ਹਰਸਿਮਰਤ ਨੂੰ ਟੱਕਰ ਦੇ ਸਕਦੇ ਹਨ ਮਨਪ੍ਰੀਤ ਜਾਂ ਰਾਜਾ ਵੜਿੰਗ
Thursday, Apr 11, 2019 - 12:49 PM (IST)
ਬਠਿੰਡਾ(ਵੈੱਬ ਡੈਸਕ) : ਬਠਿੰਡਾ ਲੋਕ ਸਭਾ ਸੀਟ ਅਕਾਲੀ-ਕਾਂਗਰਸ ਦੇ ਨਾਲ-ਨਾਲ ਪੀ.ਡੀ.ਏ. ਲਈ ਵੀ ਮੁੱਛ ਦਾ ਸਵਾਲ ਬਣ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਦੇ 9 ਕੌਂਸਲਰਾਂ ਦੇ ਕਾਂਗਰਸ ਵਿਚ ਜਾਣ ਤੋਂ ਬਾਅਦ ਹਾਲਾਤ 2014 ਵਰਗੇ ਬਣ ਰਹੇ ਹਨ, ਜਦੋਂ ਹਰਸਿਮਰਤ ਕੌਰ ਬਾਦਲ ਮੁਸ਼ਕਲ ਨਾਲ ਜਿੱਤੀ ਸੀ। ਇਹੀ ਕਾਰਨ ਹੈ ਕਿ ਕਾਂਗਰਸ ਅਜੇ ਤੱਕ ਆਪਣਾ ਉਮੀਦਵਾਰ ਐਲਾਨ ਨਹੀਂ ਕਰ ਰਹੀ।
ਦਿੱਲੀ ਵਿਚ ਕਾਂਗਰਸ ਸਕ੍ਰੀਨਿੰਗ ਕਮੇਟੀ ਦੀ ਮੀਟਿੰਗ ਦੇ ਇੰਤਜ਼ਾਰ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਉਮੀਦਵਾਰਾਂ ਦੀ ਘੋਸ਼ਣਾ ਟਾਲ ਦਿੱਤੀ ਹੈ। ਬੀਬੀ ਰਾਜਿੰਦਰ ਕੌਰ ਭੱਠਲ, ਵਿਜੈਇੰਦਰ ਸਿੰਗਲਾ ਤੋਂ ਬਾਅਦ ਹੁਣ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਨਾਂ ਵੀ ਸੰਭਾਵੀ ਉਮੀਦਵਾਰ ਦੇ ਰੂਪ ਵਿਚ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕਾਂਗਰ ਦੁਬਾਰਾ ਮਨਪ੍ਰੀਤ 'ਤੇ ਆਪਣਾ ਦਾਅ ਖੇਡ ਸਕਦੀ ਹੈ ਅਤੇ ਉਹ ਇਸ ਸਮੇਂ ਦਿੱਲੀ ਵਿਚ ਹੀ ਹਨ। ਆਮ ਆਦਮੀ ਪਾਰਟੀ ਵੀ ਇਸ ਵਾਰ ਮਜ਼ਬੂਤ ਉਮੀਦਵਾਰ ਉਤਾਰਨਾ ਚਾਹੁੰਦੀ ਹੈ। ਬੁੱਧਵਾਰ ਨੂੰ ਦਿੱਲੀ ਵਿਚ ਡਿਪਟੀ ਸੀ.ਐਮ. ਮਨੀਸ਼ ਸਿਸੋਦੀਆ ਦੇ ਘਰ ਹੋਈ ਮੀਟਿੰਗ ਵਿਚ ਕਈ ਸੀਟਾਂ 'ਤੇ ਲੱਗਭਗ ਸਹਿਮਤੀ ਬਣ ਗਈ ਹੈ।
2014 ਵਿਚ ਸਿਰਫ 19 ਹਜ਼ਾਰ ਵੋਟਾਂ ਨਾਲ ਹਾਰੇ ਮਨਪ੍ਰੀਤ
ਮਨਪ੍ਰੀਤ ਨੇ 2012 ਵਿਚ ਮੌੜ ਵਿਧਾਨਸਭਾ ਹਲਕੇ ਤੋਂ ਪੀ.ਪੀ.ਪੀ. ਦੀ ਟਿਕਟ 'ਤੇ ਚੋਣ ਲੜੀ ਸੀ, ਜਿਸ ਵਿਚ ਉਹ ਹਾਰ ਗਏ ਸਨ। 2014 ਦੀਆਂ ਲੋਕ ਸਭਾ ਚੋਣਾਂ ਉਨ੍ਹਾਂ ਨੇ ਕਾਂਗਰਸ ਤੋਂ ਲੜੀ ਅਤੇ ਬਠਿੰਡਾ ਵਿਚ ਹਰਸਿਮਰਤ ਨੂੰ ਟੱਕਰ ਦਿੱਤੀ। ਹਰਸਿਮਰਤ ਨੂੰ 5,14,727 ਵੋਟਾਂ ਅਤੇ ਮਨਪ੍ਰੀਤ ਨੂੰ 4,95,332 ਵੋਟਾਂ ਪਈਆਂ ਸਨ। ਹਰਸਿਮਰਤ 19,395 ਵੋਟਾਂ ਨਾਲ ਜਿੱਤੀ ਸੀ।