ਪਰਮਿੰਦਰ ਢੀਂਡਸਾ ਨੂੰ ਲੈ ਕੇ ਹਰਸਿਮਰਤ ਬਾਦਲ ਦਾ ਵੱਡਾ ਬਿਆਨ (ਵੀਡੀਓ)

01/13/2020 6:54:23 PM

ਬਠਿੰਡਾ (ਵਰਮਾ,ਕੁਨਾਲ) : ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਬੋਲਣ ਅਤੇ ਸੁਣਨ ਦੀ ਸ਼ਕਤੀ ਤੋਂ ਵਾਂਝੇ ਬੱਚਿਆਂ ਨਾਲ ਲੋਹੜੀ ਮਨਾਈ ਅਤੇ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਬੱਚਿਆਂ ਦੇ ਪ੍ਰੋਗਰਾਮ 'ਚ ਹਿੱਸਾ ਲੈਣ ਦੀ ਬੇਹੱਦ ਖੁਸ਼ੀ ਹੋਈ ਹੈ। ਬੋਲਣ ਅਤੇ ਸੁਣਨ ਦੀ ਸ਼ਕਤੀ ਤੋਂ ਵਾਂਝੇ ਇਨ੍ਹਾਂ ਬੱਚਿਆਂ ਨੇ ਲੋਹੜੀ 'ਤੇ ਪ੍ਰੋਗਰਾਮ ਪੇਸ਼ ਕਰ ਆਪਣੀ ਕਲਾ ਦਾ ਜੌਹਰ ਵਿਖਾਇਆ।

ਇਸ ਮੌਕੇ ਪੱਤਰਕਾਰਾਂ ਵੱਲੋਂ ਢੀਂਡਸਾ ਪਰਿਵਾਰ ਨੂੰ ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ ਮੁਅੱਤਲ ਕਰਨ ਦੇ ਕੀਤੇ ਸਵਾਲ 'ਤੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬਹੁਤ ਸਾਰੇ ਲੋਕ ਆਪਣੇ ਏਜੰਡੇ ਨਾਲ ਆਉਂਦੇ ਹਨ ਅਤੇ ਇਨ੍ਹਾਂ ਸਾਰਿਆਂ ਦਾ ਏਜੰਡਾ ਇਹੋ ਹੁੰਦਾ ਹੈ ਕੀ ਅਕਾਲੀ ਦਲ ਨੂੰ ਕਮਜ਼ੋਰ ਕਰ ਕੇ ਕਿਸੇ ਹੋਰ ਦਾ ਫਾਇਦਾ ਕਰੀਏ। ਉਨ੍ਹਾਂ ਕਿਹਾ ਕਿ ਜਦੋਂ ਅਕਾਲੀ ਦਲ ਕਮਜ਼ੋਰ ਹੁੰਦੀ ਹੈ ਤਾਂ ਫਾਇਦਾ ਵਿਰੋਧੀਆਂ ਦਾ ਹੁੰਦਾ ਹੈ ਅਤੇ ਅੱਜ ਵਿਰੋਧੀ ਕਾਂਗਰਸ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਬਹੁਤ ਪੁਰਾਣੀ ਰਾਜਨੀਤੀ ਹੈ ਪਾੜੋ ਅਤੇ ਰਾਜ ਕਰੋ। ਪਹਿਲਾਂ ਕਾਂਗਰਸ ਨੇ ਅਕਾਲੀ ਦਲ ਦੇ ਪਰਿਵਾਰਕ ਮੈਂਬਰ ਮਨਪ੍ਰੀਤ ਬਾਦਲ ਦੀ ਪੀ.ਪੀ. ਪਾਰਟੀ ਬਣਾ ਕੇ ਵੱਖ ਕੀਤਾ ਅਤੇ ਫਿਰ ਆਮ ਆਦਮੀ ਪਾਰਟੀ ਨੂੰ ਅਕਾਲੀ ਦਲ ਦੇ ਵਿਰੁੱਧ ਖੜ੍ਹਾ ਕੀਤਾ ਅਤੇ ਹੁਣ ਟਕਸਾਲੀਆਂ ਨੂੰ ਅਕਾਲੀ ਦੇ ਵਿਰੋਧ ਬਣਾ ਦਿੱਤਾ ਹੈ।

ਉਨ੍ਹਾਂ ਕਿਹਾ ਢੀਂਡਸਾ ਸਾਹਿਬ ਸਾਨੂੰ ਦੱਸ ਤਾਂ ਦੇਣ ਕਿ ਸਾਡੀ ਕਿਹੜੀ ਨੀਤੀ ਗਲਤ ਸੀ ਜਿਸ ਨੀਤੀ 'ਤੇ ਫੈਸਲਾ ਕਰਨ ਦੇ ਵਿਚ ਇਹ ਆਪ ਨਹੀਂ ਸੀ। ਉਨ੍ਹਾਂ ਕਿਹਾ ਕਿ ਉਹ ਕਿਹੜੀ ਚੀਜ਼ ਹੈ ਜਿਹੜਾ ਮਾਣ ਸਨਮਾਨ ਪਾਰਟੀ ਨੇ ਵੱਡੇ ਢੀਂਡਸਾ ਸਾਹਿਬ ਜਾਂ ਛੋਟੇ ਢੀਂਡਸਾ ਸਾਹਿਬ ਨੂੰ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਹੁਦੇ ਮਿਲ ਰਹੇ ਸਨ ਪਾਰਟੀ ਵੀ ਠੀਕ ਸੀ ਅਤੇ ਪਰਿਵਾਰ ਵੀ ਠੀਕ ਸੀ। ਉਨ੍ਹਾਂ ਕਿਹਾ ਕਿ ਜਿਸ ਬੰਦੇ ਨੂੰ ਢਾਈ ਲੱਖ ਵੋਟਾਂ ਤੋਂ ਹਾਰਨ ਤੋਂ ਬਾਅਦ ਵੀ ਰਾਜ ਸਭਾ ਸੀਟ ਮਿਲਦੀ ਹੈ ਅੱਜ ਉਹ ਪਰਿਵਾਰ ਮਾੜਾ ਹੋ ਗਿਆ ਪਰ ਸੀਟ ਹਾਲੇ ਵੀ ਚੰਗੀ ਹੈ। ਉਨ੍ਹਾਂ ਕਿਹਾ ਕਿ ਮਾਪੇ ਤਾਂ ਬੱਚਿਆਂ ਲਈ ਸਭ ਕੁੱਝ ਕੁਰਬਾਨ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਕ ਪਿਓ ਨੇ ਉਨ੍ਹਾਂ 'ਤੇ ਦਬਾਅ ਬਣਾ ਕੇ ਬਹੁਤ ਗਲਤ ਕੀਤਾ।

ਇਸ ਮੌਕੇ ਬੀਬੀ ਬਾਦਲ ਨੇ ਪੰਜਾਬ ਵਿਚ ਬਿਜਲੀ ਦੀਆਂ ਵਧੀਆਂ ਕੀਮਤਾਂ 'ਤੇ ਕਿਹਾ ਕਿ ਪੰਜਾਬ ਸਰਕਾਰ ਨੇ ਬਿਜਲੀ ਉਤਪਾਦਨ ਦਾ ਨਿੱਜੀ ਕੰਪਨੀਆਂ ਨੂੰ ਲਾਭ ਦੇਣ ਲਈ ਉਨ੍ਹਾਂ ਨਾਲ ਸਮਝੌਤਾ ਕੀਤਾ। ਜੇਕਰ ਬਾਹਰ ਤੋਂ ਬਿਜਲੀ ਖਰੀਦੀ ਜਾਵੇ ਤਾਂ ਉਹ 4 ਰੁਪਏ ਯੂਨਿਟ ਮਿਲ ਜਾਂਦੀ ਹੈ ਪਰ ਨਿੱਜੀ ਕੰਪਨੀਆਂ ਤੋਂ ਸਾਢੇ 9 ਰੁਪਏ ਯੂਨਿਟ ਦੀ ਬਿਜਲੀ ਖਰੀਦ ਕੇ ਜਨਤਾ ਨੂੰ ਲੁੱਟਣ 'ਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ 3 ਸਾਲ ਦੇ ਕਾਰਜਕਾਲ ਦੌਰਾਨ 18 ਵਾਰ ਬਿਜਲੀ ਦੀਆਂ ਕੀਮਤਾਂ ਵਧਾਈਆਂ, ਜਦਕਿ ਆਪਣੇ ਬਿਜਲੀ ਉਤਪਾਦਨ ਬੰਦ ਕਰ ਦਿੱਤੇ ਤੇ ਨਿੱਜੀ ਕੰਪਨੀਆਂ ਨਾਲ ਹੱਥ ਮਿਲਾਇਆ। ਪੰਜਾਬ ਦੇ ਵਿੱਤ ਮੰਤਰੀ ਖਜ਼ਾਨਾ ਖਾਲੀ ਦੇ ਨਾਂ 'ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਜਦਕਿ ਪੰਜਾਬ ਦੇ ਲੋਕ ਈਮਾਨਦਾਰੀ ਨਾਲ ਆਪਣਾ ਟੈਕਸ ਅਦਾ ਕਰ ਰਹੇ ਹਨ, ਬਾਵਜੂਦ ਇਸ ਦੇ ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਹਨ। ਬੀਬਾ ਬਾਦਲ ਨੇ ਕਿਹਾ ਕਿ ਖਜ਼ਾਨਾ ਖਾਲੀ ਦੇ ਪਿੱਛੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਵਿੱਤ ਮੰਤਰੀ ਦੀ ਕੰਮ ਦੀ ਕੁਸ਼ਲਤਾ 'ਤੇ ਪ੍ਰਸ਼ਨ ਚਿੰਨ੍ਹ ਲੱਗਦਾ ਹੈ।


cherry

Content Editor

Related News