ਮਾਮਲਾ ਡਾਂਸਰ ਦੇ ਕਤਲ ਕਾਂਡ ਦਾ, ਜੇਲ 'ਚ ਮੁਲਜ਼ਮ ਔਰਤ ਦੀ ਸ਼ੱਕੀ ਹਾਲਤ 'ਚ ਮੌਤ

Tuesday, Apr 23, 2019 - 11:51 AM (IST)

ਮਾਮਲਾ ਡਾਂਸਰ ਦੇ ਕਤਲ ਕਾਂਡ ਦਾ, ਜੇਲ 'ਚ ਮੁਲਜ਼ਮ ਔਰਤ ਦੀ ਸ਼ੱਕੀ ਹਾਲਤ 'ਚ ਮੌਤ

ਬਠਿੰਡਾ(ਵਰਮਾ) : ਅਖਬਾਰਾਂ ਦੀਆਂ ਸੁਰਖੀਆਂ ਬਣੇ ਡਾਂਸਰ ਕਤਲਕਾਂਡ ਜਿਸ 'ਚ ਸਪਨਾ ਨਾਂ ਦੀ 19 ਸਾਲਾ ਡਾਂਸਰ ਦਾ ਸਿਰ ਧੜ ਤੋਂ ਅਲੱਗ ਕਰ ਕੇ ਕਤਲ ਕਰ ਦਿੱਤਾ ਗਿਆ ਸੀ, ਦੇ ਮਾਮਲੇ 'ਚ ਇਕ ਔਰਤ ਸਮੇਤ 3 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੋ ਜੇਲ 'ਚ ਬੰਦ ਹਨ। ਮੰਗਲਵਾਰ ਨੂੰ ਜੇਲ 'ਚ ਬੰਦ ਮੁਲਜ਼ਮ ਔਰਤ ਪੂਨਮ ਉਰਫ ਪੂਜਾ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ। ਮੌਤ ਦਾ ਕਾਰਨ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਸਾਹਮਣੇ ਆਵੇਗਾ। ਦੱਸਣਯੋਗ ਹੈ ਕਿ 15 ਅਪ੍ਰੈਲ ਨੂੰ ਲਗਭਗ ਇਕ ਹਫਤਾ ਪਹਿਲਾਂ ਰੇਲਵੇ ਪੁਲਸ ਨੂੰ ਸਿਰਸਾ ਲਾਈਨ ਕੋਲ ਸਿਰ ਕਟੀ ਲਾਸ਼ ਦਾ ਪਤਾ ਲੱਗਾ ਸੀ। ਇਸ ਮਾਮਲੇ 'ਚ ਪੁਲਸ ਨੇ ਪੂਨਮ ਉਰਫ ਪੂਜਾ ਉਸਦੇ ਸਾਥੀ ਸੁਖਵਿੰਦਰ ਸਿੰਘ, ਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਮੰਗਲਵਾਰ ਨੂੰ ਮੁਲਜ਼ਮ ਔਰਤ ਪੂਜਾ ਦੀ ਸ਼ੱਕੀ ਹਾਲਤ 'ਚ ਜੇਲ 'ਚ ਮੌਤ ਹੋ ਗਈ, ਜਿਸਦੀ ਸੂਚਨਾ ਜੇਲ ਅਧਿਕਾਰੀਆਂ ਨੇ ਥਾਣਾ ਕੈਂਟ ਨੂੰ ਦੇ ਦਿੱਤੀ ਸੀ।

PunjabKesari

ਕੀ ਕਹਿਣੈ ਡਿਪਟੀ ਜੇਲ ਸੁਪਰਡੈਂਟ ਦਾ
ਡਾਂਸਰ ਪੂਨਮ ਉਰਫ ਪੂਜਾ ਪਿਛਲੇ ਕੁਝ ਦਿਨਾਂ ਤੋਂ ਜੇਲ ਵਿਚ ਬੰਦ ਸੀ, ਜਿਸਦੀ ਰੋਜ਼ਾਨਾ ਡਾਕਟਰਾਂ ਵਲੋਂ ਜਾਂਚ ਕੀਤੀ ਜਾਂਦੀ ਸੀ, ਜਦਕਿ ਉਨ੍ਹਾਂ ਦੇ ਵਾਰਡ ਵਿਚ ਲਗਭਗ 35 ਹੋਰ ਔਰਤਾਂ ਵੀ ਹਨ। ਰਾਤ ਨੂੰ ਉਹ ਠੀਕ ਸੀ, ਜਦੋਂ ਮੰਗਲਵਾਰ ਦੀ ਸਵੇਰ ਡਾ. ਸੁਮਿਤ ਉਸਦੀ ਜਾਂਚ ਕਰਨ ਲੱਗਾ ਤਾਂ ਉਹ ਬੇਹੋਸ਼ ਹੋ ਗਈ। ਡਾਕਟਰ ਨੇ ਜੇਲ ਅਧਿਕਾਰੀਆਂ ਨੂੰ ਸੂਚਿਤ ਕਰ ਕੇ ਜੇਲ ਦੀ ਐਂਬੂਲੈਂਸ ਰਾਹੀਂ ਉਸਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਸੀ। ਸਿਵਲ ਹਸਪਤਾਲ ਜਾ ਕੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਉਸਦੀ ਮੌਤ ਕਿਵੇਂ ਹੋਈ ਇਸਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗਾ। ਜੇਲ ਵਿਚ ਨਾ ਤਾਂ ਉਸਨੇ ਫਾਂਸੀ ਲਈ ਹੈ ਅਤੇ ਨਾ ਹੀ ਕੋਈ ਜ਼ਹਿਰਿਲੀ ਦਵਾਈ ਖਾਧੀ।

ਕੀ ਕਹਿਣੈ ਸਿਵਲ ਹਸਪਤਾਲ ਦੇ ਡਾਕਟਰ ਦਾ
ਸਿਵਲ ਹਸਪਤਾਲ ਵਿਚ ਤਾਇਨਾਤ ਮਹਿਲਾ ਡਾਕਟਰ ਸੁਨੀਤਾ ਦਾ ਕਹਿਣਾ ਹੈ ਕਿ ਡਾਂਸਰ ਪੂਜਾ ਦੀ ਮੌਤ ਬਾਰੇ ਕੁਝ ਕਹਿਣਾ ਜਲਦਬਾਜ਼ੀ ਹੋਵੇਗਾ, ਮੌਤ ਦੇ ਸਹੀ ਕਾਰਨਾਂ ਦਾ ਪਤਾ ਤਾਂ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।

ਕੀ ਕਹਿਣੈ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦਾ
ਮ੍ਰਿਤਕ ਪੂਜਾ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਪੂਨਮ ਦੀ ਮੌਤ ਲਈ ਪੰਜਾਬ ਪੁਲਸ ਜ਼ਿੰਮੇਵਾਰ ਹੈ, ਜਿਨ੍ਹਾਂ ਨੇ ਗ੍ਰਿਫਤਾਰੀ ਤੋਂ ਬਾਅਦ ਬੇਰਹਿਮੀ ਨਾਲ ਉਸਦੀ ਕੁੱਟ-ਮਾਰ ਕੀਤੀ ਸੀ ਅਤੇ ਉਸ ਨੂੰ ਅੰਦਰੂਨੀ ਸੱਟਾ ਲੱਗੀਆਂ ਸਨ। ਉਨ੍ਹਾਂ ਨੇ ਸ਼ੱਕ ਜ਼ਾਹਿਰ ਕੀਤਾ ਕਿ ਜੇਲ 'ਚ ਬੰਦ ਉਸਦੇ ਦੋ ਸਾਥੀ ਵੀ ਪੂਜਾ ਨੂੰ ਜੇਲ ਅੰਦਰ ਮਰਵਾ ਸਕਦੇ ਹਨ। ਪਰਿਵਾਰ ਵਾਲਿਆਂ ਨੇ ਪੋਸਟਮਾਰਟਮ ਬਠਿੰਡਾ ਦੀ ਬਜਾਏ ਫਰੀਦਕੋਟ ਕਰਵਾਉਣ ਦੀ ਮੰਗ ਕੀਤੀ ਤਾਂ ਕਿ ਇਸਦੀ ਮੌਤ ਕਾਰਨਾਂ ਦਾ ਪਤਾ ਲੱਗ ਸਕੇ। ਸੈਸ਼ਨ ਜੱਜ ਗੁਰਮੀਤ ਸਿੰਘ ਟਿਵਾਣਾ ਸੀ. ਜੇ. ਐੱਮ. ਬਠਿੰਡਾ ਨੇ ਸਿਵਲ ਹਸਪਤਾਲ ਪਹੁੰਚਾ ਕੇ ਮ੍ਰਿਤਕ ਪੂਨਮ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕੀਤੇ ਤੇ ਤਿੰਨ ਡਾਕਟਰਾਂ ਦੇ ਬੋਰਡ ਤੋਂ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਤੇ ਇਸ ਮਾਮਲੇ ਦੀ ਜੁਡੀਸ਼ੀਅਲ ਜਾਂਚ ਸ਼ੁਰੂ ਕਰ ਦਿੱਤੀ।


author

cherry

Content Editor

Related News