ਖਰੜ 'ਚ ਮਹੰਤਾਂ ਨਾਲ ਸ਼ਰੇਆਮ ਗੁੰਡਾਗਰਦੀ, ਕੁੱਟ-ਕੁੱਟ ਕੀਤੇ ਅਧਮੋਏ
Saturday, Oct 31, 2020 - 04:21 PM (IST)

ਚੰਡੀਗੜ੍ਹ (ਕੁਲਦੀਪ) : ਖਰੜ 'ਚ ਉਸ ਵੇਲੇ ਵੱਡੀ ਵਾਰਦਾਤ ਸਾਹਮਣੇ ਆਈ, ਜਦੋਂ ਸਿਆਸੀ ਸ਼ੈਅ 'ਤੇ ਕੁੱਝ ਲੋਕਾਂ ਵੱਲੋਂ ਮਹੰਤਾਂ ਨਾਲ ਗੁੰਡਾਗਰਦੀ ਕਰਦਿਆਂ ਉਨ੍ਹਾਂ ਨੂੰ ਕੁੱਟ-ਕੁੱਟ ਕੇ ਅਧਮੋਏ ਕਰ ਦਿੱਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਮਹੰਤ ਪੂਜਾ ਅਤੇ ਗੁਰੂ ਬੀਬੀ ਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਚੇਲੇ ਮਹੰਤਾਂ 'ਤੇ ਜੋਤੀ ਡਾਂਸਰ, ਰਾਜੇਸ਼ ਮਲਿਕ, ਸਾਜਨ, ਅਰੁਣ ਜੈਨ ਅਤੇ ਹੋਰ ਕਈ ਲੋਕਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਉਹ ਗੰਭੀਰ ਜ਼ਖਮੀਂ ਹੋ ਗਏ ਅਤੇ ਖਰੜ ਦੇ ਸਰਕਾਰੀ ਹਸਪਤਾਲ 'ਚ ਕੁੱਝ ਲੋਕ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ।
ਉਨ੍ਹਾਂ ਦੱਸਿਆ ਕਿ ਪੁਲਸ ਨੂੰ ਇਸ ਬਾਰੇ ਸ਼ਿਕਾਇਤ ਵੀ ਦਿੱਤੀ ਗਈ ਪਰ ਪੁਲਸ ਉਕਤ ਦੋਸ਼ੀਆਂ 'ਤੇ ਮਿਹਰਬਾਨ ਨਜ਼ਰ ਆਈ। ਮਹੰਤ ਪੂਜਾ ਨੇ ਕਿਹਾ ਕਿ ਜੇਕਰ ਪੁਲਸ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਾ ਕੀਤੀ ਗਈ ਤਾਂ ਉਹ ਮਜਬੂਰਨ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਦੋਸ਼ੀ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹਨ, ਇਸ ਲਈ ਜਲਦ ਤੋਂ ਜਲਦ ਉਨ੍ਹਾਂ 'ਤੇ ਕਾਰਵਾਈ ਕਰਕੇ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਜਾਵੇ।