ਹੁਣ ਪਰਾਲੀ 'ਤੇ ਚੱਲੇਗਾ ਬਠਿੰਡਾ ਥਰਮਲ : ਕਾਂਗੜ (ਵੀਡੀਓ)

Wednesday, Dec 05, 2018 - 05:56 PM (IST)

ਬਠਿੰਡਾ(ਅਮਿਤ)— ਬਠਿੰਡਾ ਥਰਮਲ ਪਲਾਂਟ ਨੂੰ ਪਰਾਲੀ ਨਾਲ ਚਲਾਉਣ ਦਾ ਫੈਸਲਾ ਹੋ ਚੁੱਕਾ ਹੈ ਅਤੇ ਜਲਦ ਹੀ ਇਸ ਨੂੰ ਅਮਲੀਜਾਮਾ ਪਹਿਣਾ ਕੇ ਸ਼ੁਰੂ ਕਰਾਇਆ ਜਾਏਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕੀਤਾ। ਤੁਹਾਨੂੰ ਦੱਸ ਦੇਈਏ ਕਿ ਕਾਂਗੜ ਆਪਣੇ ਹਲਕੇ ਦਿਆਲਪੁਰ ਵਿਚ ਸੰਗਤ ਦਰਸ਼ਨ ਕਰਨ ਪਹੁੰਚੇ ਹੋਏ ਸਨ।

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਥਰਮਲ ਕਰਮਚਾਰੀਆਂ ਦੀ ਮੰਗ ਸੀ ਕਿ ਇਸ ਥਰਮਲ ਨੂੰ ਬੰਦ ਨਾ ਕੀਤਾ ਜਾਏ। ਇਸ ਨੂੰ ਦੇਖਦੇ ਹੋਏ ਪਾਵਰ ਕਾਰਪੋਰੇਸ਼ਨ ਅਤੇ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਇਸ ਨੂੰ ਪਰਾਲੀ ਨਾਲ ਹੀ ਚਲਾਇਆ ਜਾਏਗਾ ਜਿਸ ਨਾਲ ਪ੍ਰਦੂਸ਼ਣ ਵੀ ਨਹੀਂ ਹੋਵੇਗਾ ਅਤੇ ਕਿਸਾਨਾਂ ਨੂੰ ਵੀ ਇਸ ਦਾ ਫਾਇਦਾ ਮਿਲੇਗਾ। ਉਨ੍ਹਾਂ ਨੇ ਪਰਾਲੀ ਨੂੰ ਘੱਟ ਸਾੜਨ ਲਈ ਕਿਸਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਮੀਦ ਹੈ ਕਿ ਆਉਣ ਵਾਲੇ ਸੀਜ਼ਨ ਵਿਚ ਵੀ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ, ਜਿਸ ਦੇ ਚਲਦੇ ਵਾਤਾਵਰਨ ਗੰਦਲਾ ਨਹੀਂ ਹੋਵੇਗਾ। ਕਾਂਗੜ ਨੇ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਵਲੋਂ ਮਲੂਕਾ 'ਤੇ ਡੇਰਾ ਪ੍ਰੇਮੀਆਂ ਦੇ ਨੇੜੇ ਹੋਣ ਦੇ ਲਗਾਏ ਦੋਸ਼ਾਂ 'ਤੇ ਕਿ ਇਹ ਗੱਲ ਬਿਲਕੁੱਲ ਸਹੀ ਹੈ ਕਿ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਹਮੇਸ਼ਾ ਡੇਰਾ ਪ੍ਰੇਮੀਆਂ ਦੇ ਨੇੜੇ ਰਿਹਾ ਹੈ।

ਜਦੋਂ ਕਾਂਗੜ ਕੋਲੋਂ ਪੁੱਛਿਆ ਗਿਆ ਕਿ ਵਿਰੋਧੀ ਉਨ੍ਹਾਂ 'ਤੇ ਦੋਸ਼ ਲਗਾ ਰਹੇ ਹਨ ਕਿ ਉਹ ਅਕਾਲੀ ਦਲ ਦੇ ਕਰਜਕਰਤਾਵਾਂ 'ਤੇ ਪਰਚੇ ਕਰਵਾ ਰਹੇ ਹਨ। ਇਸ ਦੇ ਜਵਾਬ ਵਿਚ ਉਨ੍ਹਾਂ ਕਿਹਾ ਇਹ ਬਿਲਕੁੱਲ ਗਲਤ ਅਤੇ ਬੇਬੁਨਿਆਦ ਦੋਸ਼ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਉਨ੍ਹਾਂ ਨੂੰ ਬਿਨਾਂ ਵਜ੍ਹਾ ਬਦਨਾਮ ਕਰ ਰਿਹਾ ਹੈ। ਸਗੋਂ ਪਿਛਲੇ 10 ਸਾਲਾਂ ਵਿਚ ਅਕਾਲੀ ਦਲ ਵਲੋਂ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਗਈ ਹੈ, ਜਿਸ ਨਾਲ ਉਹ ਖੁਦ ਪੀੜਤ ਰਹੇ। ਅਕਾਲੀ ਦਲ ਵਲੋਂ ਉਨ੍ਹਾਂ 'ਤੇ ਕਈ ਪਰਚੇ ਕੀਤੇ ਗਏ ਪਰ ਕਾਂਗਰਸ ਵਿਚ ਕੁੱਝ ਅਜਿਹਾ ਨਹੀਂ ਹੈ।


author

cherry

Content Editor

Related News