ਏਮਜ਼ ਬਠਿੰਡਾ ਵਿਖੇ ਓ. ਪੀ. ਡੀ. 31 ਅਗਸਤ ਤੱਕ ਮੁਕੰਮਲ ਹੋ ਜਾਵੇਗੀ : ਬੀਬਾ ਬਾਦਲ
Tuesday, Jul 30, 2019 - 12:27 PM (IST)

ਬਠਿੰਡਾ(ਵਰਮਾ) : ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਐਲਾਨ ਕੀਤਾ ਕਿ ਕੇਂਦਰ ਸਰਕਾਰ ਏਮਜ਼ ਬਠਿੰਡਾ ਦੇ ਪਹਿਲੇ ਐੱਮ. ਬੀ. ਬੀ. ਐੱਸ. ਬੈਚ ਦੇ ਵਿਦਿਆਰਥੀਆਂ ਵਾਸਤੇ ਫਰੀਦਕੋਟ ਵਿਖੇ ਪੜ੍ਹਾਈ ਦਾ ਆਰਜ਼ੀ ਪ੍ਰਬੰਧ ਕਰਨ 'ਤੇ ਹੋਏ ਖਰਚੇ ਦਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ (ਬੀ. ਐੱਫ. ਯੂ. ਐੱਚ. ਐੱਸ.) ਨੂੰ ਭੁਗਤਾਨ ਕਰੇਗੀ।
ਇਸ ਬਾਰੇ ਕੇਂਦਰੀ ਮੰਤਰੀ ਨੇ ਦੱਸਿਆ ਕਿ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ ਵਰਧਨ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਬੀ. ਐੱਫ. ਯੂ. ਐੱਚ. ਐੱਸ. ਨੂੰ 1.5 ਕਰੋੜ ਦੀ ਰਾਸ਼ੀ ਦਾ ਭੁਗਤਾਨ ਕਰਨ ਲਈ ਪੀ. ਜੀ. ਆਈ. ਐੱਮ. ਈ. ਆਰ. ਨੂੰ ਜ਼ਰੂਰੀ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਨੇ ਏਮਜ਼ ਬਠਿੰਡਾ ਦੇ ਪਹਿਲੇ ਐੱਮ. ਬੀ. ਬੀ. ਐੱਸ. ਬੈਚ ਦੀ ਪੜ੍ਹਾਈ ਲਈ ਢੁਕਵੇਂ ਪ੍ਰਬੰਧ ਕਰਨ ਵਾਸਤੇ ਬੀ. ਐੱਫ. ਯੂ. ਐੱਚ. ਐੱਚ. ਨੂੰ ਭੁਗਤਾਨ ਲਈ ਕੀਤੀ ਬੇਨਤੀ ਅਤੇ ਫੌਰੀ ਕਾਰਵਾਈ ਕਰਨ ਲਈ ਸਿਹਤ ਮੰਤਰੀ ਦਾ ਧੰਨਵਾਦ ਕੀਤਾ। ਬਾਬਾ ਫਰੀਦ ਯੂਨੀਵਰਸਿਟੀ ਨੂੰ ਇਹ ਪ੍ਰਬੰਧ ਇਸ ਲਈ ਕਰਨੇ ਪਏ ਸਨ ਕਿਉਂਕਿ ਕਾਂਗਰਸ ਸਰਕਾਰ ਵਲੋਂ ਜ਼ਰੂਰੀ ਪ੍ਰਵਾਨਗੀਆਂ ਦੇਣ 'ਚ ਕੀਤੀ ਬੇਲੋੜੀ ਦੇਰੀ ਕਰ ਕੇ ਏਮਜ਼ ਬਠਿੰਡਾ ਦਾ ਕੈਂਪਸ ਤਿਆਰ ਨਹੀਂ ਸੀ ਕੀਤਾ ਜਾ ਸਕਿਆ।
ਬੀਬਾ ਬਾਦਲ ਨੇ ਅੱਗੇ ਦੱਸਿਆ ਕਿ ਏਮਜ਼ ਬਠਿੰਡਾ ਦਾ ਓ. ਪੀ. ਡੀ. 31 ਅਗਸਤ ਤੱਕ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਹਾਲ ਹੀ 'ਚ ਪ੍ਰਾਜੈਕਟ ਦੇ ਕੀਤੇ ਰੀਵਿਊ ਦੌਰਾਨ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਓ. ਪੀ. ਡੀ. ਨੂੰ ਜਲਦੀ ਮੁਕੰਮਲ ਕਰ ਕੇ ਸੰਸਥਾਨ ਦੇ ਹਵਾਲੇ ਕਰ ਦਿੱਤਾ ਜਾਵੇਗਾ ਅਤੇ ਇਹ 1 ਸਤੰਬਰ ਤੱਕ ਪੂਰੀ ਤਰ੍ਹਾਂ ਚਾਲੂ ਹੋ ਜਾਵੇਗੀ।
ਉਨ੍ਹਾਂ ਇਹ ਵੀ ਦੱਸਿਆ ਕਿ ਏਮਜ਼ ਬਠਿੰਡਾ ਵਾਸਤੇ ਡਾਇਰੈਕਟਰ ਅਤੇ ਸਟਾਫ ਦੀ ਚੋਣ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਏਮਜ਼ ਬਠਿੰਡਾ ਵਿਖੇ ਇਕ ਗਵਰਨਿੰਗ ਬਾਡੀ ਵੀ ਬਣਾਈ ਜਾ ਰਹੀ ਹੈ। ਇਹ ਪ੍ਰਸਤਾਵ ਆਇਆ ਹੈ ਕਿ ਬੀ. ਐੱਫ. ਯੂ. ਐੱਚ. ਐੱਸ. ਦੇ ਉਪ ਕੁਲਪਤੀ ਨੂੰ ਏਮਜ਼ ਬਠਿੰਡਾ ਦੀ ਗਵਰਨਿੰਗ ਬਾਡੀ ਦਾ ਸਟੈਂਡਿੰਗ ਮੈਂਬਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੀ. ਜੀ. ਆਈ. ਐੱਮ. ਈ. ਆਰ. ਵਰਗੇ ਸੰਸਥਾਨ 'ਚ ਇਹੋ ਰਵਾਇਤ ਨਿਭਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੀਨੀਅਰ ਵਿਦਵਾਨ ਦਾ ਏਮਜ਼ ਦੀ ਗਵਰਨਿੰਗ ਬਾਡੀ 'ਚ ਹੋਣਾ ਇਸ ਵੱਕਾਰੀ ਮੈਡੀਕਲ ਸੰਸਥਾਨ ਅੰਦਰ ਵਿਦਵਾਨਾਂ ਦੀ ਨੁਮਾਇੰਦਗੀ ਵਧਾਏਗਾ।