ਨਸ਼ੇ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਵਿਅਕਤੀ ਦੀ ਕੁੱਟਮਾਰ
Monday, Apr 14, 2025 - 03:17 PM (IST)

ਗੁਰੂਹਰਸਹਾਏ (ਕਾਲੜਾ) : ਨਸ਼ੇ ਦੇ ਖ਼ਿਲਾਫ਼ ਜਿਹਾਦ ਜਾਰੀ ਰੱਖਣ ਵਾਲੇ ਇਕ ਵਿਅਕਤੀ ਨੂੰ ਆਪਣੀ ਜਾਨ 'ਤੇ ਬਣ ਆਈ, ਜਦ ਉਸ ਨੇ ਨਸ਼ੇ ਦੀਆਂ ਪੁੜੀਆਂ ਬਣਾਉਣ ਵਾਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਥਾਣਾ ਗੁਰੂਹਰਸਹਾਏ ਦੀ ਪੁਲਸ ਨੇ ਇਸ ਮਾਮਲੇ 'ਚ 6 ਬਾਏ ਨੇਮ ਵਿਅਕਤੀਆਂ ਅਤੇ 3 ਅਣਪਛਾਤਿਆਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਸੰਦੀਪ ਕੁਮਾਰ ਪੁੱਤਰ ਕ੍ਰਿਸ਼ਨ ਲਾਲ, ਵਾਸੀ ਆਦਰਸ਼ ਨਗਰ, ਮੰਡੀ ਗੁਰੂਹਰਸਹਾਏ ਨੇ ਦੱਸਿਆ ਕਿ ਜਦ ਉਸ ਨੇ ਨਸ਼ੇ ਦੀਆਂ ਪੁੜੀਆਂ ਤਿਆਰ ਕਰ ਰਹੇ ਵਿਅਕਤੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਲਟ ਉਸ 'ਤੇ ਹਮਲਾ ਕਰ ਦਿੱਤਾ।
31 ਮਾਰਚ ਦੀ ਸ਼ਾਮ ਜਦੋਂ ਉਹ ਆਪਣੇ ਮੁਹੱਲੇ ਦੇ ਕ੍ਰਿਸ਼ਨ ਲਾਲ ਨਾਲ ਸੈਰ ਕਰ ਰਿਹਾ ਸੀ, ਤਦ ਦੋਸ਼ੀਆਂ ਨੇ ਰੰਜ਼ਿਸ਼ ਰੱਖਦਿਆਂ ਹੋਏ ਉਸ ਨੂੰ ਹਥਿਆਰਾਂ ਨਾਲ ਜ਼ਖ਼ਮੀ ਕਰ ਦਿੱਤਾ। ਸੰਦੀਪ ਇਸ ਸਮੇਂ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਇਲਾਜ ਅਧੀਨ ਹੈ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮਹਿਲ ਸਿੰਘ ਨੇ ਪੁਸ਼ਟੀ ਕੀਤੀ ਕਿ ਦੋਸ਼ੀਆਂ ਖ਼ਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।