ਵੱਡੀ ਖ਼ਬਰ : ਬਹਿਬਲ ਗੋਲੀ ਕਾਂਡ ਮਾਮਲੇ ''ਚ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਮੁਲਜ਼ਮ ਵਜੋਂ ਨਾਮਜ਼ਦ
Tuesday, Sep 29, 2020 - 12:31 PM (IST)
.ਫਰੀਦਕੋਟ (ਜਗਦੀਸ਼, ਰਾਜਨ) : ਮੁਲਤਾਨੀ ਮਾਮਲੇ ਵਿਚ ਘਿਰੇ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਦੀ ਮੁਸ਼ਕਲਾਂ ਵਿਚ ਹੋਰ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਬਹਿਬਲ ਕਲਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਨੇ ਤਤਕਾਲੀਨ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਅਤੇ ਮੁਅੱਤਲ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਦਰਅਸਲ 14 ਅਕਤੂਬਰ 2015 ਨੂੰ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉੱਪਰ ਬਹਿਬਲ ਕਲਾਂ ਵਿਖੇ ਢਾਹੇ ਗਏ ਪੁਲਸੀਆ ਕਹਿਰ ਸਬੰਧੀ ਭਾਵੇਂ ਥਾਣਾ ਬਾਜਾਖਾਨਾ ਦੀ ਪੁਲਸ ਨੇ ਧਰਨਾਕਾਰੀਆਂ ਖ਼ਿਲਾਫ਼ ਹੀ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਸੀ ਪਰ ਤਤਕਾਲੀਨ ਬਾਦਲ ਸਰਕਾਰ ਵਲੋਂ ਗਠਿਤ ਕੀਤੀ ਗਈ ਏ. ਡੀ. ਜੀ. ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਾਲੀ ਐੱਸ. ਆਈ. ਟੀ. ਦੀ ਜਾਂਚ ਰਿਪੋਰਟ 'ਚ ਉਕਤ ਘਟਨਾ ਸਬੰਧੀ ਪੁਲਸ ਨੂੰ ਮੁਲਜ਼ਮ ਠਹਿਰਾਇਆ ਗਿਆ ਤਾਂ ਥਾਣਾ ਬਾਜਾਖਾਨਾ ਵਿਖੇ ਅਣਪਛਾਤੀ ਪੁਲਸ ਖ਼ਿਲਾਫ਼ ਮੁਕੱਦਮਾ ਨੰਬਰ 130, ਮਿਤੀ 21-10-2015, ਆਈ. ਪੀ. ਸੀ. ਦੀਆਂ ਧਾਰਾਵਾਂ 302/307/34/201/218/166ਏ/120ਬੀ ਅਤੇ ਅਸਲਾ ਐਕਟ ਦੀ ਧਾਰਾ 25/27/54/59 ਤਹਿਤ ਮਾਮਲਾ ਦਰਜ ਕਰਕੇ ਖਾਨਾਪੂਰਤੀ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਬਹਿਬਲ ਗੋਲੀ ਕਾਂਡ ਦੀ ਜਾਂਚ ਕਰ ਰਹੇ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਫਿਰ ਸੁਰਖੀਆਂ 'ਚ
ਹੁਣ ਥਾਣਾ ਬਾਜਾਖਾਨਾ ਵਿਖੇ ਉਕਤ ਮੁਕੱਦਮਾ ਨੰਬਰ 130 'ਚ ਤਤਕਾਲੀਨ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਅਤੇ ਮੁਅੱਤਲ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਪੁਲਸ ਨੇ ਐੱਸ. ਆਈ. ਟੀ. ਦੀ ਤਫਤੀਸ਼ ਮੁਤਾਬਿਕ ਉਸ ਸਮੇਂ ਦੇ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਅਤੇ ਉਸ ਸਮੇਂ ਦੇ ਪੁਲਸ ਕਮਿਸ਼ਨਰ ਲੁਧਿਆਣਾ ਪਰਮਰਾਜ ਸਿੰਘ ਉਮਰਾਨੰਗਲ ਨੂੰ ਉਕਤ ਮੁਕੱਦਮੇ 'ਚ ਇਰਾਦਾ ਕਤਲ, ਹਥਿਆਰਾਂ ਦੀ ਦੁਰਵਰਤੋਂ, ਸਾਜਿਸ਼ ਰਚਣ ਅਤੇ ਝੂਠੀ ਗਵਾਹੀ ਦੇ ਦੋਸ਼ਾਂ 'ਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ।
ਇਹ ਵੀ ਪੜ੍ਹੋ : ਖੇਤੀ ਬਿੱਲ ਪਾਸ ਕਰਨ ਵਾਲੀ ਭਾਜਪਾ ਲਈ ਇਸ ਪਿੰਡ ਦਾ ਸਖ਼ਤ ਫ਼ੈਸਲਾ