'ਮਿਸ ਫਿਟਨੈੱਸ ਫਰੀਕ' ਬਣੀ ਬਠਿੰਡਾ ਦੀ ਹਰਮਨਦੀਪ ਕੌਰ
Sunday, Jan 05, 2020 - 03:32 PM (IST)
ਤਲਵੰਡੀ ਸਾਬੋ (ਮਨੀਸ਼) : ਕਦੇ ਉਹ ਸਮਾਂ ਸੀ ਜਦੋਂ ਕੁੜੀਆਂ ਨੂੰ ਬੇਬੀ ਡੌਲ ਸਮਝਿਆ ਜਾਂਦਾ ਸੀ ਪਰ ਅੱਜ ਜ਼ਮਾਨਾ ਕੁਝ ਹੋਰ ਹੈ। ਅੱਜ ਦੀਆਂ ਕੁੜੀਆਂ ਸਖਤ ਮਿਹਨਤ ਕਰ ਖੁਦ ਨੂੰ ਮਜ਼ਬੂਤ ਅਤੇ ਆਤਮ ਨਿਰਭਰ ਬਣਾਉਣਾ ਜਾਣਦੀਆਂ ਹਨ। ਅਜਿਹੀ ਇਕ ਮਿਸਾਲ ਹੈ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲਾਲੇਆਣਾ ਦੇ ਗਰੀਬ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੀ ਹਰਮਨਦੀਪ ਕੌਰ।
ਦਰਅਸਲ ਹਰਮਨਦੀਪ ਨੂੰ ਚੰਡੀਗੜ੍ਹ ਵਿਖੇ ਕਰਵਾਏ ਗਏ ਮੁਕਾਬਲਿਆਂ ਵਿਚ ਮਿਸ ਫਿਟਨੈੱਸ ਫਰੀਕ ਚੁਣਿਆ ਗਿਆ ਹੈ। ਹਰਮਨ ਮਾਡਲਿੰਗ ਵਿਚ ਆਪਣੀ ਕਿਸਮਤ ਅਜ਼ਮਾ ਰਹੀ ਹੈ। ਹਰਮਨ ਪਹਿਲਾਂ ਅਥਲੈਟਿਕਸ ਵਿਚ ਚੰਗਾ ਨਾਮਣਾ ਖੱਟ ਚੁੱਕੀ ਹੈ ਤੇ ਚੰਡੀਗੜ੍ਹ ਤੋਂ ਬਾਅਦ ਹੁਣ ਰਾਜਧਾਨੀ ਦਿੱਲੀ ਵਿਚ ਹੋਣ ਵਾਲੇ ਮੁਕਾਬਲੇ ਦੀ ਤਿਆਰੀ ਕਰ ਰਹੀ ਹੈ। ਹਰਮਨ ਨੂੰ ਹੁਣੇ ਤੋਂ ਪੰਜਾਬੀ ਗੀਤਾਂ ਵਿਚ ਮਾਡਲਿੰਗ ਦੇ ਕਈ ਆਫਰ ਮਿਲ ਰਹੇ ਹਨ। ਉਸ ਦਾ ਸੁਪਨਾ ਇੰਡੀਆ ਦੀ ਟੌਪ ਫਿਟਨੈੱਸ ਮਾਡਲ ਬਣਨ ਦਾ ਹੈ, ਜਿਸ ਲਈ ਉਹ ਦਿਨ-ਰਾਤ ਮਿਹਨਤ ਕਰ ਰਹੀ ਹੈ।
ਹਰਮਨ ਦੀ ਇਸ ਉਪਲਬੱਧੀ ਨਾਲ ਉਸ ਦੇ ਪਿੰਡ ਵਿਚ ਖੁਸ਼ੀ ਦੀ ਲਹਿਰ ਹੈ। ਪਿੰਡ ਦੇ ਸਕੂਲ ਪ੍ਰਬੰਧਕਾਂ ਵੱਲੋਂ ਹਰਮਨ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਹਰਮਨ ਉਨ੍ਹਾਂ ਲੱਖਾਂ ਕੁੜੀਆਂ ਲਈ ਪ੍ਰੇਰਣਾ ਹੈ, ਜੋ ਫਿਟਨੈੱਸ ਦੇ ਖੇਤਰ ਵਿਚ ਅੱਗੇ ਵਧਣਾ ਚਾਹੁੰਦੀਆਂ ਹਨ।