ਰਾਤ ਵੇਲੇ ਕਿਸੇ ਨੂੰ ਲਿਫਟ ਦਿੰਦੇ ਹੋ ਤਾਂ ਹੋ ਜਾਓ ਸਾਵਧਾਨ!
Thursday, Oct 24, 2024 - 11:03 AM (IST)
ਬਠਿੰਡਾ (ਸੁਖਵਿੰਦਰ) : ਜੇਕਰ ਤੁਸੀਂ ਵੀ ਰਾਤ ਨੂੰ ਕਿਸੇ ਨੂੰ ਲਿਫਟ ਦੇਣ ਦਾ ਨੇਕ ਕੰਮ ਕਰਦੇ ਹੋ ਤਾਂ ਸਾਵਧਾਨ ਹੋ ਜਾਓ। ਲੁਟੇਰਿਆਂ ਨੇ ਲਿਫਟ ਲੈਣ ਦੀ ਆੜ ’ਚ ਲੁੱਟਾਂ-ਖੋਹਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਬੀਤੀ ਰਾਤ 3-4 ਅਣਪਛਾਤੇ ਵਿਅਕਤੀਆਂ ਨੇ ਰਿੰਗ ਰੋਡ ’ਤੇ ਇਕ ਕਾਰ ’ਚ ਲਿਫਟ ਲੈ ਕੇ ਕਾਰ ਚਾਲਕ ਤੋਂ 43 ਹਜ਼ਾਰ ਰੁਪਏ ਤੋਂ ਵੱਧ ਦੀ ਨਕਦੀ ਲੁੱਟ ਲਈ, ਉਸ ਦੀ ਕੁੱਟਮਾਰ ਕਰ ਕੇ ਫ਼ਰਾਰ ਹੋ ਗਏ। ਥਾਣਾ ਕੈਨਾਲ ਕਾਲੋਨੀ ਦੀ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਹਰਵਿੰਦਰ ਸਿੰਘ ਵਾਸੀ ਤਾਮਕੋਟ ਜ਼ਿਲ੍ਹਾ ਮਾਨਸਾ ਨੇ ਦੱਸਿਆ ਕਿ ਬੀਤੀ 17 ਅਕਤੂਬਰ ਦੀ ਰਾਤ ਨੂੰ ਉਹ ਆਪਣੀ ਕਾਰ ’ਚ ਪਿੰਡ ਦਿਉਣ ਤੋਂ ਵਾਪਸ ਆਪਣੇ ਪਿੰਡ ਜਾਣ ਲਈ ਨਿਕਲਿਆ ਸੀ। ਬਠਿੰਡਾ ਰੰਗ ਰੋਡ ’ਤੇ ਸੜਕ ਕਿਨਾਰੇ ਖੜ੍ਹੀ ਇਕ ਔਰਤ ਅਤੇ ਬੱਚੇ ਸਮੇਤ ਇਕ ਵਿਅਕਤੀ ਨੇ ਉਸ ਨੂੰ ਲਿਫ਼ਟ ਲੈਣ ਦੇ ਬਹਾਨੇ ਰੋਕ ਲਿਆ। ਜਿਵੇਂ ਹੀ ਕਾਰ ਰੁਕੀ ਤਾਂ ਉਕਤ ਵਿਅਕਤੀ ਅਤੇ ਉਨ੍ਹਾਂ ਦੇ ਕੁੱਝ ਸਾਥੀ ਜ਼ਬਰਦਸਤੀ ਕਾਰ ’ਚ ਸਵਾਰ ਹੋ ਗਏ। ਮੁਲਜ਼ਮਾਂ ਨੇ ਉਸ ਨੂੰ ਨਸ਼ਾ ਦੇ ਕੇ ਅਰਧ ਬੇਹੋਸ਼ ਕਰ ਦਿੱਤਾ ਅਤੇ ਕਾਰ ਸੁੰਨਸਾਨ ਥਾਂ ’ਤੇ ਲੈ ਗਏ। ਉੱਥੇ ਲਿਜਾ ਕੇ ਮੁਲਜ਼ਮਾਂ ਨੇ ਉਸ ਦੀ ਜੇਬ ’ਚੋਂ 18 ਹਜ਼ਾਰ ਰੁਪਏ ਦੀ ਨਕਦੀ ਕੱਢ ਲਈ।
ਇੰਨਾ ਹੀ ਨਹੀਂ, ਮੁਲਜ਼ਮਾਂ ਨੇ ਉਸ ਨੂੰ ਡਰਾ-ਧਮਕਾ ਕੇ ਉਸ ਦਾ ਗੂਗਲ ਪੇਅ ਕੋਡ ਲੈ ਲਿਆ, ਜਦੋਂ ਉਹ ਅੱਧੀ ਹੋਸ਼ ’ਚ ਸੀ ਅਤੇ ਵੱਖ-ਵੱਖ ਐਂਟਰੀਆਂ ਰਾਹੀਂ ਉਸ ਦੇ ਵੱਖ-ਵੱਖ ਖ਼ਾਤਿਆਂ ’ਚ 25,900 ਰੁਪਏ ਤੋਂ ਜ਼ਿਆਦਾ ਦੀ ਰਕਮ ਕੱਢਵਾ ਲਈ। ਅਜਿਹਾ ਕਰ ਕੇ ਮੁਲਜ਼ਮਾਂ ਨੇ ਉਸ ਕੋਲੋਂ 43 ਹਜ਼ਾਰ ਰੁਪਏ ਤੋਂ ਵੱਧ ਦੀ ਲੁੱਟ ਕੀਤੀ। ਬਾਅਦ ’ਚ ਮੁਲਜ਼ਮਾਂ ਨੇ ਉਸ ਨੂੰ ਡਰਾ-ਧਮਕਾ ਕੇ ਵੀਡੀਓ ਬਣਾ ਲਈ, ਜਿਸ ’ਚ ਉਸ ਨੂੰ ਇਹ ਕਹਿਣ ਲਈ ਮਜਬੂਰ ਕੀਤਾ ਗਿਆ ਕਿ ਉਹ ਜ਼ਬਰਦਸਤੀ ਉਨ੍ਹਾਂ ਦੇ ਘਰ ’ਚ ਦਾਖ਼ਲ ਹੋਇਆ ਹੈ। ਬਾਅਦ ਵਿਚ ਮੁਲਜ਼ਮ ਉਥੋਂ ਫ਼ਰਾਰ ਹੋ ਗਏ। ਕਿਸੇ ਤਰ੍ਹਾਂ ਉਹ ਥਾਣੇ ਪਹੁੰਚ ਗਿਆ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।