ਮਾਂ ਬੋਲੀ ਦੀ ਬੁਲੰਦੀ ਲਈ ਫਿਰ ਨਿਤਰਨਗੇ ਲੱਖਾ ਸਿਧਾਣਾ, ਕੱਢਣਗੇ ਮਾਰਚ
Tuesday, Feb 12, 2019 - 04:38 PM (IST)
ਬਠਿੰਡਾ (ਅਮਿਤ)— ਪੰਜਾਬੀ ਮਾਂ ਬੋਲੀ ਦੇ ਹੱਕ ਵਿਚ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਲੱਖਾ ਸਿਧਾਨਾ ਅੱਜ ਬਠਿੰਡਾ ਪਹੁੰਚੇ। ਇਸ ਦੌਰਾਨ ਲੱਖਾ ਸਿਧਾਨਾ ਨੇ ਦੱਸਿਆ ਕਿ 18 ਤਰੀਕ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਪੰਜਾਬੀ ਮਾਂ ਬੋਲੀ ਨੂੰ ਪ੍ਰਫੁਲਿਤ ਕਰਨ ਲਈ ਮਾਰਚ ਕੱਢਿਆ ਜਾ ਰਿਹਾ ਹੈ, ਜਿਸ ਦੀ ਸਮਾਪਤੀ ਭਾਸ਼ਾ ਵਿਭਾਗ ਪਟਿਆਲਾ ਵਿਚ 21 ਫਰਵਰੀ ਨੂੰ ਹੋਵੇਗੀ। ਸਿਧਾਨਾ ਦਾ ਕਹਿਣਾ ਹੈ ਕਿ ਸਕੂਲਾਂ ਵਿਚ ਵੀ ਪੰਜਾਬੀ ਨਹੀਂ ਪੜ੍ਹਾਉਣ ਦਿੱਤੀ ਜਾ ਰਹੀ ਅਤੇ ਜੋ ਬੱਚੇ ਪੰਜਾਬੀ ਬੋਲਦੇ ਹਨ ਉਨ੍ਹਾਂ ਨੂੰ ਜ਼ੁਰਮਾਨੇ ਲਗਾਏ ਜਾ ਰਹੇ ਹਨ, ਜਿਸ ਨੂੰ ਦੇਖਦੇ ਹੋਏ ਇਹ ਮਾਰਚ ਕੱਢਿਆ ਜਾ ਰਿਹਾ ਹੈ ਤਾਂ ਜੋ ਪੰਜਾਬੀ ਮਾਂ ਬੋਲੀ ਨੂੰ ਬਚਾਇਆ ਜਾ ਸਕੇ।
ਇਸ ਮੌਕੇ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਵਿਚ ਰਾਜਪਾਲ ਵੀ.ਪੀ. ਸਿੰਘ ਬਦਨੌਰ ਵੱਲੋਂ ਅੰਗਰੇਜੀ ਵਿਚ ਭਾਸ਼ਣ ਦੇਣ ਦੇ ਮਾਮਲੇ ਵਿਚ ਸਿਮਰਜੀਤ ਬੈਂਸ ਵੱਲੋਂ ਵਾਕ ਆਊਟ ਕਰਨ 'ਤੇ ਕਿਹਾ ਕਿ ਬੈਂਸ ਨੇ ਵਿਧਾਨ ਸਭਾ ਦਾ ਬਾਇਕਾਟ ਕਰਕੇ ਬਿਲਕੁੱਲ ਸਹੀ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿਚ ਪੰਜਾਬੀ ਬੋਲਣਾ ਲਾਜ਼ਮੀ ਹੋਣਾ ਚਾਹੀਦਾ ਹੈ।