ਆਂਗਣਵਾੜੀ ਮੁਲਾਜ਼ਮ 11 ਤੋਂ ਕਰਨਗੇ ਕਾਂਗਰਸੀ ਮੰਤਰੀਆਂ ਦੇ ਘਰਾਂ ਦਾ ਘਿਰਾਓ

Saturday, Nov 04, 2017 - 10:33 AM (IST)

ਆਂਗਣਵਾੜੀ ਮੁਲਾਜ਼ਮ 11 ਤੋਂ ਕਰਨਗੇ ਕਾਂਗਰਸੀ ਮੰਤਰੀਆਂ ਦੇ ਘਰਾਂ ਦਾ ਘਿਰਾਓ


ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ, ਪਵਨ) - ਸੂਬੇ ਭਰ ਦੀਆਂ ਲਗਭਗ 54 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਪ੍ਰੀ ਨਰਸਰੀ ਕਲਾਸਾਂ ਆਂਗਣਵਾੜੀ ਸੈਂਟਰਾਂ ਵਿਚ ਸ਼ੁਰੂ ਕਰਨ ਤੇ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਸਰਕਾਰ ਦੇ ਖਿਲਾਫ਼ ਸੰਘਰਸ਼ ਤਿੱਖਾ ਕੀਤਾ ਹੋਇਆ ਹੈ ਤੇ ਜਥੇਬੰਦੀ ਵੱਲੋਂ ਹੁਣ ਅਗਲਾ ਪ੍ਰੋਗਰਾਮ ਪੰਜਾਬ ਦੇ ਸਾਰੇ ਕੈਬਨਿਟ ਮੰਤਰੀਆਂ ਦੇ ਘਰਾਂ ਨੂੰ ਘੇਰਨ ਦਾ ਬਣਾ ਦਿੱਤਾ ਗਿਆ ਹੈ। ਉਪਰੋਕਤ ਜਾਣਕਾਰੀ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦਿੱਤੀ। 
ਉਨ੍ਹਾਂ ਦੱਸਿਆ ਕਿ 11 ਤੋਂ 15 ਨਵੰਬਰ ਤੱਕ ਲਗਾਤਾਰ 5 ਦਿਨ ਮੰਤਰੀਆਂ, ਵਿਧਾਨ ਸਭਾ ਦੇ ਸਪੀਕਰ, ਡਿਪਟੀ ਸਪੀਕਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਵਰਕਰਾਂ ਤੇ ਹੈਲਪਰਾਂ ਮੰਤਰੀਆਂ ਦੇ ਘਰਾਂ ਅੱਗੇ ਪੰਜੇ ਦਿਨ ਹੀ ਜਾਣਗੀਆਂ ਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 1975 ਤੋਂ ਲੈ ਕੇ ਵਰਕਰਾਂ ਬੱਚਿਆਂ ਨੂੰ ਪ੍ਰੀ ਸਕੂਲ ਸਿੱਖਿਆ ਦੇ ਰਹੀਆਂ ਹਨ ਤੇ ਜੇਕਰ ਹੁਣ ਉਨ੍ਹਾਂ ਪ੍ਰੀ ਨਰਸਰੀ ਕਲਾਸਾਂ ਸੈਂਟਰਾਂ ਵਿਚ ਸ਼ੁਰੂ ਕਰਨ ਦੀ ਮੰਗ ਕੀਤੀ ਤਾਂ ਸਰਕਾਰ ਨੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਇਹ ਕਲਾਸਾਂ ਸ਼ੁਰੂ ਕਰਨ ਦਾ ਫਰਮਾਨ ਸੁਣਾ ਦਿੱਤਾ। 
ਸੂਬਾ ਪ੍ਰਧਾਨ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਆਪਣਾ ਹੱਕ ਲੈਣ ਲਈ ਜੇਲਾਂ, ਥਾਣਿਆਂ ਤੱਕ ਵੀ ਜਾਣ ਨੂੰ ਤਿਆਰ ਹਨ ਪਰ ਆਪਣੀ ਮੰਗ ਤੋਂ ਪਿੱਛੇ ਨਹੀਂ ਹੱਟਣਗੀਆਂ ਤੇ ਕਿਸੇ ਕੋਲੋਂ ਨਹੀਂ ਡਰਨਗੀਆਂ। ਇਸ ਮੌਕੇ ਯੂਨੀਅਨ ਦੀ ਸੂਬਾ ਦਫ਼ਤਰ ਸਕੱਤਰ ਸ਼ਿੰਦਰਪਾਲ ਕੌਰ ਥਾਂਦੇਵਾਲਾ ਮੌਜੂਦ ਸੀ। 


Related News