ਬਠਿੰਡਾ : ਬੈਂਸ ਦੀ ਗ੍ਰਿਫਤਾਰੀ ਲਈ DC ਦਫਤਰ ਦੇ ਮੁਲਾਜ਼ਮਾਂ ਨੇ ਕੀਤੀ ਕਲਮ ਛੋੜ ਹੜਤਾਲ
Monday, Sep 09, 2019 - 04:50 PM (IST)

ਬਠਿੰਡਾ (ਅਮਿਤ ਸ਼ਰਮਾ) : ਗੁਰਦਾਸਪੁਰ ਦੇ ਡੀ. ਸੀ. ਵਿਪੁਲ ਉੱਜਵਾਲ ਨਾਲ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵਲੋਂ ਦੁਰਵਿਹਾਰ ਕਰਨ ਦਾ ਮਾਮਲਾ ਲਗਾਤਾਰ ਤੂਲ ਫੜ੍ਹਦਾ ਜਾ ਰਿਹਾ ਹੈ। ਬੀਤੇ ਦਿਨ ਬਟਾਲਾ ਦੇ ਐੱਸ. ਡੀ. ਐੱਮ. ਵਲੋਂ ਸਿਮਰਜੀਤ ਬੈਂਸ ਖਿਲਾਫ ਪਰਚਾ ਵੀ ਦਰਜ ਕਰਾਇਆ ਗਿਆ ਸੀ ਪਰ ਸੋਮਵਾਰ ਨੂੰ ਪੂਰੇ ਪੰਜਾਬ ਦੇ ਡੀ. ਸੀ. ਦਫਤਰਾਂ ਦੇ ਮੁਲਾਜ਼ਮ ਹੜਤਾਲ 'ਤੇ ਚਲੇ ਗਏ ਹਨ।
ਇਸ ਦੇ ਤਹਿਤ ਬਠਿੰਡਾ ਦੇ ਡੀ. ਸੀ. ਦਫਤਰ ਦੇ ਮੁਲਾਜ਼ਮਾਂ ਨੇ ਵੀ ਕਲਮ ਛੋੜ ਹੜਤਾਲ ਸ਼ੁਰੂ ਕੀਤੀ ਅਤੇ ਦਫਤਰ ਦੇ ਬਾਹਰ ਮੁਲਾਜ਼ਮਾਂ ਵਲੋਂ ਵੱਡਾ ਧਰਨਾ ਲਾਇਆ ਗਿਆ ਹੈ। ਇਸ ਦੌਰਾਨ ਸਿਮਰਜੀਤ ਬੈਂਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਹੈ। ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਿਮਰਜੀਤ ਸਿੰਘ ਬੈਂਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਕਲਮ ਛੋੜ ਹੜਤਾਲ ਜਾਰੀ ਰਹੇਗੀ।