ਭਵਿੱਖ ਦੀ ਤਲਾਸ਼ 'ਚ ਵਿਦੇਸ਼ਾਂ ਨੂੰ ਉਡਾਰੀ ਮਾਰ ਰਹੇ ਨੌਜਵਾਨ, ਧੜੱਲੇ ਨਾਲ ਬਣ ਰਹੇ ਪਾਸਪੋਰਟ

06/17/2019 5:28:34 PM

ਬਠਿੰਡਾ (ਪਰਮਿੰਦਰ) : ਮਾਲਵਾ ਦੇ ਜ਼ਿਲਾ ਬਠਿੰਡਾ ਦੀ ਨੌਜਵਾਨ ਪੀੜ੍ਹੀ ਵੀ ਹੁਣ ਦੁਆਬੇ ਦੇ ਨੌਜਵਾਨਾਂ ਵਾਂਗ ਵਿਦੇਸ਼ਾਂ ਵੱਲ ਉਡਾਰੀ ਮਾਰਨ ਲੱਗੀ ਹੈ। ਸੁਨਹਿਰੇ ਭਵਿੱਖ ਦੀ ਤਲਾਸ਼ 'ਚ ਵੱਡੀ ਗਿਣਤੀ 'ਚ ਨੌਜਵਾਨ ਤੇਜ਼ੀ ਨਾਲ ਵਿਦੇਸ਼ਾਂ ਦੀ ਉਡਾਣ ਭਰ ਰਹੇ ਹਨ। ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਤੇ ਹੋਰ ਦੇਸ਼ਾਂ 'ਚ ਜਾਣ ਵਾਲੇ ਨੌਜਵਾਨਾਂ ਦੀ ਗਿਣਤੀ 'ਚ ਪਿਛਲੇ ਕੁੱਝ ਸਾਲਾਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਨੌਜਵਾਨਾਂ ਦੇ ਵਿਦੇਸ਼ੀ ਕ੍ਰੇਜ਼ ਨੂੰ ਵੇਖਦਿਆਂ ਆਈਲੈਟਸ ਕੋਚਿੰਗ ਸੈਂਟਰਾਂ ਦਾ ਖੇਤਰ 'ਚ ਹੜ੍ਹ ਆ ਗਿਆ ਹੈ। ਪਿਛਲੇ 4-5 ਸਾਲਾਂ ਦੌਰਾਨ ਬਠਿੰਡਾ ਮਹਾਨਗਰ 'ਚ ਆਈਲੈਟਸ ਤੇ ਇੰਗਲਿਸ਼ ਸਪੀਕਿੰਗ ਕੋਰਸ ਕਰਵਾਉਣ ਵਾਲੀਆਂ ਸੰਸਥਾਵਾਂ ਨੇ ਆਪਣੇ ਪੈਰ ਤੇਜ਼ੀ ਨਾਲ ਪਸਾਰੇ ਹਨ।

ਹਰ ਰੋਜ਼ ਬਣ ਰਹੇ 125 ਦੇ ਕਰੀਬ ਪਾਸਪੋਰਟ
ਬਠਿੰਡਾ ਜ਼ਿਲੇ ਦੇ ਮਿਲੇ ਅੰਕੜਿਆਂ ਅਨੁਸਾਰ ਇਥੇ ਹਰ ਰੋਜ਼ ਬਣਨ ਵਾਲੇ ਪਾਸਪੋਰਟਾਂ ਦੀ ਗਿਣਤੀ 125 ਦੇ ਕਰੀਬ ਪਹੁੰਚ ਗਈ ਹੈ। ਪਿਛਲੇ ਸਾਲ ਹਰ ਰੋਜ਼ 109 ਪਾਸਪੋਰਟ ਬਣ ਰਹੇ ਸੀ, ਜਦਕਿ 2012 ਦੀ ਗੱਲ ਕੀਤੀ ਜਾਵੇ ਤਾਂ ਉਕਤ ਸਾਲ ਕੇਵਲ 26 ਪਾਸਪੋਰਟ ਹਰ ਰੋਜ਼ ਬਣਦੇ ਸੀ। ਪੁਲਸ ਵਿਭਾਗ ਦੇ ਅੰਕੜਿਆਂ ਅਨੁਸਾਰ 2016 ਤੋਂ ਬਾਅਦ ਪਾਸਪੋਰਟ ਬਣਨ ਦੇ ਕੰਮ 'ਚ ਇਕ ਦਮ ਤੇਜ਼ੀ ਆ ਗਈ ਹੈ। ਸਭ ਤੋਂ ਜ਼ਿਆਦਾ ਪਾਸਪੋਰਟ ਨੌਜਵਾਨਾਂ ਵੱਲੋਂ ਸਟੱਡੀ ਵੀਜ਼ਾ ਲਈ ਬਣਵਾਏ ਜਾ ਰਹੇ ਹਨ। 2014 ਤੋਂ ਲੈ ਕੇ ਫਰਵਰੀ 2019 ਤੱਕ 1.21 ਲੱਖ ਨਵੇਂ ਪਾਸਪੋਰਟ ਬਣ ਚੁੱਕੇ ਹਨ, ਜਿਨ੍ਹਾਂ ਦੀ ਵੈਰੀਫਿਕੇਸ਼ਨ ਪੁਲਸ ਵੱਲੋਂ ਕੀਤੀ ਗਈ ਹੈ। 2012 'ਚ ਸਿਰਫ਼ 9684 ਪਾਸਪੋਰਟ ਹੀ ਬਣੇ ਸੀ ਪਰ ਹੁਣ ਹਰ ਨੌਜਵਾਨ ਆਪਣਾ ਪਾਸਪੋਰਟ ਬਣਾਉਣ 'ਤੇ ਵਿਸ਼ੇਸ਼ ਧਿਆਨ ਦੇ ਰਹੇ ਹਨ। ਬੀਤੇ 6 ਸਾਲਾਂ ਦੌਰਾਨ ਨੌਜਵਾਨਾਂ ਨੇ ਪਾਸਪੋਰਟ ਬਣਵਾਉਣ 'ਤੇ 18.15 ਕਰੋੜ ਰੁਪਏ ਖਰਚ ਕੀਤੇ ਹਨ।

ਬਠਿੰਡਾ 'ਚ ਹੀ ਬਣਾਏ ਪ੍ਰੀਖਿਆ ਕੇਂਦਰ
ਆਈਲੈਟਸ ਦੀ ਪ੍ਰੀਖਿਆ ਲੈਣ ਵਾਲੇ ਬ੍ਰਿਟਿਸ਼ ਕੌਂਸਲ ਤੇ ਆਈ. ਡੀ. ਪੀ. ਵੱਲੋਂ ਨੌਜਵਾਨਾਂ 'ਚ ਪੈਦਾ ਹੋ ਰਹੇ ਵਿਦੇਸ਼ਾਂ ਦੇ ਕ੍ਰੇਜ਼ ਨੂੰ ਵੇਖ ਕੇ ਬਠਿੰਡਾ 'ਚ ਹੀ 2012 'ਚ ਆਈਲੈਟਸ ਦੇ ਪ੍ਰੀਖਿਆ ਕੇਂਦਰ ਸਥਾਪਤ ਕਰ ਦਿੱਤੇ ਗਏ ਹਨ, ਜਿਥੇ ਇਕ ਮਹੀਨੇ 'ਚ 5 ਵਾਰ ਇਹ ਪ੍ਰੀਖਿਆ ਹੁੰਦੀ ਹੈ। ਇਨ੍ਹਾਂ ਕੇਂਦਰਾਂ ਦੇ ਬਾਹਰ ਹਫਤੇ ਦੇ ਹਰ 6ਵੇਂ ਦਿਨ ਮੇਲਾ ਲੱਗਾ ਰਹਿੰਦਾ ਹੈ।

ਖੁੰਬਾਂ ਦੀ ਤਰ੍ਹਾਂ ਉੱਗੇ ਆਈਲੈਟਸ ਸੈਂਟਰ
ਨੌਜਵਾਨਾਂ ਦੇ ਵਿਦੇਸ਼ੀ ਕ੍ਰੇਜ਼ ਨੂੰ ਵੇਖ ਕੇ ਆਈਲੈਟਸ ਤੇ ਇੰਗਲਿਸ਼ ਸਪੀਕਿੰਗ ਕੋਰਸ ਕਰਵਾਉਣ ਵਾਲੇ ਕੇਂਦਰਾਂ ਨੇ ਪਿਛਲੇ ਕੁੱਝ ਸਾਲਾਂ ਤੋਂ ਆਪਣੀ ਕਮਰ ਕੱਸ ਰੱਖੀ ਹੈ। ਮਹਾਨਗਰ ਦੇ ਕੁੱਝ ਵਿਸ਼ੇਸ਼ ਹਿੱਸਿਆਂ 'ਚ ਇਸ ਤਰ੍ਹਾਂ ਦੇ ਕੇਂਦਰਾਂ ਦੀ ਭਰਮਾਰ ਹੋ ਗਈ ਹੈ ਤੇ ਹਰ ਗਲੀ ਤੇ ਕੋਨੇ 'ਤੇ ਆਈਲੈਟਸ ਕੋਚਿੰਗ ਸੈਂਟਰ ਖੁੱਲ੍ਹ ਗਿਆ ਹੈ। ਮਜ਼ੇ ਦੀ ਗੱਲ ਇਹ ਹੈ ਕਿ ਹਰ ਕੇਂਦਰ 'ਚ ਹੀ ਵਿਦਿਆਰਥੀਆਂ ਦੀ ਭਰਮਾਰ ਹੈ। ਆਈਲੈਟਸ ਦਾ ਕਾਰੋਬਾਰ ਹੁਣ ਕਰੋੜਾਂ ਦਾ ਹੋ ਗਿਆ ਹੇ ਤੇ ਆਏ ਦਿਨ ਆਈਲੈਟਸ ਕਰਨ ਵਾਲਿਆਂ ਦੀ ਗਿਣਤੀ ਵਧ ਰਹੀ ਹੈ।

ਵੱਡੀਆਂ ਕੰਪਨੀਆਂ ਨੇ ਖੋਲ੍ਹੇ ਦਫ਼ਤਰ
ਚੰਡੀਗੜ੍ਹ, ਜਲੰਧਰ, ਲੁਧਿਆਣਾ ਤੋਂ ਬਾਅਦ ਬਠਿੰਡਾ 'ਚ ਵਿਦੇਸ਼ ਭੇਜਣ ਵਾਲੀਆਂ ਵੱਖ-ਵੱਖ ਕੰਪਨੀਆਂ ਨੇ ਆਪਣੇ ਦਫ਼ਤਰ ਖੋਲ੍ਹ ਲਏ ਹਨ। ਹੁਣ ਸਟੱਡੀ ਵੀਜ਼ਾ ਇਕ ਵੱਡਾ ਬਿਜ਼ਨੈੱਸ ਬਣ ਗਿਆ ਹੈ ਤੇ ਹਰ ਕੰਪਨੀ ਨੌਜਵਾਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਲਾਲਚ ਦੇ ਕੇ ਆਪਣੇ ਵੱਲ ਆਕਰਸ਼ਿਤ ਕਰਨ 'ਚ ਲੱਗੀ ਹੈ। ਇਨ੍ਹਾਂ ਕੰਪਨੀਆਂ ਵੱਲੋਂ ਹਰ ਸਾਲ ਦਿੱਤੇ ਜਾਣ ਵਾਲੇ ਇਸ਼ਤਿਹਾਰਾਂ 'ਤੇ ਹੀ ਕਰੋੜਾਂ ਰੁਪਏ ਦਾ ਖਰਚ ਕੀਤਾ ਜਾਂਦਾ ਹੈ ਤਾਂ ਜੋ ਵੱਧ ਤੋਂ ਵੱਧ ਗਾਹਕਾਂ ਨੂੰ ਖਿੱਚਿਆ ਜਾ ਸਕੇ।

ਪ੍ਰਿੰਸੀ. ਜਗਦੀਸ਼ ਸਿੰਘ ਘਈ, ਸਿੱਖਿਆ ਸ਼ਾਸਤਰੀ ਦਾ ਕਹਿਣਾ ਹੈ ਕਿ ਵਿਦੇਸ਼ਾਂ ਵੱਲ ਰੁਖ ਕਰਨਾ ਨੌਜਵਾਨ ਪੀੜ੍ਹੀ ਦੀ ਮਜਬੂਰੀ ਬਣ ਗਿਆ ਹੈ। ਸਰਕਾਰਾਂ ਨੂੰ ਪੁਰਾਣੇ ਸਿੱਖਿਆ ਦੇ ਸਿਸਟਮ ਨੂੰ ਭੁਲਾ ਕੇ ਨਵੀਂ ਸਿੱਖਿਆ ਨੀਤੀਆਂ 'ਤੇ ਕੰਮ ਕਰਨਾ ਚਾਹੀਦਾ ਹੈ, ਜਿਸ ਨਾਲ ਬੱਚਿਆਂ ਨੂੰ ਘੱਟ ਸਮੇਂ 'ਚ ਪੜ੍ਹਾ ਕੇ ਰੋਜ਼ਗਾਰ ਦੇ ਲਾਈਕ ਬਣਾਇਆ ਜਾ ਸਕੇ। ਸਰਕਾਰ ਨੂੰ ਰੋਜ਼ਗਾਰ ਦੇ ਮੌਕੇ ਵੀ ਪੈਦਾ ਕਰਨੇ ਪੈਣਗੇ।

ਉਥੇ ਹੀ ਰਾਕੇਸ਼ ਨਰੂਲਾ, ਸਮਾਜਸੇਵੀ ਦਾ ਕਹਿਣਾ ਹੈ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਦੇਸ਼ ਦੇ ਸਿੱਖਿਆ ਤੇ ਰੋਜ਼ਗਾਰ ਸਿਸਟਮ 'ਤੇ ਯਕੀਨ ਨਹੀਂ ਰਿਹਾ ਤੇ ਉਨ੍ਹਾਂ ਨੂੰ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ। ਵੱਡੀ ਗਿਣਤੀ 'ਚ ਵਿਦੇਸ਼ਾਂ 'ਚ ਜਾ ਰਹੇ ਨੌਜਵਾਨਾਂ ਦਾ ਮਾਮਲਾ ਬਹੁਤ ਗੰਭੀਰ ਹੈ। ਇਸ ਦੇ ਕਾਰਣ ਪਤਾ ਕਰ ਕੇ ਉੱਚਿਤ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਕਿ ਵਿਦੇਸ਼ਾਂ ਵੱਲ ਪ੍ਰਵਾਸ ਬੰਦ ਹੋ ਸਕੇ।

ਬੰਸੀ ਲਾਲ ਸਚਦੇਵਾ, ਐਡਵੋਕੇਟ ਦਾ ਕਹਿਣਾ ਹੈ ਕਿ ਸਿੱਖਿਆ ਲਗਾਤਾਰ ਮਹਿੰਗੀ ਹੋ ਰਹੀ ਹੈ, ਜਦੋਂ ਕਿ ਸਿੱਖਿਆ ਹਾਸਲ ਕਰਨ ਤੋਂ ਬਾਅਦ ਨੌਕਰੀ ਜਾਂ ਰੋਜ਼ਗਾਰ ਮਿਲਣ ਦੀ ਉਮੀਦ ਲਗਾਤਾਰ ਘਟ ਹੋ ਰਹੀ ਹੈ। ਇਸ 'ਚ ਲੋਕ ਵੀ ਇਹ ਸੋਚਣ ਲੱਗ ਗਏ ਹਨ ਕਿ ਉਨ੍ਹਾਂ ਦਾ ਬੱਚਾ ਵਿਦੇਸ਼ 'ਚ ਹੀ ਕਿਤੇ ਸੈੱਟ ਹੋ ਜਾਵੇ। ਇਸ ਦੇ ਦੂਰਗਾਮੀ ਪ੍ਰਭਾਵ ਕਾਫ਼ੀ ਗੰਭੀਰ ਹੋ ਸਕਦੇ ਹਨ ਤੇ ਸਰਕਾਰਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।


cherry

Content Editor

Related News