ਲਹਿਰਾ ਮੁਹੱਬਤ ''ਚ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ, ਦੋਸਤ ਹੀ ਨਿਕਲਿਆ ਕਾਤਲ

02/13/2020 9:54:53 AM

ਬਠਿੰਡਾ (ਵਰਮਾ) : ਬੀਤੇ ਦਿਨੀਂ ਪਿੰਡ ਲਹਿਰਾ ਮੁਹੱਬਤ 'ਚ ਹੋਏ ਅੰਨ੍ਹੇ ਕਤਲ ਦੀ ਗੁੱਥੀ ਪੁਲਸ ਨੇ 48 ਘੰਟਿਆਂ ਦੇ ਅੰਦਰ ਹੀ ਸੁਲਝਾ ਲਈ ਹੈ। ਮ੍ਰਿਤਕ ਦੇ ਦੋਸਤ ਤੇ ਉਸ ਦੇ ਇਕ ਰਿਸ਼ਤੇਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਕਿਉਂਕਿ ਮੁਲਜ਼ਮ ਨੂੰ ਸ਼ੱਕ ਸੀ ਕਿ ਮ੍ਰਿਤਕ ਉਸ ਦੀ ਪਤਨੀ 'ਤੇ ਮਾੜੀ ਅੱਖ ਰੱਖਦਾ ਹੈ। ਅਰੁਣ ਮਿੱਤਲ ਆਈ. ਜੀ. ਰੇਂਜ ਬਠਿੰਡਾ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਅਨੁਸਾਰ ਪਰਵਿੰਦਰ ਸਿੰਘ ਅਤੇ ਪਰਮਜੀਤ ਸਿੰਘ ਪੰਮਾ ਵਾਸੀਆਨ ਲਹਿਰਾ ਮੁਹੱਬਤ ਚੰਗੇ ਦੋਸਤ ਸਨ ਪਰ ਕੁਝ ਸਮੇਂ ਪਹਿਲਾਂ ਪਰਮਜੀਤ ਸਿੰਘ ਪੰਮਾ ਨੂੰ ਸ਼ੱਕ ਹੋਇਆ ਕਿ ਪਰਵਿੰਦਰ ਸਿੰਘ ਉਸ ਦੀ ਪਤਨੀ 'ਤੇ ਮਾੜੀ ਨਜ਼ਰ ਰੱਖਦਾ ਹੈ। ਬੀਤੀ 9 ਅਤੇ 10 ਦੀ ਦਰਮਿਆਨੀ ਰਾਤ ਨੂੰ ਉਹ ਦੋਵੇਂ ਪਿੰਡ 'ਚ ਹੀ ਕਿਸੇ ਵਿਆਹ ਸਮਾਗਮ 'ਚ ਗਏ ਹੋਏ ਸਨ। ਕਰੀਬ ਅੱਧੀ ਰਾਤ ਨੂੰ ਜਦੋਂ ਪਰਵਿੰਦਰ ਸਿੰਘ ਆਪਣੇ ਘਰ ਆ ਰਿਹਾ ਸੀ ਤਾਂ ਪੰਮੇ ਨੇ ਉਸ ਦਾ ਪਿੱਛਾ ਕੀਤਾ, ਜਦਕਿ ਉਕਤ ਦੀ ਗਲੀ 'ਚ ਪੰਮੇ ਦਾ ਚਚੇਰਾ ਭਰਾ ਅੰਮ੍ਰਿਤਪਾਲ ਸਿੰਘ ਪਹਿਲਾਂ ਹੀ ਖੜ੍ਹਾ ਸੀ। ਦੋਵਾਂ ਨੇ ਪਰਵਿੰਦਰ ਸਿੰਘ ਨੂੰ ਘੇਰ ਲਿਆ ਤੇ ਕੁੱਟ-ਮਾਰ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਮੁਲਜ਼ਮਾਂ ਨੇ ਕੁਹਾੜੀ ਦੇ ਕਈ ਵਾਰ ਪਰਵਿੰਦਰ ਸਿੰਘ ਦੇ ਸਿਰ 'ਤੇ ਕੀਤੇ। ਸਿੱਟੇ ਵਜੋਂ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਬਾਅਦ 'ਚ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਮੌਕੇ 'ਤੇ ਪੁਲਸ ਚੌਕੀ ਭੁੱਚੋ ਤੇ ਨਥਾਣਾ ਪੁਲਸ ਪਹੁੰਚੀ, ਜਿਸ ਨੇ ਵਾਰਦਾਤ ਦਾ ਜਾਇਜ਼ਾ ਲਿਆ ਪਰ ਮੁੱਢਲੀ ਜਾਂਚ ਦੌਰਾਨ ਕੋਈ ਸੁਰਾਗ ਹੱਥ ਨਹੀਂ ਲੱਗਾ।

PunjabKesari

ਮਿੱਤਲ ਨੇ ਅੱਗੇ ਦੱਸਿਆ ਕਿ ਵਾਰਦਾਤ ਨੂੰ ਟਰੇਸ ਕਰਨ ਲਈ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਜੇ ਗਾਂਧੀ ਏ. ਐੱਸ. ਪੀ., ਗੋਪਾਲ ਚੰਦ ਡੀ. ਐੱਸ. ਪੀ. ਭੁੱਚੋ, ਇੰਸਪੈਕਟਰ ਰਜਿੰਦਰ ਕੁਮਾਰ ਥਾਣਾ ਨਥਾਣਾ ਅਤੇ ਐੱਸ. ਆਈ. ਗੁਰਦਰਸ਼ਨ ਸਿੰਘ ਚੌਕੀ ਭੁੱਚੋ ਮੰਡੀ ਦੀ ਇਕ ਜਾਂਚ ਟੀਮ ਬਣਾਈ ਗਈ। ਇਸ ਟੀਮ ਨੇ ਡੂੰਘਾਈ ਨਾਲ ਕੀਤੀ ਜਾਂਚ ਉਪਰੰਤ ਉਕਤ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਦੋ ਦਿਨਾ ਲਈ ਰਿਮਾਂਡ ਹਾਸਲ ਕੀਤੀ ਜਾਵੇਗਾ ਤਾਂ ਕਿ ਹੋਰ ਪੁੱਛਗਿੱਛ ਕੀਤੀ ਜਾ ਸਕੇ। ਵਾਰਦਾਤ 'ਚ ਵਰਤੀ ਗਈ ਕੁਹਾੜੀ ਅਤੇ ਖੂਨ ਨਾਲ ਲੱਥਪੱਥ ਕੱਪੜੇ ਬਰਾਮਦ ਕਰ ਲਏ ਗਏ ਹਨ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਮੁਲਜ਼ਮਾਂ ਵਿਰੁੱਧ ਪਹਿਲਾਂ ਕੋਈ ਵੀ ਮੁਕੱਦਮਾ ਦਰਜ ਨਹੀਂ, ਫਿਰ ਵੀ ਪੁੱਛ ਪੜਤਾਲ ਜਾਰੀ ਹੈ।


cherry

Content Editor

Related News