ਐੱਸ. ਐੱਚ. ਓ. ਵੱਲੋਂ 4 ਨੌਜਵਾਨਾਂ ਨੂੰ ਕੁੱਟਣ ਦਾ ਮਾਮਲਾ ਗਰਮਾਇਆ

Monday, Mar 05, 2018 - 08:13 AM (IST)

ਨਾਭਾ  (ਜੈਨ) - ਸਥਾਨਕ ਕੋਤਵਾਲੀ ਪੁਲਸ ਦੇ ਐੱਸ. ਐੱਚ. ਓ. ਕਰਨੈਲ ਸਿੰਘ ਵੱਲੋਂ ਇਕ ਨੌਜਵਾਨ ਦੇ ਚਪੇੜਾਂ ਮਾਰ ਕੇ ਕੰਨ ਦਾ ਪਰਦਾ ਪਾੜ ਦਿੱਤਾ ਗਿਆ। ਇਹ ਮਾਮਲਾ ਹੁਣ ਗਰਮਾ ਗਿਆ ਹੈ ਕਿਉਂਕਿ ਫੱਟੜ ਨੌਜਵਾਨ ਦਿਪਾਂਸ਼ੂ ਨਰਗਿਸ ਪੁੱਤਰ ਚਰਨਜੀਤ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਤੋਂ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਦਿਪਾਂਸ਼ੂ (22) ਨੇ ਹਸਪਤਾਲ ਵਿਚ ਆਪਣੀ ਮਾਤਾ ਮਨਦੀਪ, ਪਿਤਾ ਚਰਨਜੀਤ ਤੇ ਤਿੰਨ ਹੋਰ ਦੋਸਤਾਂ ਦੀ ਮੌਜੂਦਗੀ ਵਿਚ ਰੋਂਦਿਆਂ ਦੱਸਿਆ ਕਿ ਮੈਂ ਹੋਲੀ ਵਾਲੇ ਦਿਨ ਆਪਣੇ ਤਿੰਨ ਹੋਰ ਦੋਸਤਾਂ ਨਾਲ ਦੋ ਵਾਹਨਾਂ 'ਤੇ ਕੋਤਵਾਲੀ ਅੱਗੇ ਤੋਂ ਲੰਘ ਰਹੇ ਸੀ ਕਿ ਸਾਨੂੰ ਪੁਲਸ ਮੁਲਾਜ਼ਮਾਂ ਨੇ ਰੋਕ ਕੇ ਕਿਹਾ ਕਿ ਤੁਹਾਨੂੰ ਐੱਸ. ਐੱਚ. ਓ. ਸਾਹਿਬ ਬੁਲਾ ਰਹੇ ਹਨ, ਜਦੋਂ ਅਸੀਂ ਕੋਤਵਾਲੀ ਅੰਦਰ ਗਏ ਤਾਂ ਥਾਣੇਦਾਰ ਨੇ ਸਾਡੇ ਚਾਰਾਂ ਦੇ ਚਪੇੜਾਂ ਮਾਰੀਆਂ ਤੇ ਗੰਦੀਆਂ ਗਾਲਾਂ ਕੱਢੀਆਂ। ਮਾਰ-ਕੁਟਾਈ ਦਾ ਕਾਰਨ ਪੁੱਛਣ 'ਤੇ ਥਾਣੇਦਾਰ ਨੇ ਹੋਰ ਕੁਟਾਪਾ ਕੀਤਾ।
ਦੀਪਾਂਸ਼ੂ ਅਨੁਸਾਰ ਉਸਨੇ ਬੀ. ਟੈੱਕ ਪੜ੍ਹਾਈ ਕਰਨ ਤੋਂ ਬਾਅਦ ਆਈ. ਏ. ਐੱਸ./ਪੀ. ਸੀ. ਐੱਸ. ਪ੍ਰੀਖਿਆ ਦੀ ਤਿਆਰੀ ਆਰੰਭ ਕਰ ਰੱਖੀ ਹੈ ਪਰ ਹੁਣ ਪੁਲਸ ਵੱਲੋਂ ਕੀਤੇ ਗਏ ਮਾੜੇ ਵਤੀਰੇ ਤੇ ਜ਼ਲੀਲ ਕਰਨ ਤੋਂ ਬਾਅਦ ਉਸਦਾ ਪਰਿਵਾਰ ਸਦਮੇ ਵਿਚ ਹੈ। ਕੋਤਵਾਲੀ ਤੋਂ ਦੀਪਾਂਸ਼ੂ ਦੇ ਦੋਸਤ ਇਲਾਜ ਲਈ ਪ੍ਰਾਈਵੇਟ ਡਾਕਟਰ ਅਰਾਧਨਾ ਪਾਸ ਲੈ ਗਏ। ਐਮਰਜੈਂਸੀ ਵਿਚ ਦਾਖਲ ਹੋਣ ਤੋਂ ਬਾਅਦ ਈ. ਐੱਨ. ਟੀ. ਮਾਹਿਰ ਡਾ. ਮਾਥੁਰ ਨੇ ਪਟਿਆਲਾ ਰੈਫਰ ਕਰ ਦਿੱਤਾ, ਜਦੋਂ ਕਿ ਹੁਣ ਚੰਡੀਗੜ੍ਹ ਇਲਾਜ ਚੱਲ ਰਿਹਾ ਹੈ। ਸਥਾਨਕ ਪ੍ਰੀਤ ਵਿਹਾਰ ਕਾਲੋਨੀ ਦੇ ਵਸਨੀਕ ਨਰਗਿਸ ਪਰਿਵਾਰ ਨਾਲ ਹੋਈ ਪੁਲਸ ਵਧੀਕੀ ਕਾਰਨ ਲੋਕਾਂ ਤੇ ਵਪਾਰਕ ਜਥੇਬੰਦੀਆਂ ਵਿਚ ਪੁਲਸ ਖਿਲਾਫ਼ ਗੁੱਸਾ ਭੜਕ ਰਿਹਾ ਹੈ। ਐੱਸ. ਐੱਸ. ਪੀ. ਡਾ. ਐੱਸ. ਭੂਪਤੀ ਤੋਂ ਮੰਗ ਕੀਤੀ ਗਈ ਹੈ ਕਿ ਥਾਣੇਦਾਰ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ ਪੀੜਤ ਨੌਜਵਾਨ ਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਜਸਵੰਤ ਸਿੰਘ ਨੇ ਬਿਆਨ ਦਰਜ ਕਰ ਲਏ ਹਨ। ਅਸੀਂ ਐੱਸ. ਐੱਚ. ਓ. ਖਿਲਾਫ਼ ਸਖ਼ਤ ਕਾਰਵਾਈ ਲਈ ਡੀ. ਜੀ. ਪੀ. ਕੋਲ ਜਾਵਾਂਗੇ ਤੇ ਲੋੜ ਪਈ ਤਾਂ ਅਦਾਲਤ ਵਿਚ ਵੀ ਇਨਸਾਫ ਲਈ ਜਾਵਾਂਗਾ। ਇਸ ਮੌਕੇ ਦੀਪਾਂਸ਼ੂ ਦਾ ਚੰਡੀਗੜ੍ਹ ਵਿਚ ਸਰਕਾਰੀ ਡਾਕਟਰ ਅਦਿੱਤੀ ਤੇ ਡਾ². ਜੋਤਿਕੀ ਇਲਾਜ ਕਰ ਰਹੇ ਹਨ। ਮਨੁੱਖੀ ਅਧਿਕਾਰ ਕਮਿਸ਼ਨ ਕੋਲ ਵੀ ਸ਼ਿਕਾਇਤ ਭੇਜੀ ਗਈ ਹੈ।
ਐੱਸ. ਐੱਚ. ਓ. ਨੇ ਦੋਸ਼ਾਂ ਨੂੰ ਨਕਾਰਿਆ
ਨਾਭਾ ਕੋਤਵਾਲੀ ਪੁਲਸ ਦੇ ਐੱਸ. ਐੱਚ. ਓ. ਕਰਨੈਲ ਸਿੰਘ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮੈਂ ਕਿਸੇ ਨੂੰ ਕੁੱਟਿਆ-ਮਾਰਿਆ ਨਹੀਂ।


Related News