ਸ੍ਰੀ ਕੀਰਤਪੁਰ ਸਾਹਿਬ ਵਿਖੇ ਖਾਲਸਾਈ ਜਾਹੋ ਜਲਾਲ ਨਾਲ ਹੋਲੇ-ਮਹੱਲੇ ਦੀ ਸ਼ੁਰੂਆਤ

03/15/2022 1:07:51 PM

ਸ੍ਰੀ ਕੀਰਤਪੁਰ ਸਾਹਿਬ (ਬਾਲੀ) : ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਜਾਹੋ ਜਲਾਲ ਦਾ ਪ੍ਰਤੀਕ ਸਾਲਾਨਾ 6 ਰੋਜ਼ਾ ਕੌਮੀ ਤਿਉਹਾਰ ਹੋਲਾ ਮਹੱਲਾ ਜੋੜ ਮੇਲੇ ਦਾ ਪਹਿਲਾ ਪੜਾਅ ਅੱਜ ਸ੍ਰੀ ਕੀਰਤਪੁਰ ਸਾਹਿਬ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਅਰੰਭਤਾ ਦੇ ਨਾਲ ਆਰੰਭ ਹੋ ਗਿਆ। ਇਸ ਮੌਕੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵੱਲੋਂ ਮੁੱਖ ਵਾਕ ਲਿਆ ਜਦਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਅਰਦਾਸ ਕਰਦੇ ਹੋਏ ਮੇਲੇ ਦੀ ਚੜਦੀ ਕਲਾ ਅਤੇ ਸੁੱਖ ਸ਼ਾਂਤੀ ਦੀ ਕਾਮਨਾ ਕੀਤੀ ਗਈ।

PunjabKesari

ਸਿੱਖ ਧਰਮ ਹੁੱਲੜਬਾਜ਼ੀ ਕਰਨ ਦੀ ਇਜਾਜ਼ਤ ਨਹੀਂ ਦਿੰਦਾ : ਗਿਆਨੀ ਰਘਬੀਰ ਸਿੰਘ

ਇਸ ਮੌਕੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਤਖਤ ਸ੍ਰੀ ਕੇਸਗਡ਼੍ਹ ਸਾਹਿਬ, ਪ੍ਰਿੰਸੀਪਲ ਸੁਰਿੰਦਰ ਸਿੰਘ ਅਤੇ ਭਾਈ ਅਮਰਜੀਤ ਸਿੰਘ ਚਾਵਲਾ ਨੇ ਸਾਂਝੇ ਤੌਰ ’ਤੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਸ੍ਰੀ ਅਨੰਦਪੁਰ ਸਾਹਿਬ ਖਾਲਸੇ ਦੀ ਧਰਤੀ ਹੈ, ਇਸ ਲਈ ਇਸ ਧਰਤੀ ਉਪਰ ਆ ਕੇ ਹੁੱਲਡ਼ਬਾਜ਼ੀ ਕਰਨੀ ਗੁਰੂ ਦੇ ਸਿੱਖ ਨੂੰ ਸ਼ੋਭਾ ਨਹੀਂ ਦਿੰਦਾ, ਸਿੱਖ ਧਰਮ ਹੁੱਲਡ਼ਬਾਜ਼ੀ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਨੌਜਵਾਨਾਂ ਵੱਲੋਂ ਮੇਲੇ ਵਿਚ ਮੋਟਰ ਸਾਈਕਲਾਂ ਦੇ ਸਲੈਂਸਰ ਖੋਲ੍ਹ ਕਿ ਪਟਾਕੇ ਨਾ ਚਲਾਏ ਜਾਣ, ਟਰੈਕਟਰਾਂ ’ਤੇ ਡੀ.ਜੇ. ਅਤੇ ਉੱਚੀ ਅਾਵਾਜ਼ ਵਿਚ ਗੀਤ ਨਾ ਲਗਾਏ ਜਾਣ।

ਸੰਗਤ ਨੂੰ ਸਿਹਤ ਸਹੂਲਤ ਦੇਣ ਲਈ 50 ਮੈਡੀਕਲ ਕੈਂਪ/ਡਿਸਪੈਂਸਰੀਆਂ ਸਥਾਪਿਤ

ਉਨ੍ਹਾਂ ਦੱਸਿਆ ਕਿ ਸੰਗਤ ਨੂੰ ਸਿਹਤ ਸਹੂਲਤ ਦੇਣ ਲਈ ਪ੍ਰਸ਼ਾਸਨ ਅਤੇ ਹੋਰ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ 50 ਮੈਡੀਕਲ ਕੈਂਪ/ਡਿਸਪੈਂਸਰੀਆਂ ਮੇਲੇ ਵਿਚ ਲਗਾਈਆਂ ਗਈਆਂ ਹਨ। ਮੇਲੇ ਦੌਰਾਨ ਸ੍ਰੀ ਕੀਰਤਪੁਰ ਸਾਹਿਬ ਵਿਖੇ ਧਾਰਮਿਕ ਦੀਵਾਨ ਅੱਜ ਤੋਂ ਸ਼ੁਰੂ ਹੋ ਗਏ ਹਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਮੇਲੇ ਵਿਚ ਆਉਣ ਵਾਲੀ ਸੰਗਤ ਲਈ ਪੁਖਤਾ ਪ੍ਰਬੰਧ ਕੀਤੇ ਹਨ। ਇਸ ਮੌਕੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਮੈਨੇਜਰ ਭਾਈ ਮਲਕੀਤ ਸਿੰਘ, ਬਾਬਾ ਇੰਦਰਬੀਰ ਸਿੰਘ , ਹਰਦੇਬ ਸਿੰਘ , ਭਾਈ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।

ਨਗਾਰਿਆਂ ਅਤੇ ਜੈਕਾਰਿਆਂ ਦੀ ਗੂੰਜ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਸ਼ੁਰੂ

ਸ੍ਰੀ ਅਨੰਦਪੁਰ ਸਾਹਿਬ, (ਦਲਜੀਤ)-ਖਾਲਸਾ ਪੰਥ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਜੋ ਕਿ 14 ਮਾਰਚ ਤੋਂ 19 ਮਾਰਚ ਤੱਕ ਖਾਲਸਾਈ ਜਾਹੋ ਜਲਾਲ ਦੇ ਨਾਲ ਮਨਾਇਆ ਜਾ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਕਿਲਾ ਅਨੰਦਗਡ਼੍ਹ ਸਾਹਿਬ ਵਿਖੇ ਹੋਲੇ ਮਹੱਲੇ ਦੀ ਆਰੰਭਤਾ ਬੜੀ ਹੀ ਸਾਨੋ ਸ਼ੌਕਤ ਨਾਲ ਨਗਾਰਿਆਂ ਅਤੇ ਜੈਕਾਰਿਆਂ ਦੀ ਗੂੰਜ ਨਾਲ ਪੁਰਾਤਨ ਰਵਾਇਤਾਂ ਅਨੁਸਾਰ ਕੀਤੀ ਗਈ। ਇਸ ਮੌਕੇ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਕਿਲ੍ਹਾ ਅਨੰਦਗੜ ਸਾਹਿਬ ਵਿਖੇ ਰਾਤ ਦੇ ਦੀਵਾਨ ਸਜਾਏ ਗਏ, ਜਿਸ ਵਿਚ ਗੁਰੂ ਘਰ ਦੇ ਕੀਰਤਨੀਆਂ ਅਤੇ ਢਾਡੀ ਜਥਿਆਂ ਵਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਹੋਲੇ ਮਹੱਲੇ ਦੀ ਅਰੰਭਤਾ ਦੀ ਅਰਦਾਸ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵਲੋਂ ਕੀਤੀ ਗਈ ਉਪਰੰਤ ਸੰਤਾਂ ਮਹਾਪੁਰਸ਼ਾਂ ਵੱਲੋਂ ਪੁਰਾਤਨ ਨਗਾਰਿਆਂ ਤੇ ਚੋਟ ਲਗਾ ਕੇ ਨਗਾਰਿਆਂ ਦੀ ਅਤੇ ਜੈਕਾਰਿਆਂ ਦੀ ਗੂੰਜ ਨਾਲ ਹੋਲੇ ਮਹੱਲੇ ਦੀ ਆਰੰਭਤਾ ਕੀਤੀ ਗਈ।

PunjabKesari

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 

 


Anuradha

Content Editor

Related News