ਦਿੱਲੀ ਦੇ ਸਿੱਖ ਗੋਲਕ ਦੇ ਡਾਕੂਆਂ ਤੋਂ ਸੁਚੇਤ ਰਹਿਣ : ਕੋਛੜ

Thursday, Aug 12, 2021 - 09:01 PM (IST)

ਦਿੱਲੀ ਦੇ ਸਿੱਖ ਗੋਲਕ ਦੇ ਡਾਕੂਆਂ ਤੋਂ ਸੁਚੇਤ ਰਹਿਣ : ਕੋਛੜ

ਜਲੰਧਰ/ਨਵੀਂ ਦਿੱਲੀ(ਚਾਵਲਾ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸਖਤ ਟੱਕਰ ਦੇ ਰਹੇ ਪੰਥਕ ਸੇਵਾ ਦਲ ਦੇ ਜਨਰਲ ਸਕੱਤਰ ਤੇ ਦਿੱਲੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਕਰਤਾਰ ਸਿੰਘ ਕੋਛੜ ਨੇ ਦਿੱਲੀ ਦੇ ਸਿੱਖ ਭਾਈਚਾਰੇ ਤੇ ਵੋਟਰਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਸਿਰਫ ਉਨ੍ਹਾਂ ਉਮੀਦਵਾਰਾਂ ਦੇ ਹੱਕ ਵਿੱਚ ਹੀ ਕਰਨ, ਜਿਹੜੇ ਗੁਰੂ ਦੀ ਗੋਲਕ ਦੀ ਰਾਖੀ ਪਹਿਰੇਦਾਰ ਬਣ ਕੇ ਕਰਨ ਦੀ ਸਮਰੱਥਾ ਰੱਖਦੇ ਹੋਣ, ਕਿਉਂਕਿ ਗੁਰੂ ਦੀ ਗੋਲਕ ਨੂੰ ਲੁੱਟਣ ਵਾਲੇ ਵੀ ਬਹੁਰੂਪੀਏ ਬਣ ਕੇ ਚੋਣ ਮੈਦਾਨ ਵਿੱਚ ਹਨ।

ਇਹ ਵੀ ਪੜ੍ਹੋ : ਤਲਵੰਡੀ ਸਾਬੋ ਦੇ ਸਰਕਾਰੀ ਸਕੂਲ ਦਾ ਵਿਦਿਆਰਥੀ ਆਇਆ ਕੋਰੋਨਾ ਪਾਜ਼ੇਟਿਵ, ਕੀਤਾ ਇਕਾਂਤਵਾਸ

ਜਾਰੀ ਇਕ ਬਿਆਨ ਰਾਹੀ ਕਰਤਾਰ ਸਿੰਘ ਕੋਛੜ ਨੇ ਕਿਹਾ ਕਿ ਚੋਣ ਲੜਨ ਵਾਲਿਆਂ ਵਿੱਚ ਉਹ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਨੇ ਗੁਰੂ ਘਰ ਦੀ ਗੋਲਕ ਨੂੰ ਸਬਜ਼ੀ ਘਪਲੇ ਕਰਕੇ ਲੁੱਟਿਆ, ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਨੇ ਕੈਨੇਡਾ ਤੋ ਆਈ ਲੱਖਾਂ ਦੀ ਦਾਨ ਦੀ ਰਕਮ ਸਿੱਧੀ ਆਪਣੀ ਜੇਬ ਵਿੱਚ ਪਾਈ ਤੇ ਅੱਜ ਅਦਾਲਤਾਂ ਦੇ ਚੱਕਰ ਕੱਟ ਰਹੇ ਹਨ ਅਤੇ ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਨੇ ਗੁਰੂ ਦੀ ਗੋਲਕ ਨੂੰ ਤੰਬੂ ਖਰੀਦਣ ਦਾ ਬਹਾਨਾ ਕਰਕੇ ਲੁੱਟਿਆ।

ਉਨ੍ਹਾਂ ਦੋਸ਼ ਲਾਇਆ ਕਿ ਪੰਥ ਦੋਖੀ ਅਮਿਤਾਬ ਬੱਚਨ ਤੋ 12 ਕਰੋੜ ਲੈ ਕੇ ਡਕਾਰ ਤਕ ਵੀ ਨਹੀਂ ਮਾਰੇ। ਅਜਿਹੀ ਲੁੱਟ ਕਰਨ ਵਾਲਿਆਂ ਖ਼ਿਲਾਫ਼ ਪੁਲਸ ਕੇਸ ਵੀ ਬਣੇ ਤੇ ਅੱਜਕੱਲ ਇਹ ਲੋਕ ਅਦਾਲਤਾਂ ਦੇ ਚੱਕਰ ਕੱਟ ਰਹੇ ਹਨ ਤੇ ਪੁਲਸ ਇਨ੍ਹਾਂ ਦੀ ਭਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਲੁੱਟਣ ਵਾਲਾ ਦਿੱਲੀ ਦੇ ਸਿੱਖਾਂ ਨੂੰ ਜਾਗਦੇ ਰਹੋ ਦਾ ਹੋਕਾ ਦੇ ਕੇ ਸਿੱਖ ਵੋਟਰਾਂ ਨੂੰ ਗੁੰਮਰਾਹ ਕਰ ਰਿਹਾ ਹੈ, ਜਦਕਿ ਦੂਜਾ ਆਪਣੇ ਆਪ ਨੂੰ ਲੋਕ ਸੇਵਾਦਾਰ ਦੱਸ ਕੇ ਕੋਰੋਨਾ ਪੀੜਤ ਮਰੀਜਾਂ ਦਾ ਮਸੀਹਾ ਹੋਣ ਦਾ ਪਾਖੰਡ ਕਰਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ : ਮੱਥਾ ਟੇਕਣ ਆਏ ਨੌਜਵਾਨ ਸ਼ਰਧਾਲੂ ਦੀ ਸਰੋਵਰ ’ਚ ਡੁੱਬਣ ਨਾਲ ਮੌਤ

ਉਨ੍ਹਾਂ ਕਿਹਾ ਕਿ ਇਸ ਵੇਲੇ ਮਨਜੀਤ ਸਿੰਘ ਜੀ ਕੇ ‘ਜਾਗੋ’ ਪਾਰਟੀ ਬਣਾ ਕੇ ਸਿੱਖ ਸੰਗਤਾਂ ਨੂੰ ਜਾਗਦੇ ਰਹੋ ਦਾ ਹੋਕਾ ਦੇ ਰਿਹਾ ਹੈ ਤੇ ਮਨਜਿੰਦਰ ਸਿੰਘ ਸਿਰਸਾ ਕੋਰੋਨਾ ਦੀ ਜੰਗ ਦੇ ਸਿਪਾਹੀ ਦਾ ਮੁਖੌਟਾ ਪਾ ਕੇ ਗੁੰਮਰਾਹ ਕਰ ਰਿਹਾ ਹੈ। ਦੋਵੇਂ ਹੀ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਅਦਾਲਤਾਂ ਦੇ ਚੱਕਰ ਕੱਟ ਰਹੇ ਹਨ ਤੇ ਆਪਣੇ ਆਪ ਨੂੰ ਦੁੱਧ ਧੋਤਾ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।


author

Bharat Thapa

Content Editor

Related News