ਬਠਿੰਡਾ ''ਚ 25424 ਹਥਿਆਰਾਂ ''ਚੋਂ 24087 ਹੋਏ ਜਮ੍ਹਾ
Saturday, Apr 27, 2019 - 05:16 PM (IST)
ਬਠਿੰਡਾ(ਵਰਮਾ) : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦੇਸ਼ ਭਰ ਦੇ ਹਥਿਆਰ ਜਮ੍ਹਾ ਕਰਵਾ ਲਏ ਗਏ ਹਨ, ਜਦਕਿ ਬਠਿੰਡਾ 'ਚ ਕੁਲ ਹਥਿਆਰਾਂ ਦੇ ਲਾਇਸੈਂਸ ਧਾਰਕਾਂ ਦੀ ਗਿਣਤੀ 25424 ਹੈ, ਜਦਕਿ ਹੁਣ ਤੱਕ ਕੁਲ 24087 ਹਥਿਆਰ ਹੀ ਜਮ੍ਹਾ ਕਰਵਾਏ ਗਏ ਹਨ। ਪੁਲਸ ਵੱਲੋਂ ਲਾਇਸੈਂਸ ਧਾਰਕਾਂ ਨੂੰ ਫੋਨ ਕਰਕੇ ਉਨ੍ਹਾਂ ਨੂੰ ਹਥਿਆਰ ਜਮ੍ਹਾਂ ਕਰਵਾਉਣ ਲਈ ਕਿਹਾ ਜਾ ਰਿਹਾ ਹੈ। ਜ਼ਿਲਾ ਪ੍ਰਧਾਨ ਕਮ ਮੁੱਖ ਚੋਣ ਅਧਿਕਾਰੀ ਦੁਆਰਾ ਵੀ ਆਪਣੇ ਅਧਿਕਾਰਾਂ ਦਾ ਪ੍ਰਯੋਗ ਕਰਦੇ ਹੋਏ ਸਰਕੁਲੇਸ਼ਨ ਜਾਰੀ ਕੀਤੇ ਹਨ ਕਿ ਜੇਕਰ ਕਿਸੇ ਨੇ ਹਥਿਆਰ ਜਮ੍ਹਾ ਨਹੀਂ ਕਰਵਾਏ ਤਾਂ ਉਨ੍ਹਾਂ ਦੇ ਲਾਇਸੈਂਸ ਰੱਦ ਹੋ ਸਕਦੇ ਹਨ। ਇਸ ਡਰ ਤੋਂ ਜ਼ਿਆਦਾਤਰ ਲਾਇਸੈਂਸ ਧਾਰਕਾਂ ਨੇ ਆਪਣੇ ਹਥਿਆਰ ਜਮ੍ਹਾ ਕਰਵਾਏ ਹਨ ਪਰ ਪੁਲਸ ਵੱਲੋਂ ਕੁੱਝ ਲੋਕਾਂ ਨੂੰ ਹਥਿਆਰ ਜਮ੍ਹਾ ਕਰਵਾਉਣ 'ਚ ਛੋਟ ਦਿੱਤੀ ਗਈ ਹੈ, ਜਿਨ੍ਹਾਂ 'ਚ ਸੁਰੱਖਿਆ ਨਾਲ ਜੁੜੇ ਮੁਲਾਜ਼ਮਾਂ ਤੇ ਸੁਰੱਖਿਆ ਕਰਮਚਾਰੀ ਸ਼ਾਮਲ ਹਨ। ਇਥੋਂ ਤੱਕ ਕਿ ਬੈਂਕਾਂ, ਸਰਕਾਰੀ ਵਿÎਭਾਗਾਂ, ਦਫ਼ਤਰ ਸੁਰੱਖਿਆ ਕਰਮਚਾਰੀ ਆਦਿ ਸਥਾਨਾਂ 'ਤੇ ਤਾਇਨਾਤ ਲਾਇਸੈਂਸ ਧਾਰਕਾਂ ਨੂੰ ਇਸ 'ਚ ਛੋਟ ਦਿੱਤੀ ਗਈ ਹੈ। ਬਠਿੰਡਾ ਦੇ ਕੁਲ 7 ਥਾਣੇ ਹਨ, ਜਿਨ੍ਹਾਂ 'ਚ ਹਥਿਆਰ ਜਮ੍ਹਾ ਕਰਵਾਏ ਗਏ ਹਨ।
ਕੀ ਕਹਿੰਦੇ ਹੈ ਐੱਸ. ਐੱਸ. ਪੀ.
ਐੱਸ. ਐੱਸ. ਪੀ. ਡਾ. ਨਾਨਕ ਸਿੰਘ ਦਾ ਕਹਿਣਾ ਹੈ ਕਿ ਹਥਿਆਰ ਜਮ੍ਹਾ ਕਰਵਾਉਣ ਦੇ ਮਾਮਲੇ 'ਚ ਕੋਈ ਵੀ ਨਰਮੀ ਸਹਿਣ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸਾਰੇ ਲਾਇਸੈਂਸ ਧਾਰਕਾਂ ਨੂੰ 2 ਵਾਰ ਫੋਨ ਕਰਨ ਲਈ ਥਾਣਾ ਮੁਖੀ ਨੂੰ ਨਿਰਦੇਸ਼ ਦਿੱਤੇ ਗਏ ਹਨ। ਜੇਕਰ ਇਸ ਦੇ ਬਾਵਜੂਦ ਕੋਈ ਨਹੀਂ ਪਹੁੰਚਦਾ ਤਾਂ ਲਾਇਸੈਂਸ ਰੱਦ ਕਰਨ ਦੀ ਕਾਰਵਾਈ ਸ਼ੁਰੂ ਕਰਨ ਲਈ ਕਿਹਾ ਜਾਵੇਗਾ। ਐੱਸ. ਐੱਸ. ਪੀ. ਨੇ ਸਾਰੇ ਥਾਣਾ ਮੁਖੀਆਂ ਦੀ ਮੀਟਿੰਗ 'ਚ ਯਕੀਨ ਦਿਵਾਇਆ ਕਿ ਸਾਰੇ ਮੁਖੀਆਂ ਨੂੰ ਹਥਿਆਰ ਜਮ੍ਹਾ ਕਰਵਾਉਣ ਦੀ ਜਿੰਮੇਵਾਰੀ ਹੋਵੇਗੀ। ਜੇਕਰ ਕੋਈ ਹਥਿਆਰ ਜਮ੍ਹਾ ਕਰਵਾਉਣ 'ਚ ਟਾਲਮਟੋਲ ਕਰਦਾ ਹੈ ਤਾਂ ਉਸ ਵਿਰੁੱਧ ਜ਼ਿਲਾ ਮੈਜਿਸਟ੍ਰੇਟ ਦੇ ਆਦੇਸ਼ਾਂ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਜਾਵੇ।