ਬਹਿਬਲਕਲਾਂ ਗੋਲੀਕਾਂਡ: ਸ਼ੈਸ਼ਨ ਕੋਰਟ ਫ਼ਰੀਦਕੋਟ ’ਚ 4 ਸਾਬਕਾ ਪੁਲਸ ਅਧਿਕਾਰੀਆਂ ਸਮੇਤ 6 ਹੋਏ ਹਾਜ਼ਰ ਅਗਲੀ ਸੁਣਵਾਈ 19 ਨੂੰ

Friday, Oct 08, 2021 - 05:27 PM (IST)

ਬਹਿਬਲਕਲਾਂ ਗੋਲੀਕਾਂਡ: ਸ਼ੈਸ਼ਨ ਕੋਰਟ ਫ਼ਰੀਦਕੋਟ ’ਚ 4 ਸਾਬਕਾ ਪੁਲਸ ਅਧਿਕਾਰੀਆਂ ਸਮੇਤ 6 ਹੋਏ ਹਾਜ਼ਰ ਅਗਲੀ ਸੁਣਵਾਈ 19 ਨੂੰ

ਫ਼ਰੀਦਕੋਟ (ਰਾਜਨ,ਜਗਤਾਰ): ਬਹਿਬਲਕਲਾਂ ਗੋਲੀਕਾਂਡ ਐੱਫ.ਆਈ.ਆਰ. ਨੰਬਰ 130 ਮਿਤੀ 25 ਅਕਤੂਬਰ 2015 ਥਾਣਾ ਬਾਜਾਖਾਨਾ ਦੀ ਅੱਜ ਮਾਨਯੋਗ ਸੈਸ਼ਨ ਕੋਰਟ ਵਿੱਚ ਸੁਣਵਾਈ ਮੌਕੇ ਆਈ.ਜੀ. ਪਰਮਰਾਜ ਸਿੰਘ ਉਮਰਾ ਨੰਗਲ, ਸਾਬਕਾ ਐੱਸ.ਐੱਸ.ਪੀ ਚਰਨਜੀਤ ਸ਼ਰਮਾ, ਬਿਕਰਮਜੀਤ ਸਿੰਘ ਤਤਕਾਲੀ ਡੀ.ਐੱਸ.ਪੀ, ਪਰਮਰਾਜ ਸਿੰਘ ਉਮਰਾਨੰਗਲ ਸਾਬਕਾ ਆਈ.ਜੀ, ਸੁਹੇਲ ਬਰਾੜ ਅਤੇ ਕਾਰੋਬਾਰੀ ਪੰਕਜ ਬਾਂਸਲ ਪੇਸ਼ ਹੋਏ ਜਦਕਿ ਮਾਨਯੋਗ ਹਾਈ ਕੋਰਟ ਵੱਲੋਂ 2022 ਤੱਕ ਦਿੱਤੀ ਗਈ ਰਾਹਤ ਦੇ ਚੱਲਦਿਆਂ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅੱਜ ਵੀ ਅਦਾਲਤ ਵਿੱਚ ਪੇਸ਼ ਨਹੀਂ ਹੋਏ। 

ਇੱਥੇ ਇਹ ਦੱਸਣਯੋਗ ਹੈ ਕਿ ਪੰਜਾਬ ਦੇ ਮੌਜੂਦਾ ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਹੇਠ ਜਦ ਬਹਿਬਲਕਲਾਂ ਗੋਲੀ ਕਾਂਡ ਦੀ ਜਾਂਚ ਲਈ ਪਹਿਲੀ ਸਿਟ ਗਠਿਤ ਕੀਤੀ ਗਈ ਸੀ ਤਾਂ ਇਸ ਦੀ ਰਿਪੋਰਟ ’ਤੇ ਚਾਰ ਸਾਬਕਾ ਪੁਲਸ ਅਧਿਕਾਰੀਆਂ ਚਰਨਜੀਤ ਸ਼ਰਮਾ, ਬਿਕਰਮਜੀਤ ਸਿੰਘ, ਅਮਰਜੀਤ ਸਿੰਘ ਕੁਲਾਰ ਤੋਂ ਇਲਾਵਾ ਪ੍ਰਦੀਪ ਸਿੰਘ  ਜੋ ਬਾਅਦ ਵਿੱਚ ਸਰਕਾਰੀ ਗਵਾਹ ਬਣ ਗਿਆ ਸੀ ਨੂੰ ਨਾਮਜ਼ਦ ਕੀਤਾ ਗਿਆ। ਇਸ ਉਪਰੰਤ ਜਦ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਦੂਸਰੀ ਸਿਟ ਗਠਿਤ ਕੀਤੀ ਗਈ ਇਸ ਦੀ ਰਿਪੋਰਟ ਵਿੱਚ ਉਕਤ ਤੋਂ ਇਲਾਵਾ ਸੁਹੇਲ ਬਰਾੜ, ਕਾਰੋਬਾਰੀ ਪੰਕਜ ਬਾਂਸਲ ਤੋਂ ਇਲਾਵਾ ਸਾਬਕਾ ਪੁਲਸ ਅਧਿਕਾਰੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਗੁਰਦੀਪ ਸਿੰਘ ਪੰਧੇਰ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਸੀ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਅੱਜ ਪੇਸ਼ੀ ਭੁਗਤਣ ਆਏ ਉਕਤ ਸਾਰਿਆਂ ਨੂੰ ਮਾਨਯੋਗ ਅਦਾਲਤ ਨੇ ਸਪਲੀਮੈਂਟਰੀ ਚਲਾਨ ਦੀਆਂ ਕਾਪੀਆਂ ਦੇਣ ਦੇ ਆਦੇਸ਼ ਦਿੰਦਿਆਂ ਇਸ ਮਾਮਲੇ ਦੀ ਅਗਲੀ ਸੁਣਵਾਈ 19 ਅਕਤੂਬਰ ’ਤੇ ਪਾ ਦਿੱਤੀ ਹੈ ਜਦਕਿ ਗੁਰਦੀਪ ਸਿੰਘ ਪੰਧੇਰ ਤਤਕਾਲੀ ਐੱਸ.ਐੱਚ.ਓ. ਕੋਟਕਪੂਰਾ ਖ਼ਿਲਾਫ਼ ਅਜੇ ਚਲਾਨ ਪੇਸ਼ ਨਹੀਂ ਹੋਇਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸਾਬਕਾ ਪੁਲਸ ਅਧਿਕਾਰੀਆਂ ਸੁਮੇਧ ਸੈਣੀ ਅਤੇ ਪਰਮਰਾਜ ਸਿੰਘ ਉਮਰਾਨੰਗਲ ਵੱਲੋਂ ਮਾਨਯੋਗ ਹਾਈ ਕੋਰਟ ਵਿੱਚ ਹੇਠਲੀਆਂ ਅਦਾਲਤਾਂ ਵਿੱਚ ਇਸ ਮਾਮਲੇ ਦੀ ਚੱਲ ਰਹੀ ਸੁਣਵਾਈ ’ਤੇ ਰੋਕ ਲਗਾਉਣ ਲਈ ਪਿਛਲੇ ਦਿਨੀਂ ਅਪੀਲ ਦਾਇਰ ਕੀਤੀ ਸੀ ਜਿਸ ਨੂੰ ਮਾਨਯੋਗ ਹਾਈ ਕੋਰਟ ਵੱਲੋਂ ਸਰਕਾਰੀ ਪੱਖ ਦੇ ਸਪੈਸ਼ਲ ਪ੍ਰਾਸੀਕਿਉਟਰਆਰ.ਐੱਸ.ਬੈਂਸ ਦੀਆਂ ਦਲੀਲਾਂ ’ਤੇ ਇਸੇ ਮਹੀਨੇ ਹੀ ਰੱਦ ਕਰ ਦਿੱਤਾ ਗਿਆ ਸੀ।  


author

Shyna

Content Editor

Related News