ਜਵਾਈ ਖ਼ਿਲਾਫ਼ ਸਹੁਰੇ ਦੀ ਕੁੱਟਮਾਰ ਕਰਨ ’ਤੇ ਮਾਮਲਾ ਦਰਜ

Monday, Aug 12, 2024 - 02:47 PM (IST)

ਜਵਾਈ ਖ਼ਿਲਾਫ਼ ਸਹੁਰੇ ਦੀ ਕੁੱਟਮਾਰ ਕਰਨ ’ਤੇ ਮਾਮਲਾ ਦਰਜ

ਡੇਰਾਬੱਸੀ (ਜ.ਬ.) : ਡੇਰਾਬੱਸੀ ਦੇ ਜੈਨ ਮੁਹੱਲੇ ਵਿਚ ਆਪਣੀ ਧੀ ਨੂੰ ਮਿਲਣ ਆਏ ਪਿਤਾ ਦੀ ਉਸਦੇ ਜਵਾਈ ਵੱਲੋਂ ਕੁੱਟਮਾਰ ਕਰਨ ਤੋਂ ਬਾਅਦ ਪੁਲਸ ਨੇ ਜਵਾਈ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਰਜਿੰਦਰ ਕੁਮਾਰ ਵਾਸੀ ਯਮੁਨਾਨਗਰ ਨੇ ਕਿਹਾ ਕਿ ਉਸ ਦੀ ਧੀ ਰੰਜੂ ਆਪਣੇ ਪਤੀ ਨਵਨੀਤ ਮੋਦਗਿਲ ਉਰਫ਼ ਚੰਦ ਨਾਲ ਡੇਰਾਬੱਸੀ ਦੇ ਜੈਨ ਇਲਾਕੇ ’ਚ ਰਹਿੰਦੀ ਹੈ।

ਉਸ ਦੀ ਧੀ ਨੇ ਉਸ ਨੂੰ ਫੋਨ ’ਤੇ ਦੱਸਿਆ ਕਿ ਉਹ ਕੁੱਝ ਦਿਨਾਂ ਤੋਂ ਠੀਕ ਨਹੀਂ ਹੈ। ਰਜਿੰਦਰ ਕੁਮਾਰ ਆਪਣੀ ਧੀ ਨੂੰ ਮਿਲਣ ਡੇਰਾਬੱਸੀ ਆਇਆ ਤੇ ਉਹ ਦੋ ਦਿਨਾਂ ਤੋਂ ਕੁੜੀ ਕੋਲ ਇੱਥੇ ਰਹਿ ਰਿਹਾ ਸੀ। ਮਿਸਤਰੀ ਉਸ ਦੇ ਘਰ ਕੰਮ ਕਰ ਰਹੇ ਸਨ। ਇਸ ਦੌਰਾਨ ਰੰਜੂ ਅਤੇ ਉਸ ਦੇ ਪਤੀ ਨਵਨੀਤ ਮੌਦਗਿਲ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਜਦੋਂ ਰਜਿੰਦਰ ਕੁਮਾਰ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸ ਨੇ ਉੱਥੇ ਪਈ ਲੋਹੇ ਦੀ ਚੀਜ਼ ਨਾਲ ਉਸ ਦੇ ਸਿਰ ’ਤੇ ਵਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਮੌਕੇ ਤੋਂ ਫ਼ਰਾਰ ਹੋ ਗਿਆ।

ਜ਼ਖਮੀ ਹਾਲਤ ’ਚ ਉਸ ਦੀ ਧੀ ਰੰਜੂ ਨੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਰਜਿੰਦਰ ਕੁਮਾਰ ਦੇ ਬਿਆਨਾਂ ’ਤੇ ਪੁਲਸ ਨੇ ਉਸ ਦੇ ਜਵਾਈ ਨਵਨੀਤ ਮੋਦਗਿਲ ਉਰਫ਼ ਚੰਦ ਦੇ ਖ਼ਿਲਾਫ਼ ਬੀ.ਐੱਨ.ਐੱਸ. ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਅਦ ’ਚ ਉਸ ਨੂੰ ਜ਼ਮਾਨਤ ’ਤੇ ਛੱਡ ਦਿੱਤਾ ਗਿਆ ਹੈ।


author

Babita

Content Editor

Related News