ਕਿਸਾਨ ਕਰਜ਼ਾ ਰਾਹਤ ਸਕੀਮ ਦੇ ਦੂਜੇ ਪੜਾਅ ਲਈ ਸੂਬਾ ਪੱਧਰੀ ਸਮਾਗਮ 23 ਨੂੰ

01/21/2019 11:43:22 AM

ਬਠਿੰਡਾ (ਵਰਮਾ)— ਡਿਪਟੀ ਕਮਿਸ਼ਨਰ ਪ੍ਰਨੀਤ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ 'ਚ ਦੱਸਿਆ ਕਿ 22 ਜਨਵਰੀ ਨੂੰ ਪਿੰਡ ਮਹਿਰਾਜ 'ਚ ਹੋਣ ਵਾਲਾ ਸੂਬਾ ਪੱਧਰੀ ਕਿਸਾਨ ਕਰਜ਼ਾ ਰਾਹਤ ਸਮਾਗਮ ਹੁਣ 23 ਜਨਵਰੀ ਨੂੰ ਹੋਵੇਗਾ। ਕਿਸਾਨ ਕਰਜ਼ਾ ਰਾਹਤ ਦੇ ਦੂਸਰੇ ਪੜਾਅ ਤਹਿਤ ਕਰਵਾਏ ਜਾ ਰਹੇ ਸੂਬਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਉਪਰੰਤ ਉਨ੍ਹਾਂ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਲਾਈਆਂ ਗਈਆਂ ਡਿਊਟੀਆਂ ਦੀ ਤਨਦੇਹੀ ਨਾਲ ਪਾਲਣਾ ਕਰਨ ਦੀਆਂ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਡਿਊਟੀ ਦੌਰਾਨ ਕਿਸੇ ਵੀ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਪ੍ਰਨੀਤ ਨੇ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੂੰ ਹੁਕਮ ਜਾਰੀ ਕਰਦਿਆਂ ਕਿਹਾ ਕਿ ਪੀਣ ਵਾਲੇ ਪਾਣੀ, ਬੈਠਣ ਦੇ ਢੁੱਕਵੇਂ ਪ੍ਰਬੰਧ, ਸਿਕਿਊਰਿਟੀ, ਪਾਰਕਿੰਗ ਅਤੇ ਖਾਣ-ਪੀਣ ਦਾ ਖਾਸ ਖਿਆਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਸਮਾਗਮ 'ਚ ਤਕਰੀਬਨ 20,000 ਤੋਂ 25,000 ਲੋਕਾਂ ਵਲੋਂ ਸ਼ਿਰਕਤ ਕੀਤੀ ਜਾਣੀ ਹੈ ਅਤੇ ਸਤਿਕਾਰਯੋਗ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਸਮਾਗਮ 'ਚ ਉਚੇਚੇ ਤੌਰ 'ਤੇ ਪਹੁੰਚ ਰਹੇ ਹਨ।

ਉਨ੍ਹਾਂ ਬਠਿੰਡਾ ਜ਼ਿਲੇ ਦੇ ਹਰ ਵਿਅਕਤੀ ਨੂੰ  ਖੁੱਲ੍ਹਾ ਸੱਦਾ ਦਿੰਦਿਆਂ ਆਖਿਆ ਕਿ ਇਸ ਸਮਾਗਮ 'ਚ ਪਹੁੰਚਣ ਲਈ ਵੱਖਰੇ ਕਾਰਡ ਨਹੀਂ ਭੇਜੇ ਜਾਣਗੇ। ਉਨ੍ਹਾਂ ਆਖਿਆ ਕਿ ਪੁਲਸ ਵਿਭਾਗ ਨੂੰ ਸੁਰੱਖਿਆ ਯਕੀਨੀ ਬਣਾਉਣ ਦੇ ਨਾਲ-ਨਾਲ ਆਉਣ ਵਾਲੇ ਮਹਿਮਾਨਾਂ ਦੀ ਬਿਨਾ ਕਿਸੇ ਖੱਜਲ-ਖੁਆਰੀ ਦੇ ਸਮਾਗਮ ਵਾਲੀ ਥਾਂ ਤੱਕ ਪਹੁੰਚਣ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉੁਣ ਲਈ ਵੱਖਰੀ ਫੋਰਸ ਲਾਈ ਜਾਵੇਗੀ ਤਾਂ ਜੋ ਆਉਣ ਵਾਲੀਆਂ ਗੱਡੀਆਂ ਅਤੇ ਬੱਸਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਮਹਿਰਾਜ ਪਿੰਡ ਦੀ ਲਿੰਕ ਸੜਕਾਂ ਤੋਂ ਇਲਾਵਾ ਮੇਨ ਰੋਡ 'ਤੇ ਵੀ ਪੁਲਸ ਦੀ ਤਾਇਨਾਤੀ ਕੀਤੀ ਜਾਵੇਗੀ ਤਾਂ ਜੋ ਟਰੈਫਿਕ ਵਿਵਸਥਾ ਨਿਰਵਿਘਨ ਜਾਰੀ ਰਹੇ।

ਉਨ੍ਹਾਂ ਦੱਸਿਆ ਕਿ ਬਠਿੰਡਾ ਜ਼ਿਲੇ ਦੇ 11,328 ਕਿਸਾਨ, ਜਿੰਨ੍ਹਾਂ ਦੀ ਜ਼ਮੀਨ 2.5 ਏਕੜ ਤੋਂ 5 ਏਕੜ ਹੈ ਦਾ 71.34 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚ 10250 ਛੋਟੇ ਕਿਸਾਨ ਸਹਿਕਾਰੀ ਬੈਂਕਾਂ ਨਾਲ ਸਬੰਧਤ ਹਨ, ਜਿਨ੍ਹਾਂ ਨੂੰ 57.98 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਜਾਵੇਗੀ। ਇਸੇ ਤਰ੍ਹਾਂ ਵਪਾਰਕ ਬੈਂਕਾਂ ਨਾਲ ਸਬੰਧਤ 1078 ਛੋਟੇ ਕਿਸਾਨਾਂ ਨੂੰ 13.36 ਕਰੋੜ ਰੁਪਏ ਦੇ ਕਰਜ਼ਾ ਰਾਹਤ ਪ੍ਰਮਾਣ ਪੱਤਰ ਸੌਂਪੇ ਜਾਣਗੇ। ਡਿਪਟੀ ਕਮਿਸ਼ਨਰ ਤੋਂ ਇਲਾਵਾ ਸਮਾਗਮ ਵਾਲੀ ਥਾਂ 'ਤੇ ਆਈ. ਜੀ. ਐੱਮ. ਐੱਫ. ਫਾਰੂਕੀ, ਐੱਸ. ਐੱਸ. ਪੀ. ਡਾ. ਨਾਨਕ ਸਿੰਘ, ਏ. ਡੀ. ਸੀ. ਸੁਖਪ੍ਰੀਤ ਸਿੱਧੂ, ਐੱਸ. ਡੀ. ਐੱਮ. ਬਠਿੰਡਾ ਅਮਰਿੰਦਰ ਸਿੰਘ ਟਿਵਾਣਾ, ਸਹਾਇਕ ਕਮਿਸ਼ਨਰ (ਜਨਰਲ) ਬਬਨਦੀਪ ਵਾਲੀਆ, ਜ਼ਿਲਾ ਖੁਰਾਕ ਤੇ ਸਪਲਾਈ ਕੰਟਰੋਲ ਅਫ਼ਸਰ ਅਮਨਦੀਪ ਸਿੰਘ ਨੇ ਵੀ ਮੌਕੇ ਦਾ ਜਾਇਜ਼ਾ ਲਿਆ ਅਤੇ ਆਪਣੇ ਵਿਭਾਗ ਦੇ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ।


cherry

Content Editor

Related News