ਸਾਵਧਾਨ! ਕਿਤੇ ਤੁਸੀਂ ਜ਼ਹਿਰ ਤਾਂ ਨਹੀਂ ਖਾ ਰਹੇ
Monday, Jan 22, 2018 - 02:44 AM (IST)

ਸੰਗਰੂਰ/ਸੰਦੌੜ, (ਬੇਦੀ, ਰਿਖੀ)— ਹਰ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਸ ਦਾ ਖਾਣਾ ਸਾਫ, ਸ਼ੁੱਧ ਅਤੇ ਪੌਸ਼ਟਿਕ ਹੋਵੇ ਤੇ ਆਪੋ-ਆਪਣੀ ਸਮਰੱਥਾ ਅਨੁਸਾਰ ਹਰ ਕੋਈ ਇਸ ਲਈ ਉਪਰਾਲੇ ਵੀ ਕਰਦਾ ਹੈ। ਜਦੋਂ ਦਿਨ ਭਰ ਦੀ ਭੱਜ-ਦੌੜ ਤੋਂ ਬਾਅਦ ਚੰਗੀ ਕੀਮਤ ਅਦਾ ਕਰ ਕੇ ਖਰੀਦੇ ਚੰਗੇ ਫਲ, ਸਬਜ਼ੀਆਂ ਤੇ ਅਨਾਜ ਦੇ ਖਾਣ ਨਾਲ ਲਾਭ ਘੱਟ ਅਤੇ ਨੁਕਸਾਨ ਜ਼ਿਆਦਾ ਹੋਣ ਲੱਗ ਪਵੇ ਤਾਂ ਸਿਵਾਏ ਪ੍ਰੇਸ਼ਾਨੀ ਤੋਂ ਹੋਰ ਕੁਝ ਨਹੀਂ ਹੁੰਦਾ । ਸਾਡਾ ਪਾਣੀ ਤਾਂ ਪਹਿਲਾਂ ਹੀ ਦੁਸ਼ਿਤ ਹੋ ਚੁੱਕਾ ਹੈ ਅਤੇ ਹੁਣ ਸਾਡੀ ਧਰਤੀ ਵੀ ਆਪਣੇ ਪੌਸ਼ਕ ਤੱਤ ਗਵਾਉਂਦੀ ਜਾ ਰਹੀ ਹੈ। ਅਜੇ ਵੀ ਸਮਾਂ ਹੈ ਕਿ ਕੁਝ ਸੋਚਿਆ ਜਾਵੇ ਕਿਉਂਕਿ ਜੇਕਰ ਹਵਾ, ਪਾਣੀ ਤੇ ਖਾਣਾ ਹੀ ਸ਼ੁੱਧ ਨਹੀਂ ਰਹੇਗਾ ਤਾਂ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਸ਼ੁੱਭ ਸੰਕੇਤ ਨਹੀਂ ਹੈ।
ਨੈਸ਼ਨਲ ਇੰਸਟੀਚਿਊਟ ਆਫ ਨਿਊਟ੍ਰੀਸ਼ੀਅਨ ਦੀ ਰਿਪੋਰਟ ਅਨੁਸਾਰ ਦੇਸ਼ 'ਚ ਖਾਦ ਪਦਾਰਥਾਂ ਵਿਚ ਜ਼ਰੂਰੀ ਤੱਤਾਂ 'ਚ ਵੱਡੀ ਕਮੀ ਆ ਰਹੀ ਹੈ। ਪਿਛਲੇ ਸਾਲਾਂ ਤੋਂ ਇਹ ਕਮੀ ਬਹੁਤ ਜ਼ਿਆਦਾ ਹੈ । ਇੰਡੀਅਨ ਡਾਇਟਿਕ ਐਸੋਸੀਏਸ਼ਨ( ਆਈ.ਡੀ.ਏ.) ਵੱਲੋਂ ਤਿਆਰ ਕੀਤੇ ਗਏ ਚਾਰਟ ਅਨੁਸਾਰ ਸਾਡੇ ਰੋਜ਼ਾਨਾ ਦੇ ਖਾਣ ਵਾਲੇ ਪਦਾਰਥਾਂ 'ਚ ਸਰੀਰ ਲਈ ਜ਼ਰੂਰੀ ਤੱਤਾਂ ਦੀ ਘਾਟ ਪੈਦਾ ਹੋ ਚੁੱਕੀ ਹੈ। ਸ਼ਾਇਦ ਇਸੇ ਕਰਕੇ ਬੀਮਾਰਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।
ਇੰਡੀਅਨ ਡਾਇਟਿਕ ਐਸੋਸੀਏਸ਼ਨ ਵੱਲੋਂ ਕੀਤੀ ਗਈ ਖੋਜ ਅਨੁਸਾਰ ਕਣਕ 'ਚ 9 ਫੀਸਦੀ ਕਾਰਬੋਹਾਈਡ੍ਰੇਟਸ ਦੀ ਕਮੀ, ਬਾਜਰੇ 'ਚ 8.5 ਫੀਸਦੀ ਕਾਰਬੋਹਾਈਡ੍ਰੇਟਸ ਦੀ ਕਮੀ, ਮੂੰਗੀ ਦੀ ਦਾਲ ਵਿਚ 6.12 ਫੀਸਦੀ ਆਇਰਨ ਦੀ ਕਮੀ, ਮਸਰ ਦੀ ਦਾਲ 'ਚ 10 ਫੀਸਦੀ ਪ੍ਰੋਟੀਨ ਦੀ ਕਮੀ ਤੇ ਆਲੂ 'ਚ ਵਿਟਾਮਿਨ-ਬੀ, ਮੈਗਨੀਸ਼ੀਅਮ ਤੇ ਜ਼ਿੰਕ ਦੀ 66 ਤੋਂ 73 ਫੀਸਦੀ ਕਮੀ, ਟਮਾਟਰ 'ਚ ਆਇਰਨ ਜ਼ਿੰਕ ਤੇ ਵਿਟਾਮਿਨ-ਬੀ ਦੀ 66-73 ਫੀਸਦੀ ਕਮੀ, ਸੇਬ ਵਿਚ 60 ਫੀਸਦੀ ਆਇਰਨ ਦੀ ਕਮੀ ਪਾਈ ਜਾ ਰਹੀ ਹੈ।
ਚੰਗੀ ਸਿਹਤ ਦੇ ਮਾਮਲੇ 'ਚ ਹੇਠਾਂ ਜਾ ਰਿਹਾ ਦੇਸ਼
ਪੰਜ ਬਰਿਕਸ ਦੇਸ਼ਾਂ 'ਚ ਭਾਰਤ ਸਭ ਤੋਂ ਅਸਵਸਥ ਦੇਸ਼ ਹੈ । ਬਰਿਕਸ ਦੇਸ਼ਾਂ 'ਚ ਭਾਰਤ ਤੋਂ ਇਲਾਵਾ ਚੀਨ, ਰਸ਼ੀਆ, ਬ੍ਰਾਜ਼ੀਲ, ਸਾਊਥ ਅਫਰੀਕਾ ਸ਼ਾਮਲ ਹਨ । 2013 ਵਿਚ ਦੁਨੀਆ ਦੇ ਕੁੱਲ ਬੀਮਾਰ ਵਿਅਕਤੀਆਂ 'ਚ 20 ਫੀਸਦੀ ਭਾਰਤੀ ਸਨ । ਭਾਰਤ ਵਿਚ 7 ਕਰੋੜ ਲੋਕ ਸ਼ੂਗਰ ਦੇ ਰੋਗ ਨਾਲ ਗ੍ਰਸਤ ਹਨ । ਸ਼ੂਗਰ ਦੇ ਮਰੀਜ਼ਾਂ ਦੇ ਮਾਮਲੇ 'ਚ ਭਾਰਤ ਚੀਨ ਤੋਂ ਬਾਅਦ ਦੂਸਰੇ ਨੰਬਰ 'ਤੇ ਹੈ ਅਤੇ ਆਏ ਦਿਨ ਦਿਲ ਅਤੇ ਕਿਡਨੀ ਰੋਗਾਂ ਨਾਲ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਅਜਿਹੇ ਵਿਚ ਸਾਫ ਹਵਾ, ਪਾਣੀ ਤੇ ਸ਼ੁੱਧ ਤੇ ਚੰਗਾ ਭੋਜਨ ਹੀ ਹੈ ਜੋ ਬੀਮਾਰਾਂ ਲਈ ਰਾਹਤ ਬਣ ਸਕਦਾ ਹੈ ।
ਦਵਾਈ ਦੇ ਛਿੜਕਾਅ ਉਪਰੰਤ ਜਲਦੀ ਤੋੜ ਲਈ ਜਾਂਦੀ ਐ ਸਬਜ਼ੀ
ਬਹੁਤ ਸਾਰੇ ਲੋਕ ਫਲਾਂ ਤੇ ਸਬਜ਼ੀਆਂ ਦਾ ਵਪਾਰ ਕਰਦੇ ਹਨ ਪਰ ਕਈ ਲੋਕ ਤਾਂ ਪੈਸੇ ਦੇ ਇੰਨੇ ਲਾਲਚੀ ਹੋ ਜਾਂਦੇ ਹਨ ਕਿ ਉਹ ਆਪਣੇ ਲਾਲਚ ਵਿਚ ਦੂਸਰਿਆਂ ਦੀ ਸਿਹਤ ਦਾ ਖਿਆਲ ਵੀ ਭੁੱਲ ਜਾਂਦੇ ਹਨ। ਇਕਬਾਲ ਖਾਂ ਨੇ ਦੱਸਿਆ ਕਿ ਕਈ ਲੋਕ ਸ਼ਾਮ ਨੂੰ ਸਪਰੇਅ ਕਰ ਕੇ ਸਵੇਰ ਨੂੰ ਸਬਜ਼ੀ ਤੋੜ ਕੇ ਮੰਡੀ 'ਚ ਵੇਚ ਦਿੰਦੇ ਹਨ। ਅਜਿਹੇ ਵਿਚ ਉਕਤ ਸਬਜ਼ੀ ਨੂੰ ਖਰੀਦਣ ਵਾਲਾ ਇਨਸਾਨ ਜਾਣਦਾ ਵੀ ਨਹੀਂ ਹੁੰਦਾ ਕਿ ਉਹ ਸਿੱਧੇ ਰੂਪ 'ਚ ਰਸਾਇਣ ਖਾ ਰਿਹਾ ਹੈ, ਜੋ ਉਸ ਲਈ ਮਾਰੂ ਸਾਬਤ ਹੋ ਸਕਦਾ ਹੈ ।
ਪੈਸਿਆਂ ਨਾਲ ਸਭ ਕੁੱਝ ਖਰੀਦਿਆ ਜਾ ਸਕਦੈ ਪਰ ਸ਼ੁੱਧ ਵਾਤਾਵਰਣ ਨਹੀਂ
ਖੇੜੀ ਕਲਾਂ ਦੇ ਅਗਾਂਹਵਧੂ ਕਿਸਾਨ ਹਰਨੇਕ ਸਿੰਘ, ਜੋ ਬੀ. ਐੱਸ. ਸੀ. ਨਾਨ-ਮੈਡੀਕਲ ਦੀ ਯੋਗਤਾ ਰੱਖਦੇ ਹਨ, 18 ਏਕੜ ਜ਼ਮੀਨ 'ਚ ਆਰਗੈਨਿਕ ਖੇਤੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਕੀੜੇਮਾਰ ਦਵਾਈਆਂ ਦਾ ਸਟੋਰ ਚਲਾਉਂਦੇ ਹਨ ਅਤੇ ਉਨ੍ਹਾਂ ਨੂੰ ਜਦੋਂ ਗਿਆਨ ਹੋਇਆ ਕਿ ਕੀੜੇਮਾਰ ਦਵਾਈਆਂ ਮਨੁੱਖ ਲਈ ਮਾਰੂ ਹਨ ਤਾਂ ਉਨ੍ਹਾਂ ਨੇ ਆਪਣਾ ਮਨ ਆਰਗੈਨਿਕ ਖੇਤੀ ਕਰਨ ਦਾ ਬਣਾ ਲਿਆ ਅਤੇ ਹੁਣ ਉਹ ਪਿਛਲੇ ਪੰਜ ਸਾਲਾਂ ਤੋਂ ਸਾਰੀ ਖੇਤੀ ਆਰਗੈਨਿਕ ਢੰਗ ਨਾਲ ਕਰ ਰਹੇ ਹਨ।
ਹਰਨੇਕ ਸਿੰਘ ਨੇ ਦੱਸਿਆ ਕਿ ਡੀ. ਏ. ਪੀ. ਨਾਲ ਕੈਂਸਰ ਵਰਗੀ ਬੀਮਾਰੀ ਹੋ ਸਕਦੀ ਹੈ, ਜਿਸ ਨਾਲ ਯੁਰੇਨੀਅਮ ਤੱਤ ਪੈਦਾ ਹੁੰਦਾ ਹੈ, ਜ਼ਿੰਕ ਦੀ ਕਮੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਅਤੇ ਲੋਕ ਭਲੇ ਲਈ ਉਹ ਆਰਗੈਨਿਕ ਖੇਤੀ ਕਰਦੇ ਹਨ ਕਿਉਂਕਿ ਪੈਸਿਆਂ ਨਾਲ ਸਭ ਕੁੱਝ ਖਰੀਦਿਆ ਜਾ ਸਕਦਾ ਹੈ ਪਰ ਸ਼ੁੱਧ ਹਵਾ ਤੇ ਵਾਤਾਵਰਣ ਨਹੀਂ । ਜ਼ਿਲੇ ਭਰ ਵਿਚ 100 ਕਿਸਾਨ ਆਰਗੈਨਿਕ ਖੇਤੀ ਵੱਲ ਤੁਰ ਪਏ ਹਨ ਤੇ ਉਹ ਲਗਾਤਾਰ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਕੋਈ ਸਹਾਇਤਾ ਨਹੀਂ ਕਰ ਰਹੀ ਬਲਕਿ ਪੰਜਾਬ ਵਿਚ ਤਾਂ ਅਨਾਜ ਜਾਂਚ ਦਾ ਕੇਂਦਰ ਹੀ ਨਹੀਂ ਹੈ। ਉਨ੍ਹਾਂ ਨੇ 6000 ਰੁਪਏ ਫੀਸ ਅਦਾ ਕਰ ਕੇ ਗੁੜਗਾਓਂ ਤੋਂ ਫੂਡ ਅਨੈਲਸਿਸ ਐਂਡ ਰਿਸਰਚ ਲੈਬਾਰਟਰੀ ਫੇਅਰਲੈਬ ਰਾਹੀਂ ਆਪਣੇ ਅਨਾਜ ਦੀ ਜਾਂਚ ਕਰਵਾਈ।