ਕੋਰੋਨਾ ਵਾਇਰਸ ਦਾ ਖੌਫ : ਇਟਲੀ ਤੋਂ ਆਏ ਪਰਿਵਾਰ ਦੀ ਬੇਗੋਵਾਲ ਹਸਪਤਾਲ 'ਚ ਹੋਈ ਸਕਰੀਨਿੰਗ

Thursday, Mar 05, 2020 - 02:25 PM (IST)

ਕੋਰੋਨਾ ਵਾਇਰਸ ਦਾ ਖੌਫ : ਇਟਲੀ ਤੋਂ ਆਏ ਪਰਿਵਾਰ ਦੀ ਬੇਗੋਵਾਲ ਹਸਪਤਾਲ 'ਚ ਹੋਈ ਸਕਰੀਨਿੰਗ

ਬੇਗੋਵਾਲ (ਰਜਿੰਦਰ) : ਕੋਰੋਨਾ ਵਾਇਰਸ ਦੇ ਖੌਫ ਨੂੰ ਮੁੱਖ ਰੱਖਦਿਆਂ ਇਥੇ ਆਏ ਵਿਦੇਸ਼ੀਆਂ ਦੇ ਚੈਕਅੱਪ ਦਾ ਦੌਰ ਜਾਰੀ ਹੈ। ਅੱਜ ਬੇਗੋਵਾਲ ਇਲਾਕੇ 'ਚ ਇਟਲੀ ਤੋਂ ਆਏ ਤਿੰਨ ਮੈਂਬਰੀ ਪਰਿਵਾਰ ਦੀ ਸਰਕਾਰੀ ਹਸਪਤਾਲ 'ਚ ਵਿਸ਼ੇਸ਼ ਸਕਰੀਨਿੰਗ ਕੀਤੀ ਗਈ। ਦੱਸਣਯੋਗ ਹੈ ਕਿ ਇਟਲੀ ਦੇ ਮਿਲਾਨ ਸ਼ਹਿਰ ਤੋਂ ਇਹ ਪਰਿਵਾਰ ਇਥੋਂ ਨੇੜਲੇ ਪਿੰਡ ਬਲੋਚੱਕ ਆਇਆ ਹੈ। ਪਰਿਵਾਰਕ ਮੈਂਬਰਾਂ 'ਚ ਪਤੀ, ਪਤਨੀ ਅਤੇ ਇਕ ਬੱਚਾ ਸ਼ਾਮਲ ਹੈ। ਜਿਨ੍ਹਾਂ ਦਾ ਚੈਕਅੱਪ ਅੱਜ ਸਰਕਾਰੀ ਹਸਪਤਾਲ ਬੇਗੋਵਾਲ ਵਿਖੇ ਐੱਸ. ਐੱਮ. ਓ. ਡਾ ਕਿਰਨਪ੍ਰੀਤ ਕੌਰ ਅਤੇ ਡਾ. ਗੁਰਪ੍ਰੀਤ ਸਿੰਘ ਵਲੋਂ ਕੀਤਾ ਗਿਆ। ਇਸ ਮੌਕੇ ਐੱਸ. ਐੱਮ. ਓ. ਡਾ. ਕਿਰਨਪ੍ਰੀਤ ਕੌਰ ਨੇ ਦੱਸਿਆ ਕਿ ਤਿੰਨ ਮੈਂਬਰੀ ਪਰਿਵਾਰ ਦੀ ਸਕਰੀਨਿੰਗ ਕੀਤੀ ਗਈ ਹੈ, ਜਿਨ੍ਹਾਂ ਦੀ ਸਿਹਤ ਠੀਕ ਹੈ ਅਤੇ ਇਨ੍ਹਾਂ 'ਚ ਕੋਰੋਨਾ ਵਾਇਰਸ ਦੇ ਕੋਈ ਲੱਛਣ ਨਹੀਂ ਮਿਲੇ। ਉਨ੍ਹਾਂ ਕਿਹਾ ਕਿ ਇਸ ਪਰਿਵਾਰ ਨੂੰ ਮਾਸਕ ਮੁਹੱਈਆ ਕਰਵਾ ਦਿੱਤੇ ਗਏ ਹਨ ਅਤੇ ਇਨ੍ਹਾਂ ਨੂੰ ਤਿੰਨ ਹਫਤਿਆਂ ਲਈ ਘਰ 'ਚ ਵੱਖ ਰਹਿਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਘਰ ਜਾ ਕੇ ਇਨ੍ਹਾਂ ਮੈਂਬਰਾਂ ਦਾ ਸਿਹਤ ਸਟੇਟਸ ਰੋਜ਼ਾਨਾ ਚੈੱਕ ਕਰੇਗੀ।

ਇਹ ਵੀ ਪੜ੍ਹੋ : ਜਲੰਧਰ 'ਚ ਕੋਰੋਨਾ ਵਾਇਰਸ ਦੋ ਸ਼ੱਕੀ ਮਰੀਜ਼ ਆਏ ਸਾਹਮਣੇ

PunjabKesari

ਦੱਸ ਦਈਏ ਕਿ ਚੀਨ 'ਚ ਫੈਲੇ ਕੋਰੋਨਾ ਵਾਇਰਸ ਨੇ ਭਾਰਤ 'ਚ ਵੀ ਦਸਤਕ ਦੇ ਦਿੱਤੀ ਹੈ। ਹੁਣ ਤੱਕ ਕੋਰੋਨਾ ਵਾਇਰਸ ਦੇ 28 ਕੇਸ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 12 ਭਾਰਤੀ ਅਤੇ 16 ਵਿਦੇਸ਼ੀ ਸ਼ਾਮਲ ਹਨ। 12 ਭਾਰਤੀਆਂ 'ਚੋਂ 3 ਮਰੀਜ਼ਾਂ ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ। ਬਾਕੀ ਦੇ 9 ਮਰੀਜ਼ਾਂ ਨੂੰ ਦਿੱਲੀ, ਤੇਲੰਗਾਨਾ ਅਤੇ ਜੈਪੁਰ 'ਚ 1-1 ਮਰੀਜ਼ ਸ਼ਾਮਲ ਹੈ। ਉੱਥੇ ਹੀ ਆਗਰਾ 'ਚ ਇਕ ਹੀ ਪਰਿਵਾਰ ਦੇ 6 ਮਰੀਜ਼ ਮਿਲੇ ਹਨ, ਜਿਨ੍ਹਾਂ ਦਾ ਦਿੱਲੀ 'ਚ ਇਲਾਜ ਚੱਲ ਰਿਹਾ ਹੈ। ਦਿੱਲੀ ਏਅਰਪੋਰਟ 'ਤੇ ਵਿਦੇਸ਼ਾਂ ਤੋਂ ਆਏ ਖਾਸ ਤੌਰ 'ਤੇ ਇਟਲੀ ਅਤੇ ਚੀਨ ਤੋਂ ਆਏ ਲੋਕਾਂ ਦੀ ਖਾਸ ਸਕਰੀਨਿੰਗ ਕੀਤੀ ਜਾ ਰਹੀ ਹੈ। ਸਾਵਧਾਨੀ ਵਰਤਦੇ ਹੋਏ ਨੋਇਡਾ ਦੇ ਦੋ ਸਕੂਲ ਵੀ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਦੱਖਣੀ ਦਿੱਲੀ ਅਤੇ ਗੁੜਗਾਓਂ ਦੇ ਵੀ ਦੋ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਦਿੱਲੀ 'ਚ 3.5 ਲੱਖ ਮਾਸਕਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ। ਕਰੀਬ 77 ਦੇਸ਼ ਇਸ ਜਾਨਲੇਵਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ।

ਇਹ ਵੀ ਪੜ੍ਹੋ : ਭਾਰਤ 'ਚ ਕੋਰੋਨਾ ਵਾਇਰਸ ਦੀ ਦਸਤਕ, ਬਚਾਅ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ (ਵੀਡੀਓ)     


author

Anuradha

Content Editor

Related News