ਰੰਜ਼ਿਸ਼ ਦੇ ਚੱਲਦੇ ਔਰਤ ਨਾਲ ਕੁੱਟ-ਮਾਰ, 3 ਨਾਮਜ਼ਦ

02/03/2018 4:42:27 PM


ਮੋਗਾ (ਅਜ਼ਾਦ) - ਥਾਣਾ ਅਜੀਤਵਾਲ ਪੁਲਸ ਨੇ ਰੰਜਿਸ਼ ਦੇ ਚੱਲਦੇ ਮਹਿਲਾ ਨਾਲ ਕੁੱਟ-ਮਾਰ ਦੇ ਦੋਸ਼ 'ਚ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਬਲਵੀਰ ਕੌਰ ਪਤਨੀ ਗੁਰਨਾਮ ਸਿੰਘ ਨਿਵਾਸੀ ਅਜੀਤਵਾਲ ਨੇ ਕਿਹਾ ਕਿ ਕੁਲਵੰਤ ਸਿੰਘ ਉਰਫ ਕੰਤਾ ਸਿੰਘ ਆਪਣੇ ਸਾਥੀ ਲਾਲੀ ਅਤੇ ਬਖਤੌਰ ਸਿੰਘ ਨਿਵਾਸੀ ਅਜੀਤਵਾਲ ਨਾਲ ਮਿਲ ਕੇ ਸਾਡੇ ਘਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ ਤੇ ਮੇਰੇ 'ਤੇ ਲੋਹੇ ਦੀ ਪਾਈਪ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਅਤੇ ਧਮਕੀਆਂ ਦਿੱਤੀਆਂ।
ਬਲਵੀਰ ਕੌਰ ਨੇ ਦੱਸਿਆ ਕਿ ਦੋਸ਼ੀ ਕੋਲ ਮੇਰੀ ਜ਼ਮੀਨ ਠੇਕੇ 'ਤੇ ਹੈ, ਜਿਥੇ ਕੁਲਵੰਤ ਸਿੰਘ ਕੁੱਝ ਘਟੀਆ ਹਰਕਤਾਂ ਕਰਦਾ ਸੀ, ਜਿਸ ਨੂੰ ਮੈਂ ਰੋਕਦੀ ਸੀ। ਇਸ ਰੰਜਿਸ਼ ਦੇ ਚੱਲਦੇ ਉਨ੍ਹਾਂ ਮੇਰੇ 'ਤੇ ਹਮਲਾ ਕੀਤਾ। ਮੈਨੂੰ ਜ਼ਖਮੀ ਹਾਲਤ 'ਚ ਸਰਕਾਰੀ ਹਸਪਤਾਲ ਢੁੱਡੀਕੇ ਦਾਖਲ ਕਰਵਾਇਆ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬਲਵੀਰ ਕੌਰ ਦੇ ਬਿਆਨ 'ਤੇ ਕਥਿਤ ਦੋਸ਼ੀ ਕੁਲਵੰਤ ਸਿੰਘ, ਲਾਲੀ ਅਤੇ ਬਖਤੌਰ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।


Related News