏ।


Bharat Thapa

Content Editor

Related News