ਸਕੂਟਰ ਮਕੈਨਿਕ ਨੂੰ ਦਿੱਤਾ ਜਾਵੇਗਾ ਇਸ ਵਾਰ ਭਗਤ ਪੂਰਨ ਸਿੰਘ ਐਵਾਰਡ

09/08/2017 7:10:10 AM

ਫਰੀਦਕੋਟ  (ਹਾਲੀ, ਜੱਸੀ) - 12ਵੀਂ ਸਦੀ ਦੇ ਪ੍ਰਮੁੱਖ ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਜੀ ਦੀ ਯਾਦ ਵਿਚ ਲੱਗਣ ਵਾਲੇ ਕੌਮੀ ਪੱਧਰ ਦੇ ਵਿਰਾਸਤੀ ਮੇਲੇ 'ਤੇ ਇਸ ਸਾਲ ਦਾ ਈਮਾਨਦਾਰੀ ਐਵਾਰਡ ਬਾਬਾ ਫ਼ਰੀਦ ਐਵਾਰਡ ਫਾਰ ਓਨੈਸਟੀ ਨਵਜੋਤ ਸਿੰਘ ਸਿੱਧੂ, ਲੋਕਲ ਬਾਡੀ ਮੰਤਰੀ ਨੂੰ ਅਤੇ ਭਗਤ ਪੂਰਨ ਸਿੰਘ ਐਵਾਰਡ ਫਾਰ ਸਰਵਿਸ ਟੂ ਹਿਊਮੈਨਟੀ ਪਰਮਜੀਤ ਸਿੰਘ ਪੰਮੀ, ਸਕੂਟਰ ਮਕੈਨਿਕ, ਨਾਭਾ ਨੂੰ ਦਿੱਤਾ ਜਾਵੇਗਾ। ਇਹ ਜਾਣਕਾਰੀ ਗੁਰਦੁਆਰਾ ਗੋਦੜੀ ਟਿੱਲਾ ਬਾਬਾ ਫ਼ਰੀਦ ਸੁਸਾਇਟੀ ਦੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਖਾਲਸਾ ਨੇ ਦਿੱਤੀ।
ਇਸ ਸਬੰਧੀ ਸ. ਖਾਲਸਾ ਨੇ ਦੱਸਿਆ ਕਿ ਸੁਸਾਇਟੀ ਮੈਂਬਰਾਂ ਨੇ ਮਹੱਤਵਪੂਰਨ ਮਤੇ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ 2017 ਦੇ ਸਬੰਧ ਵਿਚ ਪਾਸ ਕੀਤੇ ਗਏ। ਉਨ੍ਹਾਂ ਦੱਸਿਆ ਕਿ ਬਾਬਾ ਫ਼ਰੀਦ ਐਵਾਰਡ ਫਾਰ ਓਨੈਸਟੀ ਅਤੇ ਭਗਤ ਪੂਰਨ ਸਿੰਘ ਐਵਾਰਡ ਫਾਰ ਸਰਵਿਸ ਟੂ ਹਿਊਮੈਨਟੀ ਲਈ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ ਸਨ। ਬਾਬਾ ਫ਼ਰੀਦ ਐਵਾਰਡ ਫਾਰ ਓਨੈਸਟੀ ਲਈ ਕੁਲ 13 ਨਾਮਜ਼ਦਗੀਆਂ ਆਈਆਂ ਅਤੇ ਭਗਤ ਪੂਰਨ ਸਿੰਘ ਐਵਾਰਡ ਫਾਰ ਸਰਵਿਸ ਟੂ ਹਿਊਮੈਨਟੀ ਲਈ ਕੁਲ 31 ਨਾਮਜ਼ਦਗੀਆਂ ਆਈਆਂ। ਬਾਬਾ ਫਰੀਦ ਆਗਮਨ ਪੁਰਬ 19 ਤੋਂ 23 ਸਤੰਬਰ ਤੱਕ ਮਨਾਇਆ ਜਾਵੇਗਾ, ਜਦਕਿ ਸੁਸਾਇਟੀ ਵੱਲੋਂ ਆਪਣੇ ਸਮਾਗਮ 21 ਤੋਂ 23 ਸਤੰਬਰ ਤੱਕ ਕੀਤੇ ਜਾਣਗੇ। ਮੇਲੇ ਦਾ ਮੁੱਖ ਧਾਰਮਿਕ ਸਮਾਗਮ 23 ਸਤੰਬਰ ਨੂੰ 9 ਵਜੇ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਸਾਹਿਬ ਤੋਂ ਆਰੰਭ ਹੋਵੇਗਾ।
ਐਵਾਰਡਾਂ ਲਈ ਆਈਆਂ ਅਰਜ਼ੀਆਂ ਸਬੰਧੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਮੇਟੀਆਂ ਦੀਆਂ ਰਿਪੋਰਟਾਂ ਵਾਚਨ ਤੋਂ ਬਾਅਦ ਅਤੇ ਬਹੁਤ ਡੂੰਘੀਆਂ ਵਿਚਾਰਾਂ ਕਰ ਕੇ ਫ਼ੈਸਲਾ ਕੀਤਾ ਗਿਆ ਕਿ ਇਸ ਸਾਲ ਦਾ ਈਮਾਨਦਾਰੀ ਦਾ ਮਹੱਤਵਪੂਰਨ ਐਵਾਰਡ ਬਾਬਾ ਫ਼ਰੀਦ ਐਵਾਰਡ ਫਾਰ ਓਨੈਸਟੀ ਨਵਜੋਤ ਸਿੰਘ ਸਿੱਧੂ, ਲੋਕਲ ਬਾਡੀ ਮੰਤਰੀ ਨੂੰ ਇਸ ਸਾਲ ਦੇ ਸਰਵ-ਉੱਤਮ ਈਮਾਨਦਾਰ ਇਨਸਾਨ ਹੋਣ ਦੇ ਨਾਤੇ, ਮਹੰਤ ਕਾਹਨ ਸਿੰਘ ਮੁਖੀ ਸੰਪਰਦਾਇ ਵੱਲੋਂ ਦਿੱਤਾ ਜਾਵੇਗਾ।
ਭਗਤ ਪੂਰਨ ਸਿੰਘ ਐਵਾਰਡ ਫਾਰ ਸਰਵਿਸ ਟੂ ਹਿਊਮੈਨਟੀ ਪਰਮਜੀਤ ਸਿੰਘ ਪੰਮੀ, ਸਕੂਟਰ ਮਕੈਨਿਕ, ਨਾਭਾ ਜੋ 15-20 ਸਾਲਾਂ ਤੋਂ ਐਕਸੀਡੈਂਟ ਕੇਸਾਂ ਵਿਚ ਤਕਰੀਬਨ 400 ਮਨੁੱਖਾਂ ਦੀ ਜਾਨ ਬਚਾ ਚੁੱਕੇ ਹਨ, ਨੂੰ ਡਾ. ਇੰਦਰਜੀਤ ਕੌਰ, ਮੁਖੀ ਪਿੰਗਲਵਾੜਾ, ਅੰਮ੍ਰਿਤਸਰ ਵੱਲੋਂ ਪ੍ਰਦਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਐਵਾਰਡੀਆਂ ਨੂੰ ਸਿਰੋਪਾਓ, ਦੁਸ਼ਾਲਾ ਅਤੇ 1 ਲੱਖ ਦੀ ਨਕਦ ਰਾਸ਼ੀ ਭੇਟ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਵਾਰ ਨਾਮਜ਼ਦਗੀਆਂ ਪੰਜਾਬ ਦੇ ਕੋਨੇ-ਕੋਨੇ ਤੋਂ ਬਹੁਤ ਹੀ ਨਾਮਵਰ ਸ਼ਖ਼ਸੀਅਤਾਂ ਅਤੇ ਬਿਹਤਰੀਨ ਸੰਸਥਾਵਾਂ ਦੀਆਂ ਆਈਆਂ ਹਨ।


Related News