ਸ਼ਹੀਦੀ ਦਿਹਾੜਾ : ''ਮੇਰਾ ਰੰਗ ਦੇ ਬਸੰਤੀ ਚੋਲਾ'' ਅਤੇ ''ਇਨਕਲਾਬ ਜ਼ਿੰਦਾਬਾਦ'' ਦੇ ਨਾਅਰਿਆਂ ਨਾਲ ਗੂੰਜੀ ਫਿਜ਼ਾ
Saturday, Mar 24, 2018 - 02:23 AM (IST)

ਬਠਿੰਡਾ(ਸੁਖਵਿੰਦਰ)- ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਦੇ ਮੌਕੇ ਵੱਖ-ਵੱਖ ਥਾਵਾਂ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ, ਜਿਸ ਨਾਲ ਪੂਰਾ ਦਿਨ ਮਹਾਨਗਰ ਦੀ ਫਿਜ਼ਾ 'ਮੇਰਾ ਰੰਗ ਦੇ ਬਸੰਤੀ ਚੋਲਾ' ਅਤੇ 'ਇਨਕਲਾਬ ਜ਼ਿੰਦਾਬਾਦ' ਦੇ ਨਾਅਰਿਆਂ ਨਾਲ ਗੂੰਜਦੀ ਰਹੀ। ਇਸ ਮੌਕੇ ਦਲਜੀਤ ਕੁਮਾਰ, ਨਵੀਨ ਗੋਰਾ, ਲਾਲਾ ਹਰੀਰਾਮ ਸਮਾਜ ਸੇਵਕ, ਕੇਵਲ ਬਾਂਸਲ, ਇੰਸਪੈਕਟਰ ਭਰਪੂਰ ਸਿੰਘ, ਪਾਰਸ ਸਿੰਘ ਪੰਵਾਰ, ਮਾਰਸ਼ਲ ਕਾਕਾ ਆਦਿ ਹਾਜ਼ਰ ਸਨ। ਨਸ਼ੇ ਦੇ ਮੱਕੜ ਜਾਲ 'ਚ ਫਸੇ ਨੌਜਵਾਨਾਂ ਨੂੰ ਨਸ਼ੇ ਤੋਂ ਨਿਜਾਤ ਦਿਵਾਉਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਅਤੇ ਸਾਫ਼-ਸੁਥਰੀ ਜ਼ਿੰਦਗੀ ਜੀਊਣ ਲਈ ਪ੍ਰੇਰਿਤ ਕਰਵਾਉਣ ਦੇ ਮੰਤਵ ਨਾਲ ਨਿਯੁਕਤ ਕੀਤੇ ਗਏ ਨਸ਼ਾ ਛੁਡਾਊ ਅਫ਼ਸਰਾਂ (ਡਰੱਗ ਅਬਿਊਜ਼ ਪ੍ਰੀਵੈਨਸ਼ਨ ਅਫਸਰ) ਸਬੰਧੀ ਅੱਜ ਜ਼ਿਲਾ ਪੱਧਰੀ ਸੰਹੁ ਚੁੱਕ ਸਮਾਗਮ ਸਥਾਨਕ ਮਹਿਕ ਹੋਟਲ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਤੋਂ ਸਿੱਧੇ ਪ੍ਰਸਾਰਣ ਰਾਹੀਂ ਪੰਜਾਬ ਦੇ ਸਮੂਹ ਨਸ਼ਾ ਛੁਡਾਊ ਅਫਸਰਾਂ ਨੂੰ ਇਕੋ ਸਮੇਂ ਨਸ਼ੇ 'ਚ ਫਸੇ ਲੋਕਾਂ ਦਾ ਨਸ਼ਾ ਛੁਡਾਉਣ ਅਤੇ ਉਨ੍ਹਾਂ ਨੂੰ ਇਲਾਜ ਕਰਵਾਉਣ ਲਈ ਪ੍ਰੇਰਣਾ ਦੇਣ ਸਬੰਧੀ ਸਹੁੰ ਚੁਕਾਈ ਗਈ। ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ. ਸੀ. ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਇਨ੍ਹਾਂ ਤੋਂ ਪ੍ਰੇਰਿਤ ਹੋ ਕੇ ਨਸ਼ਾ ਛੱਡਦਾ ਹੈ ਤਾਂ ਉਸ ਦੇ ਪੂਰੇ ਹੀ ਪਰਿਵਾਰ ਨੂੰ ਨਵੀਂ ਜ਼ਿੰਦਗੀ ਮਿਲ ਜਾਂਦੀ ਹੈ ਇਸ ਤੋਂ ਇਲਾਵਾ ਸਥਾਨਕ ਬੀ. ਐੱਮ. ਡੀ. ਹਾਈ ਸਕੂਲ ਵਿਖੇ ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਇਸੇ ਤਰ੍ਹਾਂ ਰੋਟਰੀ ਕਲੱਬ ਮਾਨਸਾ ਗਰੇਟਰ ਵੱਲੋਂ ਅੱਜ ਸ਼ੇਰਜੰਗ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਸ਼ਹੀਦੀ ਦਿਹਾੜਾ ਮਨਾਇਆ ਗਿਆ।
ਇਸ ਮੌਕੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਮੁੱਖ ਮਹਿਮਾਨ ਦੇ ਤੌਰ 'ਤੇ ਹਾਜ਼ਰ ਹੋਏ। ਇਸ ਮੌਕੇ ਕਲੱਬ ਮੈਂਬਰ ਇੰਜ. ਰਜਿੰਦਰ ਗਰਗ, ਵਿਨੋਦ ਗੋਇਲ, ਸਵੀ ਸਿੰਗਲਾ, ਰਜੇਸ਼ ਸਿੰਗਲਾ, ਸੰਜੇ ਸਿੰਗਲਾ, ਜਗਦੀਸ਼ ਜੋਗਾ, ਰਾਜੇਸ਼ ਗਰਗ, ਡਾ. ਰਣਜੀਤ ਸਿੰਘ ਰਾਣਾ, ਡਾ. ਕਵਲਜੀਤ ਸਿੰਘ ਹਾਜ਼ਰ ਸਨ। ਉਧਰ ਸਰ ਜੈਫ਼ਰੀ ਇੰਸਟੀਚਿਊਟ ਰੇਲਵੇ ਰੋਡ ਵਿਖੇ ਬੱਚਿਆਂ ਦਾ ਕੁਇੱਜ਼ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਦੇ ਜੀਵਨ ਅਤੇ ਉਨ੍ਹਾਂ ਦੀ ਸ਼ਹਾਦਤ ਬਾਰੇ ਪ੍ਰਸ਼ਨ ਪੁੱਛੇ ਗਏ ਤਾਂ ਜੋ ਬੱਚਿਆਂ ਵਿਚ ਦੇਸ਼ ਭਗਤੀ ਦੀ ਭਾਵਨਾ ਨੂੰ ਜਾਗ੍ਰਿਤ ਕੀਤਾ ਜਾ ਸਕੇ। ਇਸ ਤੋਂ ਇਲਾਵਾ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਸ਼ਹੀਦ ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਸ਼ਹੀਦ ਭਗਤ ਸਿੰਘ ਆਟੋ ਯੂਨੀਅਨ ਮਾਨਸਾ ਵੱਲੋਂ ਬੱਸ ਸਟੈਂਡ ਵਿਖੇ ਇਕ ਇਨਕਲਾਬੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ।