ਪਿਆਕੜਾ ਨੂੰ ਝਟਕਾ, ਪੰਜਾਬ ''ਚ ਆਈ ਬੀਅਰ ਦੀ ਕਿੱਲਤ

Wednesday, Jun 05, 2019 - 06:58 PM (IST)

ਪਿਆਕੜਾ ਨੂੰ ਝਟਕਾ, ਪੰਜਾਬ ''ਚ ਆਈ ਬੀਅਰ ਦੀ ਕਿੱਲਤ

ਚੰਡੀਗੜ੍ਹ : ਜੇਕਰ ਤੁਸੀਂ ਆਪਣੇ ਮਨਪਸੰਦ ਬ੍ਰਾਂਡ ਦੇ ਬੀਅਰ ਨਾਲ ਇਸ ਅੱਤ ਦੀ ਗਰਮੀ ਨੂੰ ਮਾਤ ਦੇਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਥੋੜਾ ਨਿਰਾਸ਼ ਹੋਣਾ ਪੈ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਪੰਜਾਬ ਵਿਚ ਬੀਅਰ ਦੀ ਕਿੱਲਤ ਆ ਗਈ ਹੈ। ਆਲਮ ਇਹ ਹੈ ਕਿ ਸੂਬੇ ਦੇ ਕਈ ਹਿੱਸਿਆਂ ਵਿਚ ਬੀਅਰ ਦੇ ਜ਼ਿਆਦਾ ਬ੍ਰਾਂਡ (ਘਰੇਲੂ ਤੇ ਬਰਾਮਦ ਹੋਣ ਵਾਲੇ) ਦੀ ਜਾਂ ਤਾਂ ਭਾਰੀ ਕਿੱਲਤ ਹੈ ਜਾਂ ਫਿਰ ਉਪਲੱਬਧ ਹੀ ਨਹੀਂ ਹਨ। ਗਰਮੀ ਦੇ ਸੀਜ਼ਨ ਵਿਚ ਬੀਅਰ ਸਭ ਤੋਂ ਵੱਧ ਪੀਤੀ ਜਾਂਦੀ ਹੈ ਅਤੇ ਇਸ ਸੀਜ਼ਨ ਵਿਚ ਇਸ ਦੀ ਵਿਕਰੀ 30 ਫੀਸਦੀ ਵੱਧ ਜਾਂਦੀ ਹੈ। ਹਾਲਾਂਕਿ ਸੂਬੇ ਦੇ ਵੱਖ-ਵੱਖ ਠੇਕਿਆਂ 'ਤੇ ਨਾ ਤਾਂ ਬੀਅਰ ਦਾ ਸਟਾਕ ਹੈ ਅਤੇ ਨਾ ਹੀ ਅਜਿਹੀ ਕੋਈ ਵਿਵਸਥਾ ਹੈ ਕਿ ਕਿੱਲਤ ਦੌਰਾਨ ਗਾਹਕਾਂ ਨੂੰ ਖਾਲ੍ਹੀ ਹੱਥ ਮੋੜਨ ਤੋਂ ਰੋਕਿਆ ਜਾ ਸਕੇ। ਅੰਕੜਿਆਂ ਮੁਤਾਬਕ ਸੂਬੇ ਵਿਚ 5,750 ਸ਼ਰਾਬ ਦੇ ਠੇਕੇ ਹਨ। 

ਪੰਜਾਬ ਦੇ ਪੰਜ ਜ਼ਿਲਿਆਂ ਵਿਚ ਸ਼ਰਾਬ ਦੇ ਠੇਕੇ ਚਲਾਉਣ ਵਾਲੇ ਬਠਿੰਡਾ ਦੇ ਕਾਰੋਬਾਰੀ ਹਰੀਸ਼ ਕੁਮਾਰ ਮੁਤਾਬਕ ਕਾਰਲਸਬਰਗ,  ਹੈਨਕੇਨ ਅਤੇ ਕਿੰਗਫਿਸ਼ਰ ਪੰਜਾਬ ਵਿਚ ਸਭ ਤੋਂ ਵੱਧ ਵਿਕਰੀ ਵਾਲੇ ਬ੍ਰਾਂਡ ਹਨ, ਜਿਹੜੇ ਮੌਜੂਦਾ ਸਮੇਂ ਵਿਚ ਉਪਲੱਬਧ ਹੀ ਨਹੀਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬ੍ਰਾਂਡਸ ਦੀ ਕਿੱਲਤ ਕਾਰਨ ਉਨ੍ਹਾਂ ਦੇ ਵਪਾਰ ਨੂੰ ਵੱਡਾ ਨੁਕਸਾਨ ਪਹੁੰਚ ਰਿਹਾ ਹੈ। ਹਰੀਸ਼ ਕੁਮਾਰ ਮੁਤਾਬਕ ਇਕੱਲੇ ਬਠਿੰਡਾ ਵਿਚ ਹੀ ਰੋਜ਼ਾਨਾ 15000 ਬੀਅਰ ਦੀਆਂ ਬੋਤਲਾਂ ਦੀ ਮੰਗ ਹੈ ਅਤੇ ਲੁਧਿਆਣਾ ਵਿਚ ਇਹ ਮੰਗ ਹੋਰ ਵੀ ਵੱਧ ਜਾਂਦੀ ਹੈ। 

ਜ਼ੀਰਕਪੁਰ, ਖਰੜ ਵਿਚ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਮੋਹਾਲੀ ਦੇ ਗੋਰਵ ਜੈਨ ਮੁਤਾਬਕ ਬੀਅਰ ਦੀ ਕਿੱਲਤ ਨਾਲ ਕਾਰੋਬਾਰ ਨੂੰ ਚੌਖਾ ਘਾਟਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਗਰਮੀ ਦੇ ਮੌਸਮ ਵਿਚ ਬੀਅਰ ਦੀ ਮੰਗ ਆਮ ਨਾਲੋਂ ਵੱਧ ਜਾਂਦੀ ਹੈ। ਮੌਜੂਦਾ ਸਮੇਂ ਵਿਚ ਵਧੇਰੇ ਮੰਗ ਵਾਲੇ ਬ੍ਰਾਂਡ ਜਾਂ ਤਾਂ ਘੱਟ ਹਨ ਜਾਂ ਫਿਰ ਉਪਲੱਬਧ ਹੀ ਨਹੀਂ ਹਨ। ਬੀਅਰ ਦੀ ਕਿੱਲਤ ਦਾ ਮੁੱਖ ਕਾਰਨ ਲੋਕ ਸਭਾ ਚੋਣਾਂ ਕਾਰਨ ਲੇਬਲ ਦੀ ਮਨਜ਼ੂਰੀ ਦੇਰੀ ਨਾਲ ਮਿਲਣਾ ਦੱਸਿਆ ਜਾ ਰਿਹਾ ਹੈ। ਨਿਯਮਾਂ ਅਨੁਸਾਰ ਕੋਈ ਵੀ ਸ਼ਰਾਬ ਜਾਂ ਬੀਅਰ ਉਦੋਂ ਤੱਕ ਨਹੀਂ ਵੇਚੀ ਜਾ ਸਕਦੀ ਜਦੋਂ ਤਕ ਉਸ ਦਾ ਲੇਬਲ ਸਰਕਾਰ ਵਲੋਂ ਮਨਜ਼ੂਰ ਨਾ ਹੋ ਸਕੇ।


author

Gurminder Singh

Content Editor

Related News