ਐਤਵਾਰ ਦਾ ਦਿਨ ਰਿਹਾ ਸਾਲ ਦਾ ਸਭ ਤੋਂ ਠੰਡਾ ਦਿਨ, ਨਿਊਨਤਮ ਤਾਪਮਾਨ 2.4 ਡਿਗਰੀ
Sunday, Dec 29, 2019 - 08:15 PM (IST)

ਬਠਿੰਡਾ, (ਪਰਮਿੰਦਰ)- ਐਤਵਾਰ ਦਾ ਦਿਨ ਬਠਿੰਡਾ ’ਚ ਇਸ ਸਾਲ ਦਾ ਸਭ ਤੋਂ ਠੰਡਾ ਦਿਨ ਰਿਹਾ। ਬਠਿੰਡਾ ਦਾ ਘੱਟ ਤੋਂ ਘੱਟ ਤਾਪਮਾਨ 2.4 ਡਿਗਰੀ ਰਿਕਾਰਡ ਕੀਤਾ ਗਿਆ। ਐਤਵਾਰ ਨੂੰ ਪੂਰਾ ਦਿਨ ਸੂਰਜ ਨਹੀਂ ਨਿਕਲਿਆ ਅਤੇ ਠੰਡੀਆਂ ਹਵਾਵਾਂ ਚਲਦੀਆਂ ਰਹੀਆਂ। ਕਡ਼ਾਕੇ ਦੀ ਠੰਡ ਕਾਰਣ ਲੋਕ ਘਰਾਂ ’ਚ ਹੀ ਰਹੇ, ਜਿਸ ਕਾਰਣ ਬਾਜ਼ਾਰਾਂ ’ਚ ਸੰਨਾਟਾ ਛਾਇਆ ਰਿਹਾ। ਲੋਕ ਜਗ੍ਹਾ-ਜਗ੍ਹਾ ’ਤੇ ਅੱਗ ਬਾਲ ਕੇ ਸੇਕਦੇ ਨਜ਼ਰ ਆਏ। ਗਰਮ ਕੱਪਡ਼ੇ ਖਰੀਦਣ ਲਈ ਲੋਕ ਸੰਡੇ ਬਾਜ਼ਾਰ ’ਚ ਜ਼ਰੂਰ ਪਹੁੰਚੇ ਪਰ ਦਿਨ ਢੱਲਦੇ ਹੀ ਸੰਡੇ ਬਾਜ਼ਾਰ ਦੀ ਰੌਣਕ ਵੀ ਗਾਇਬ ਹੋ ਗਈ। ਚਾਹ ਦੀਆਂ ਸਟਾਲਾਂ, ਪਕੌਡ਼ਿਆਂ ਅਤੇ ਗਰਮ-ਗਰਮ ਜਲੇਬੀਆਂ ਦੀ ਰੇਹਡ਼ੀਆਂ ’ਤੇ ਜ਼ਰੂਰ ਕੁਝ ਰੌਣਕ ਦੇਖਣ ਨੂੰ ਮਿਲੀ। ਠੰਡ ਕਾਰਣ ਬੇਘਰ ਅਤੇ ਬੇਸਹਾਰਾ ਲੋਕਾਂ ਨੂੰ ਸਭ ਤੋਂ ਵਧ ਪ੍ਰੇਸ਼ਾਨੀਆਂ ਆ ਰਹੀਆਂ ਹਨ।
ਠੰਡ ਤੋਂ ਬੱਚੇ ਅਤੇ ਬਜ਼ੁਰਗ ਪ੍ਰੇਸ਼ਾਨ
ਅੱਤ ਦੀ ਸਰਦੀ ਬੱਚਿਆਂ ਅਤੇ ਬਜ਼ੁਰਗਾਂ ਲਈ ਘਾਤਕ ਸਿੱਧ ਹੋ ਰਹੀ ਹੈ। ਜਿਥੇ ਬੱਚੇ ਠੰਡ ਨਾਲ ਫਲੂ ਅਤੇ ਬੁਖਾਰ ਆਦਿ ਦਾ ਸ਼ਿਕਾਰ ਹੋ ਰਹੇ ਹਨ, ਉਥੇ ਹੀ ਬਜ਼ੁਰਗਾਂ ’ਚ ਜੋਡ਼ਾਂ ਦੇ ਦਰਦ, ਸਾਹ ਲੈਣ ’ਚ ਮੁਸ਼ਕਲ ਅਾਦਿ ਜਿਹੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਸਿਵਲ ਹਸਪਤਾਲ ਦੇ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਠੰਡ ’ਚ ਬੱਚਿਆਂ ਅਤੇ ਬਜ਼ੁਰਗਾਂ ਨੂੰ ਵਿਸ਼ੇਸ਼ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਠੰਡ ’ਚ ਬੱਚਿਆਂ ਨੂੰ ਘਰਾਂ ’ਚ ਹੀ ਰੱਖਣਾ ਚਾਹੀਦਾ ਹੈ, ਜਦਕਿ ਬਜ਼ੁਰਗਾਂ ਨੂੰ ਵੀ ਬਿਨਾਂ ਕਿਸੇ ਜ਼ਰੂਰੀ ਕੰਮ ਦੇ ਘਰਾਂ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਕੋਈ ਪ੍ਰੇਸ਼ਾਨੀ ਹੋਣ ’ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰ ਕੇ ਉਚਿਤ ਇਲਾਜ ਲੈਣਾ ਚਾਹੀਦਾ ਹੈ।
ਜਲਦ ਰਾਹਤ ਦੇ ਨਹੀਂ ਆਸਾਰ
ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ ਕੁਝ ਦਿਨਾਂ ਦੌਰਾਨ ਸਰਦੀ ਤੋਂ ਰਾਹਤ ਮਿਲਣ ਦੇ ਕੁਝ ਜ਼ਿਆਦਾ ਆਸਾਰ ਨਜ਼ਰ ਨਹੀਂ ਆ ਰਹੇ ਹਨ। ਇਕ ਜਨਵਰੀ ਤੋਂ ਬਾਅਦ ਤਾਪਮਾਨ ’ਚ ਕੁਝ ਉਛਾਲ ਆ ਸਕਦਾ ਹੈ ਪਰ ਸਰਦੀ ਦੀ ਪਕਡ਼ ਬਣੀ ਰਹੇਗੀ। ਆਉਣ ਵਾਲੇ 2-3 ਦਿਨਾਂ ਦੌਰਾਨ ਮੌਸਮ ਆਮ ਤੌਰ ’ਤੇ ਖੁਸ਼ਕ ਰਹਿਣ ਦਾ ਅਨੁਮਾਨ ਹੈ ਅਤੇ ਇਸ ਦੌਰਾਨ ਠੰਡੀਆਂ ਹਵਾਵਾਂ ਚਲ ਸਕਦੀਆਂ ਹਨ। ਇਸਦੇ ਅਗਲੇ 2 ਦਿਨਾਂ ਦੌਰਾਨ ਹਲਕੀ ਤੋਂ ਦਰਮਿਆਨੀ ਧੁੰਦ ਵੀ ਪੈ ਸਕਦੀ ਹੈ। ਇਸ ਦੌਰਾਨ ਘੱਟ ਤੋਂ ਘੱਟ ਤਾਪਮਾਨ 5 ਡਿਗਰੀ ਤੋਂ ਲੈ ਕੇ 7 ਡਿਗਰੀ ਸੈਲਸੀਅਸ ਤੱਕ ਬਣਿਆ ਰਹਿ ਸਕਦਾ ਹੈ।