ਬਹਿਬਲ ਕਲਾਂ ਗੋਲੀਕਾਂਡ ਮਾਮਲਾ : ਸੁਣਵਾਈ ਪੰਜਾਬ ਤੋਂ ਬਾਹਰ ਲਿਜਾਣ ਦੀ ਅਰਜ਼ੀ ਹਾਈ ਕੋਰਟ ਵਲੋਂ ਮਨਜ਼ੂਰ

Saturday, Jun 01, 2024 - 05:56 AM (IST)

ਫਰੀਦਕੋਟ (ਜਗਦੀਸ਼)– 2015 ’ਚ ਵਾਪਰੇ ਬਹਿਬਲ ਕਲਾਂ ਗੋਲੀਕਾਂਡ ਨਾਲ ਸਬੰਧਤ ਕੇਸ ਦੀ ਸੁਣਵਾਈ ਪੰਜਾਬ ਤੋਂ ਬਾਹਰ ਲਿਜਾਣ ਸਬੰਧੀ ਅਰਜ਼ੀ ਮਾਣਯੋਗ ਹਾਈ ਕੋਰਟ ਵਲੋਂ ਮਨਜ਼ੂਰ ਕਰ ਲਈ ਗਈ ਹੈ। ਪਹਿਲਾਂ ਇਸ ਕੇਸ ਦੀ ਸੁਣਵਾਈ ਫਰੀਦਕੋਟ ਦੇ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਰਾਮ ਕੁਮਾਰ ਸਿੰਗਲਾ ਦੀ ਅਦਾਲਤ ’ਚ ਚੱਲ ਰਹੀ ਸੀ।

ਜ਼ਿਕਰਯੋਗ ਹੈ ਕਿ ਮੋਗਾ ਦੇ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸਿੰਘ ਸ਼ਰਮਾ ਵਲੋਂ ਆਪਣੀ ਜਾਨ ਦੇ ਖ਼ਤਰੇ ਦਾ ਖ਼ਦਸ਼ਾ ਜ਼ਾਹਿਰ ਕਰਦਿਆਂ ਇਥੋਂ ਦੀ ਅਦਾਲਤ ’ਚ ਆਪਣੇ ਕੇਸ ਨੂੰ ਪੰਜਾਬ ਤੋਂ ਬਾਹਰ ਬਦਲਣ ਲਈ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ’ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਇਸ ’ਤੇ ਸੁਣਵਾਈ ਕਰਦਿਆਂ ਫਰੀਦਕੋਟ ਦੇ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਰਾਮ ਕੁਮਾਰ ਸਿੰਗਲਾ ਦੀ ਅਦਾਲਤ ’ਚੋਂ ਬਦਲ ਕੇ ਚੰਡੀਗਡ਼੍ਹ ਦੀ ਇਕ ਅਦਾਲਤ ’ਚ ਬਦਲਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : UP 'ਚ ਗਰਮੀ ਨੇ ਵਰ੍ਹਾਇਆ ਕਹਿਰ, ਡਿਊਟੀ 'ਤੇ ਤਾਇਨਾਤ 13 ਚੋਣ ਅਧਿਕਾਰੀਆਂ ਦੀ ਹੋਈ ਮੌਤ

ਉਥੇ ਬਹਿਬਲ ਕਲਾਂ ਗੋਲੀਕਾਂਡ ’ਚ ਪੁਲਸ ਦੀ ਗੋਲੀ ਨਾਲ ਮਾਰੇ ਗਏ ਕਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਨੇ ਹੈਰਾਨੀ ਪ੍ਰਗਟਾਈ ਕਿ ਉਸ ਦੇ ਪਿਤਾ ਤੇ ਨੇਡ਼ਲੇ ਪਿੰਡ ਸਰਾਵਾਂ ਦੇ ਸਿੱਖ ਨੌਜਵਾਨ ਗੁਰਜੀਤ ਸਿੰਘ ਬਿੱਟੂ ਨੂੰ 14 ਅਕਤੂਬਰ, 2015 ਨੂੰ ਪੁਲਸ ਨੇ ਨਿਰਦੋਸ਼ ਤੇ ਨਿਹੱਥੇ ਹੋਣ ਦੇ ਬਾਵਜੂਦ ਗੋਲੀ ਮਾਰ ਕੇ ਕਤਲ ਕਰ ਦਿੱਤਾ ਪਰ ਹੁਣ ਚਾਰ ਮੁੱਖ ਮੰਤਰੀ ਬਦਲ ਜਾਣ ਦੇ ਬਾਵਜੂਦ ਵੀ ਇਨਸਾਫ਼ ਮਿਲਣ ਦੀ ਪ੍ਰਕਿਰਿਆ ਦੂਰ ਹੁੰਦੀ ਜਾ ਰਹੀ ਹੈ।

ਸੁਖਰਾਜ ਸਿੰਘ ਨੇ ਦੱਸਿਆ ਕਿ ਪਹਿਲਾਂ ਬੇਅਦਬੀ ਮਾਮਲਿਆਂ ਨਾਲ ਜੁਡ਼ੇ ਤਿੰਨ ਕੇਸ (ਪਾਵਨ ਸਰੂਪ ਚੋਰੀ, ਭਡ਼ਕਾਊ ਪੋਸਟਰ, ਬੇਅਦਬੀ ਕਾਂਡ) ਵੀ ਮੁਲਜ਼ਮਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਫਰੀਦਕੋਟ ਤੋਂ ਚੰਡੀਗਡ਼੍ਹ ਵਿਖੇ ਤਬਦੀਲ ਕੀਤੇ ਗਏ ਤੇ ਹੁਣ ਬਹਿਬਲ ਗੋਲੀਕਾਂਡ ਦੇ ਮੁਲਜ਼ਮ ਚਰਨਜੀਤ ਸ਼ਰਮਾ ਸਾਬਕਾ ਐੱਸ. ਐੱਸ. ਪੀ. ਮੋਗਾ ਦੀ ਪਟੀਸ਼ਨ ਦੇ ਆਧਾਰ ’ਤੇ ਬਹਿਬਲ ਕਲਾਂ ਵਾਲਾ ਮਾਮਲਾ ਚੰਡੀਗਡ਼੍ਹ ਦੀ ਜ਼ਿਲਾ ਅਦਾਲਤ ’ਚ ਤਬਦੀਲ ਕਰ ਦਿੱਤਾ ਗਿਆ ਹੈ।

ਉਨ੍ਹਾਂ ਆਖਿਆ ਕਿ ਅਕਾਲੀ-ਭਾਜਪਾ ਗਠਜੋਡ਼ ਤੇ ਕਾਂਗਰਸ ਦੀਆਂ ਸਰਕਾਰਾਂ ਵਾਂਗ ਸੱਤਾਧਾਰੀ ਧਿਰ ਵੀ ਮੁਲਜ਼ਮਾਂ ਨੂੰ ਜ਼ੇਲ ’ਚ ਰੱਖਣ ਦੀ ਬਜਾਏ ਉਨ੍ਹਾਂ ਨੂੰ ਸੁਰੱਖਿਆ ਕਰਮਚਾਰੀ ਦੇ ਕੇ ਜ਼ਮਾਨਤਾਂ ’ਤੇ ਬਾਹਰ ਆਜ਼ਾਦ ਘੁੰਮਣ-ਫਿਰਨ ਦੇ ਮੌਕੇ ਦੇ ਰਹੀ ਹੈ, ਜਿਸ ਨਾਲ ਬੇਅਦਬੀ ਮਾਮਲਿਆਂ ਨਾਲ ਜੁਡ਼ੇ ਕੇਸਾਂ ਦੇ ਗਵਾਹਾਂ ’ਤੇ ਪ੍ਰਭਾਵ ਪੈਣਾ ਸੁਭਾਵਿਕ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News