ਬਠਿੰਡਾ 'ਚ ਨਵ-ਵਿਆਹੁਤਾ ਨੇ ਕੀਤੀ ਖੁਦਕੁਸ਼ੀ

06/20/2019 11:38:33 AM

ਬਠਿੰਡਾ(ਬਲਵਿੰਦਰ,ਮਨਜੀਤ) : ਬਠਿੰਡਾ ਦੇ ਪਿੰਡ ਫਰੀਦਕੋਟ ਕੋਟਲੀ ਵਿਖੇ ਸਹੁਰਾ ਪਰਿਵਾਰ ਵੱਲੋਂ ਨਵ ਵਿਆਹੁਤਾ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਕਾਰਣ ਦੁਖੀ ਹੋਈ ਲਡ਼ਕੀ ਨੇ ਬੀਤੀ ਰਾਤ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਜਦਕਿ ਸਹੁਰਾ ਪਰਿਵਾਰ ਵੱਲੋਂ ਇਸ ਤੋਂ ਸਾਫ ਇਨਕਾਰ ਕੀਤਾ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਮਨਜੀਤ ਕੌਰ ਪੁੱਤਰੀ ਲੀਲਾ ਸਿੰਘ ਵਾਸੀ ਪੈਰੋ ਦਾ ਵਿਆਹ ਤਿੰਨ ਮਹੀਨੇ ਪਹਿਲਾਂ ਪਿੰਡ ਫਰੀਦਕੋਟ ਕੋਟਲੀ ਵਾਸੀ ਬਲਜਿੰਦਰ ਸਿੰਘ ਉਰਫ ਗੱਗੂ ਪੁੱਤਰ ਰਾਜਾ ਸਿੰਘ ਨਾਲ ਹੋਇਆ ਸੀ। ਬੀਤੀ ਸ਼ਾਮ ਲਡ਼ਕੀ ਵੱਲੋਂ ਉਸ ਸਮੇਂ ਪੱਖੇ ਨਾਲ ਲਟਕ ਕੇ ਫਾਹ ਲਾ ਲਿਆ ਜਦ ਘਰ ਦੇ ਪਰਿਵਾਰਕ ਮੈਂਬਰ ਕੰਮ ’ਤੇ ਗਏ ਹੋਏ ਸਨ। ਲਡ਼ਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਹੁਰਾ ਪਰਿਵਾਰ ’ਤੇ ਲਡ਼ਕੀ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਾਉਂਦਿਆਂ ਸਖਤ ਸਜ਼ਾ ਦੀ ਮੰਗ ਕੀਤੀ ਗਈ ਹੈ। ਸਵੇਰ ਸਮੇਂ ਲਡ਼ਕੀ ਦੇ ਪਰਿਵਾਰਕ ਮੈਂਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਕਾਰਕੁੰਨਾਂ ਨਾਲ ਵੱਡੀ ਗਿਣਤੀ ’ਚ ਥਾਣਾ ਸੰਗਤ ਵਿਖੇ ਇਕੱਤਰ ਸਨ। ਉਹ ਸਹੁਰਾ ਪਰਿਵਾਰ ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕਰਵਾਉਣ ਲਈ ਪੁਲਸ ’ਤੇ ਦਬਾਅ ਬਣਾ ਰਹੇ ਸਨ। ਦੁਪਹਿਰ ਸਮੇਂ ਸਥਿਤੀ ਉਸ ਵੇਲੇ ਗੰਭੀਰ ਬਣ ਗਈ ਜਦ ਥਾਣੇ ਅੱਗੇ ਖਡ਼੍ਹੇ ਦੋ ਨੌਜਵਾਨਾਂ ਦੀ ਲਡ਼ਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਾਨੂੰਨ ਨੂੰ ਆਪਣੇ ਹੱਥ ’ਚ ਲੈਂਦਿਆਂ ਇਸ ਕਰ ਕੇ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਉਕਤ ਨੌਜਵਾਨ ਲਡ਼ਕੇ ਦੇ ਪਰਿਵਾਰਕ ਮੈਂਬਰਾਂ ਦੀ ਮਦਦ ਕਰਨ ਲਈ ਇਥੇ ਆਏ ਹਨ, ਜਦਕਿ ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਹੀ ਨਹੀਂ ਸੀ। ਪੁਲਸ ਵੱਲੋਂ ਭਾਰੀ ਮੁਸ਼ੱਕਤ ਤੋਂ ਬਾਅਦ ਦੋਵਾਂ ਨੌਜਵਾਨਾਂ ਨੂੰ ਆਪਣੇ ਕਬਜ਼ੇ ’ਚ ਲੈ ਕੇ ਬਚਾਇਆ ਗਿਆ, ਜੇਕਰ ਮੌਕੇ ’ਤੇ ਪੁਲਸ ਨਾ ਪਹੁੰਚਦੀ ਤਾਂ ਦੋਵੇਂ ਨੌਜਵਾਨਾਂ ਦੀ ਜਾਨ ਵੀ ਚਲੀ ਜਾਣੀ ਸੀ। ਪਿੰਡ ਕੋਟਗੁਰੂ ਦੇ ਨੌਜਵਾਨ ਸੰਦੀਪ ਸਿੰਘ ਦਾ ਇਕੱਠ ਵੱਲੋਂ ਕੁੱਟ-ਮਾਰ ਦੇ ਨਾਲ-ਨਾਲ ਕੀਮਤੀ ਮੋਬਾਇਲ ਵੀ ਖੋਹ ਲਿਆ ਗਿਆ।

ਇਸ ਸਬੰਧੀ ਥਾਣਾ ਸੰਗਤ ਦੇ ਐੱਸ. ਆਈ. ਬਲਤੇਜ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਲਡ਼ਕੀ ਦੇ ਪਿਤਾ ਲੀਲਾ ਸਿੰਘ ਪੁੱਤਰ ਮਨੀਆ ਸਿੰਘ ਵਾਸੀ ਪੈਰੋ ਜ਼ਿਲਾ ਮਾਨਸਾ ਦੇ ਬਿਆਨਾਂ ’ਤੇ ਲਡ਼ਕੀ ਦੇ ਪਤੀ ਬਲਜਿੰਦਰ ਸਿੰਘ ਉਰਫ ਗੱਗੂ ਪੁੱਤਰ ਰਾਜਾ ਸਿੰਘ, ਸਹੁਰਾ ਰਾਜਾ ਸਿੰਘ ਪੁੱਤਰ ਬਲਬੀਰ ਸਿੰਘ ਅਤੇ ਸੱਸ ਰਾਣੀ ਕੌਰ ਪਤਨੀ ਰਾਜਾ ਸਿੰਘ ਵਾਸੀਆਨ ਫਰੀਦਕੋਟ ਕੋਟਲੀ ਵਿਖੇ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।


cherry

Content Editor

Related News