ਪੈਟਰੋਲ ਪੰਪ ਵਾਲਿਆਂ ਦਾ ਕਾਰਨਾਮਾ, 56 ਲਿਟਰ ਦੀ ਟੈਂਕੀ 'ਚ ਡੀਜ਼ਲ ਪਾ 'ਤਾ 61 ਲਿਟਰ

Saturday, Nov 02, 2019 - 01:24 PM (IST)

ਪੈਟਰੋਲ ਪੰਪ ਵਾਲਿਆਂ ਦਾ ਕਾਰਨਾਮਾ, 56 ਲਿਟਰ ਦੀ ਟੈਂਕੀ 'ਚ ਡੀਜ਼ਲ ਪਾ 'ਤਾ 61 ਲਿਟਰ

ਭਾਈਰੂਪਾ (ਸ਼ੇਖਰ) : ਸਥਾਨਕ ਨਗਰ ਵਿਖੇ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦ ਇਕ ਪੈਟਰੋਲ ਪੰਪ ਵਾਲਿਆਂ ਨੇ ਘੱਟ ਡੀਜ਼ਲ ਪਾ ਕੇ ਜ਼ਿਆਦਾ ਪੈਸਿਆਂ ਦੀ ਪਰਚੀ ਕੱਟ ਦਿੱਤੀ ਅਤੇ ਜਦ ਲੋਕਾਂ ਸਾਹਮਣੇ ਤੇਲ ਚੈੱਕ ਕੀਤਾ ਗਿਆ ਤਾਂ ਵਾਕਈ ਘੱਟ ਨਿਕਲਿਆ। ਤੀਰਥ ਸਿੰਘ ਭਾਈਰੂਪਾ ਸੀਨੀ. ਕਾਂਗਰਸੀ ਆਗੂ ਅਤੇ ਭਾਕਿਯੂ ਡਕੌਂਦਾ ਦੇ ਬਲਾਕ ਜਨ. ਸਕੱਤਰ ਸਵਰਨ ਸਿੰਘ ਭਾਈਰੂਪਾ ਨੇ ਕਿਹਾ ਕਿ ਨਗਰ ਦੇ ਮੇਨ ਗੇਟ ਕੋਲ ਕਾਫੀ ਪੁਰਾਣਾ ਪੈਟਰੋਲ ਪੰਪ ਹੈ ਅਤੇ ਕਾਫੀ ਸਮੇਂ ਤੋਂ ਇਸ ਪੰਪ 'ਤੇ ਘੱਟ ਤੇਲ ਪਾਏ ਜਾਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਹਾਲੇ 7 ਦਿਨ ਪਹਿਲਾਂ ਹੀ ਪੰਪ ਮਾਲਕਾਂ ਨੇ ਇਕ ਮਾਮਲੇ 'ਚ ਮੁਆਫੀ ਮੰਗ ਕੇ ਖਹਿੜਾ ਛੁਡਾਇਆ ਸੀ ਪਰ ਫਿਰ ਇਕ ਮਾਮਲਾ ਓਦੋਂ ਸਾਹਮਣੇ ਆਇਆ ਜਦ ਗੁੰਮਟੀ ਪਿੰਡ ਦਾ ਇਕ ਵਿਅਕਤੀ ਆਪਣੇ ਟ੍ਰੈਕਟਰ 'ਚ ਡੀਜ਼ਲ ਪਵਾਉਣ ਇਸ ਪੰਪ 'ਤੇ ਚਲਾ ਗਿਆ। ਟ੍ਰੈਕਟਰ ਦੀ ਟੈਂਕੀ 'ਚ 9-10 ਲਿਟਰ ਡੀਜ਼ਲ ਪਹਿਲਾਂ ਹੀ ਪਿਆ ਸੀ ਅਤੇ ਉਕਤ ਵਿਅਕਤੀ ਨੇ ਟੈਂਕੀ ਫੁੱਲ ਕਰਨ ਲਈ ਕਹਿ ਦਿੱਤਾ। ਤੇਲ ਪਾਉਣ ਉਪਰੰਤ ਜਦ ਪੰਪ ਵਾਲਿਆਂ ਨੇ 61 ਲਿਟਰ ਦੀ ਪਰਚੀ ਫੜਾਈ ਤਾਂ ਉਹ ਹੈਰਾਨ ਰਹਿ ਗਏ, ਕਿਉਂਕਿ ਟੈਂਕੀ ਦੀ ਕਪੈਸਟੀ 56 ਲਿਟਰ ਦੀ ਹੈ। ਜਦ ਲੋਕਾਂ ਸਾਹਮਣੇ ਡੀਜ਼ਲ ਚੈੱਕ ਕੀਤਾ ਗਿਆ ਤਾਂ 14-15 ਲਿਟਰ ਦਾ ਘਪਲਾ ਨਿਕਲਿਆ। ਇਸ ਪਿੱਛੋਂ ਲੋਕਾਂ ਨੇ ਇਕੱਠੇ ਹੋ ਕੇ ਥਾਣਾ ਫੂਲ ਵਿਖੇ ਪੰਪ ਮਾਲਕਾਂ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ। ਇਸ ਮੌਕੇ ਭਾਕਿਯੂ ਡਕੌਂਦਾ ਦੇ ਜ਼ਿਲਾ ਪ੍ਰਧਾਨ ਬਲਦੇਵ ਸਿੰਘ ਤੇ ਬਲਾਕ ਪ੍ਰਧਾਨ ਨਾਹਰ ਸਿੰਘ ਵੀ ਹਾਜ਼ਰ ਸਨ।

ਕੀ ਕਹਿੰਦੇ ਨੇ ਪੰਪ ਮਾਲਕ
ਇਸ ਮਾਮਲੇ ਬਾਰੇ ਪੰਪ ਮਾਲਕ ਉਦੈ ਸਿੰਘ ਨੇ ਘਟਨਾ ਦੀ ਸੱਚਾਈ ਸਵੀਕਾਰਦਿਆਂ ਕਿਹਾ ਕਿ ਉਹ ਚੈੱਕ ਕਰਵਾਉਣਗੇ ਕਿ ਅਜਿਹਾ ਕਿਵੇਂ ਤੇ ਕਿਉਂ ਵਾਪਰਿਆ। ਦੂਜੇ ਪਾਸੇ ਥਾਣਾ ਫੂਲ ਦੇ ਐੱਸ. ਐੱਚ. ਓ. ਜਸਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੱਲ ਹੀ ਥਾਣੇ ਦਾ ਚਾਰਜ ਸੰਭਾਲਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।


author

cherry

Content Editor

Related News