ਪੰਜਾਬ ਦੇ ਮਾਲਵਾ 'ਚ ਸਾਹ ਘੁੱਟ ਰਿਹੈ ਪਰਾਲੀ ਦਾ ਧੂੰਆਂ
Saturday, Nov 02, 2019 - 04:33 PM (IST)
![ਪੰਜਾਬ ਦੇ ਮਾਲਵਾ 'ਚ ਸਾਹ ਘੁੱਟ ਰਿਹੈ ਪਰਾਲੀ ਦਾ ਧੂੰਆਂ](https://static.jagbani.com/multimedia/2019_11image_16_26_122395314r.jpg)
ਬਠਿੰਡਾ (ਵੈੱਬ ਡੈਸਕ) : ਪੰਜਾਬ ਦੇ ਮਾਲਵਾ ਦੇ ਜ਼ਿਆਦਾਤਰ ਖੇਤਰ ਪ੍ਰਦੂਸ਼ਣ ਦੇ ਗੰਭੀਰ ਸਾਏ ਵਿਚ ਹਨ। 7 ਜ਼ਿਲਿਆਂ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ 39 ਫੀਸਦੀ ਵਾਧਾ ਹੋਇਆ ਹੈ। ਖੇਤਰ ਵਿਚ ਰਾਸ਼ਟਰੀ ਰਾਜਮਾਰਗ 7 (ਬਠਿੰਡਾ-ਪਟਿਆਲਾ) ਅਤੇ ਦੂਜੀਆਂ ਸੜਕਾਂ 'ਤੇ ਵਿਜ਼ੀਬਿਲਟੀ ਲਗਾਤਾਰ ਦੂਜੇ ਦਿਨ ਵੀ ਬਹੁਤ ਖਰਾਬ ਰਹੀ, ਕਿਉਂਕਿ ਝੌਨੇ ਨੂੰ ਅੱਗ ਲਗਾਉਣ ਨਾਲ ਖੇਤਾਂ ਵਿਚੋਂ ਲਾਗਾਤਾਰ ਧੂੰਆਂ ਉਠ ਰਿਹਾ ਹੈ। ਖੇਤਰ ਵਿਚ ਦੂਸ਼ਿਤ ਹਵਾ ਤੋਂ ਬਚਣ ਲਈ ਵਿਦਿਆਰਥੀਆਂ ਨੇ ਮਾਸਕ ਪਾਏ ਹੋਏ ਹਨ।
ਲੁਧਿਆਣਾ ਸਥਿਤ ਪੰਜਾਬ ਰਿਮੋਟ ਸੈਂਸਿੰਗ ਸੈਂਟਰ (ਪੀ.ਆਜਰ.ਐਸ.ਸੀ.) ਦੇ ਸਰਕਾਰੀ ਅੰਕੜਿਆਂ ਮੁਤਾਬਕ 31 ਅਕਤੁਬਰ ਤੱਕ ਸੂਬੇ ਦੇ 22 ਜ਼ਿਲਿਆਂ ਵਿਚ ਪਰਾਲੀ ਸਾੜਨ ਦੀਆਂ 2268 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ 1104 ਮਾਮਲੇ ਬਠਿੰਡਾ, ਫਿਰੋਜ਼ਪੁਰ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਫਰੀਦਕੋਟ, ਮੋਗਾ, ਵਿਚ ਦਰਜ ਕੀਤੇ ਗਏ ਹਨ। ਸਰਕਾਰੀ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਇਸ ਵਿਚ ਮਾਲਵਾ ਖੇਤਰ ਦੀ 39 ਫੀਸਦੀ ਹਿੱਸੇਦਾਰੀ ਰਹੀ ਹੈ।
ਪੀ.ਆਰ.ਐਸ.ਸੀ. ਦੇ ਅੰਕੜਿਆਂ ਮੁਤਾਬਕ 23 ਸਤੰਬਰ ਤੋਂ 31 ਅਕਤੂਬਰ ਵਿਚਾਲੇ ਅੱਗ ਲੱਗਣ ਦੀਆਂ ਘਟਨਾਵਾਂ ਪਿਛਲੇ ਸਾਲ ਦੀ ਤੁਲਨਾ ਜ਼ਿਆਦਾ ਰਹੀਆਂ। ਪਿਛਲੇ ਸਾਲ 17646 ਮਾਮਲੇ ਸਾਹਮਣੇ ਆਏ ਸਨ। ਵੀਰਵਾਰ ਨੂੰ ਫਿਰੋਜ਼ਪੁਰ ਜ਼ਿਲੇ ਵਿਚ 290 ਮਾਮਲੇ ਦਰਜ ਕੀਤੇ ਗਏ।
ਉਥੇ ਹੀ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸੁਤੰਤਰ ਕੁਮਾਰ ਏਰੀ ਨੇ ਕਿਹਾ ਕਿ ਜ਼ਿਲਾਜ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਲਗਾਤਾਰ ਕਿਸਾਨਾਂ ਨੂੰ ਫਸਲਾਂ ਨੂੰ ਅੱਗ ਨਾ ਲਗਾਉਣ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਅਫ਼ਸੋਸ ਹੈ ਕਿ ਕਿਸਾਨਾਂ ਅਤੇ ਕਿਸਾਨ ਯੂਨੀਅਨਾਂ ਦੇ ਇਕ ਹਿੱਸੇ ਨੇ ਨਿਯਮਾਂ ਦੀ ਉਲੰਘਣਾ ਕੀਤੀ। ਰਾਜ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।