ਫਰਜ਼ੀ ਡਾਕਟਰ ਬਣ ਰਹੇ ਨੇ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ''ਚ ਅੜਿੱਕਾ

Thursday, Aug 03, 2017 - 06:02 AM (IST)

ਫਰਜ਼ੀ ਡਾਕਟਰ ਬਣ ਰਹੇ ਨੇ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ''ਚ ਅੜਿੱਕਾ

ਨਵਾਂਸ਼ਹਿਰ, (ਮਨੋਰੰਜਨ)- ਪੰਜਾਬ ਸਰਕਾਰ ਵੱਲੋਂ ਸੂਬੇ 'ਚ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ 'ਚ ਫਰਜ਼ੀ ਡਾਕਟਰ ਅੜਿੱਕਾ ਬਣ ਰਹੇ ਹਨ ਕਿਉਂਕਿ ਉਹ ਬਿਨਾਂ ਡਿਗਰੀ ਫਰਜ਼ੀ ਕਲੀਨਿਕ ਚਲਾ ਕੇ ਪਾਬੰਦੀਸ਼ੁਦਾ ਦਵਾਈਆਂ ਬਿਨਾਂ ਖੌਫ ਵੇਚ ਰਹੇ ਹਨ। ਬਿਨਾਂ ਡਿਗਰੀ ਤੇ ਰਜਿਸਟ੍ਰੇਸ਼ਨ ਸ਼ਹਿਰਾਂ ਤੇ ਪਿੰਡਾਂ 'ਚ ਪ੍ਰੈਕਟਿਸ ਦੀ ਆੜ 'ਚ ਉਕਤ ਲੋਕ ਇਸ ਧੰਦੇ ਨੂੰ ਇੰਨੀ ਸਫਾਈ ਨਾਲ ਅੰਜਾਮ ਦੇ ਰਹੇ ਹਨ ਕਿ ਉਨ੍ਹਾਂ 'ਤੇ ਲੰਬੇ ਸਮੇਂ ਤੱਕ ਪੁਲਸ ਤੇ ਸਿਹਤ ਵਿਭਾਗ ਦੀ ਨਜ਼ਰ ਨਹੀਂ ਪੈਂਦੀ। ਜ਼ਿਕਰਯੋਗ ਹੈ ਕਿ ਸੂਬੇ ਦੀ ਕੈਪਟਨ ਸਰਕਾਰ ਨੇ ਸੱਤਾ 'ਚ ਆਉਂਦਿਆਂ ਹੀ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦਾ ਐਲਾਨ ਕੀਤਾ ਸੀ। ਨਸ਼ੇ 'ਤੇ ਲਗਾਮ ਲਾਉਣ ਲਈ ਪੰਜਾਬ ਸਰਕਾਰ ਵੱਲੋਂ ਆਈ.ਪੀ.ਐੱਸ. ਹਰਪ੍ਰੀਤ ਸਿੰਘ ਸੰਧੂ ਦੀ ਅਗਵਾਈ 'ਚ ਇਕ ਐੱਸ.ਟੀ.ਐੱਫ. ਦਾ ਵੀ ਗਠਨ ਕੀਤਾ ਗਿਆ। ਉਨ੍ਹਾਂ ਦੀ ਅਗਵਾਈ 'ਚ ਪੁਲਸ ਵੱਲੋਂ ਸੂਬੇ ਦੇ ਸਾਰੇ ਜ਼ਿਲਿਆਂ 'ਚ ਡਰੱਗ ਵਿਰੋਧੀ ਮੁਹਿੰਮ ਚਲਾਈ ਗਈ ਹੈ ਪਰ ਇਸ ਮੁਹਿੰਮ ਦਾ ਅਜੇ ਤੱਕ ਸੂਬੇ 'ਚ ਕੋਈ ਵਿਸ਼ੇਸ਼ ਨਤੀਜਾ ਸਾਹਮਣੇ ਨਹੀਂ ਆਇਆ, ਜਿਸ ਦਾ ਇਕ ਵੱਡਾ ਕਾਰਨ ਪੁਲਸ ਤੇ ਸਿਹਤ ਵਿਭਾਗ ਦੀ ਸੁਸਤੀ ਕਾਰਨ ਬੇਖੌਫ ਹੋ ਕੇ ਵੱਡੀ ਗਿਣਤੀ 'ਚ ਫਰਜ਼ੀ ਕਲੀਨਿਕ ਚਲਾਉਣ ਵਾਲੇ ਹਨ। ਇਨ੍ਹਾਂ ਫਰਜ਼ੀ ਕਲੀਨਿਕਾਂ ਤੋਂ ਨਸ਼ੇੜੀ ਨੌਜਵਾਨਾਂ ਨੂੰ ਆਸਾਨੀ ਨਾਲ ਪਾਬੰਦੀਸ਼ੁਦਾ ਦਵਾਈਆਂ ਮਿਲ ਰਹੀਆਂ ਹਨ। ਜ਼ਿਆਦਾਤਰ ਫਰਜ਼ੀ ਕਲੀਨਿਕ ਜ਼ਿਲੇ ਦੇ ਦੂਰ-ਦੁਰਾਡੇ ਦੇ ਪਿੰਡਾਂ ਤੇ ਪੱਛੜੀਆਂ ਬਸਤੀਆਂ 'ਚ ਸਰਗਰਮ ਹਨ, ਜਿਥੇ ਗਰੀਬ ਘਰਾਂ ਨਾਲ ਸਬੰਧਤ ਨਸ਼ੇੜੀ ਨੌਜਵਾਨਾਂ ਨੂੰ ਆਪਣੇ ਗਾਹਕ ਬਣਾ ਰਹੇ ਹਨ।


Related News