ਪੰਜਾਬ ''ਚ ਬਿਜਲੀ ਚੋਰੀ ਨਾਲ ਪਾਵਰਕਾਮ ਨੂੰ ਪੈ ਰਿਹੈ ਵੱਡਾ ਘਾਟਾ

Wednesday, Jun 19, 2019 - 01:07 PM (IST)

ਪੰਜਾਬ ''ਚ ਬਿਜਲੀ ਚੋਰੀ ਨਾਲ ਪਾਵਰਕਾਮ ਨੂੰ ਪੈ ਰਿਹੈ ਵੱਡਾ ਘਾਟਾ

ਬਠਿੰਡਾ(ਵੈੱਬ ਡੈਸਕ) : ਪੰਜਾਬ ਵਿਚ ਬਿਜਲੀ ਚੋਰੀ ਨਾਲ ਪਾਵਰਕਾਮ ਦੇ ਖਜ਼ਾਨੇ ਨੂੰ ਮਾਰ ਪੈ ਰਹੀ ਹੈ। ਪੰਜਾਬ ਵਿਚ ਰੋਜ਼ਾਨਾ ਔਸਤਨ 2.20 ਕਰੋੜ ਰੁਪਏ ਦੀ ਬਿਜਲੀ ਚੋਰੀ ਹੁੰਦੀ ਹੈ। ਪਾਵਰਕਾਮ ਨੂੰ ਸਾਲਾਨਾ 800 ਕਰੋੜ ਰੁਪਏ ਦਾ ਰਗੜਾ ਲੱਗਦਾ ਹੈ। ਪੰਜਾਬ ਦੇ ਪੇਂਡੂ ਫੀਡਰਾਂ 'ਤੇ ਅਪਰੈਲ ਤੋਂ ਦਸੰਬਰ 2018 ਤੱਕ ਦੇ ਵੰਡ ਘਾਟੇ 27.58 ਫੀਸਦ ਬਣਦੇ ਹਨ, ਜਿਨ੍ਹਾਂ ਵਿਚ ਮੁੱਖ ਤੌਰ 'ਤੇ ਬਿਜਲੀ ਚੋਰੀ ਸ਼ਾਮਲ ਹੈ। ਪਾਵਰਕਾਮ ਨੂੰ ਅਨੁਮਾਨਤ ਸਾਲਾਨਾ 250 ਕਰੋੜ ਯੂਨਿਟ ਦਾ ਰਗੜਾ ਲਗਦਾ ਹੈ। ਇਸ ਵਿਚੋਂ 50 ਫੀਸਦ ਵੀ ਕਟੌਤੀ ਕਰ ਦੇਈਏ ਤਾਂ ਸਾਲਾਨਾ ਕਰੀਬ 800 ਕਰੋੜ ਰੁਪਏ ਦੀ ਬਿਜਲੀ ਚੋਰੀ ਹੋ ਜਾਂਦੀ ਹੈ।

'ਪੰਜਾਬੀ ਟ੍ਰਿਬਿਊਨ' ਵੱਲੋਂ ਪਾਵਰਕਾਮ ਦੇ ਫੀਲਡ ਦਫ਼ਤਰਾਂ ਵਿਚੋਂ ਇਕੱਤਰ ਕੀਤੇ ਵੇਰਵਿਆਂ ਮੁਤਾਬਕ 2017-18 (ਦਸੰਬਰ ਤੱਕ) ਦੇ ਮੁਕਾਬਲੇ 2018-19 (ਦਸੰਬਰ ਤੱਕ) ਵਿਚ ਪੰਜਾਬ 'ਚ ਬਿਜਲੀ ਚੋਰੀ 'ਚ ਮਾਮੂਲੀ ਕਮੀ (0.7 ਫੀਸਦ) ਆਈ ਹੈ, ਪਰ ਪਾਵਰਫੁੱਲ ਹਲਕਿਆਂ ਵਿਚ ਬਿਜਲੀ ਚੋਰੀ ਵਧੀ ਹੈ। ਸਮੁੱਚੇ ਪੰਜਾਬ ਵਿਚ ਪਾਵਰਕਾਮ ਦੇ 13.31 ਫੀਸਦੀ ਵੰਡ ਘਾਟੇ ਹਨ, ਜਿਨ੍ਹਾਂ 'ਚ ਮੁੱਖ ਬਿਜਲੀ ਚੋਰੀ ਆਉਂਦੀ ਹੈ। ਇਕ ਵਰ੍ਹਾ ਪਹਿਲਾਂ ਇਹ ਘਾਟਾ 14.01 ਫੀਸਦ ਸੀ। ਸਰਹੱਦੀ ਜ਼ੋਨ ਵਿਚ ਸਭ ਤੋਂ ਵੱਧ 26.51 ਫੀਸਦੀ ਬਿਜਲੀ ਘਾਟੇ ਹਨ, ਜਿੱਥੇ ਸਭ ਤੋਂ ਵੱਧ ਬਿਜਲੀ ਚੋਰੀ ਹੁੰਦੀ ਹੈ। ਸਰਕਲਾਂ ਉੱਤੇ ਨਜ਼ਰ ਮਾਰੀਏ ਤਾਂ ਤਰਨ ਤਾਰਨ ਸਰਕਲ ਬਿਜਲੀ ਚੋਰੀ 'ਚ ਸਿਖਰ 'ਤੇ ਹੈ, ਜਿੱਥੇ 45.80 ਫੀਸਦ ਬਿਜਲੀ ਚੋਰੀ (ਵੰਡ ਘਾਟਾ) ਹੈ। ਪਾਵਰਕਾਮ ਦੀਆਂ ਡਵੀਜ਼ਨਾਂ ਵਿਚੋਂ ਸਭ ਤੋਂ ਵੱਧ ਬਿਜਲੀ ਚੋਰੀ ਭਿਖੀਵਿੰਡ ਡਿਵੀਜ਼ਨ 'ਚ ਹੈ, ਜਿੱਥੇ 72.76 ਫੀਸਦੀ ਬਿਜਲੀ ਚੋਰੀ ਬਣਦੀ ਹੈ। ਪੰਜਾਬ ਵਿਚ 20 ਡਿਵੀਜ਼ਨਾਂ ਅਜਿਹੀਆਂ ਹਨ, ਜਿੱਥੇ ਬਿਜਲੀ ਚੋਰੀ (ਵੰਡ ਘਾਟਾ) 24.39 ਫੀਸਦ ਤੋਂ ਲੈ ਕੇ 72.76 ਫੀਸਦ ਤੱਕ ਹੈ। ਇਨ੍ਹਾਂ ਵਿੱਚੋਂ 11 ਡਿਵੀਜ਼ਨਾਂ ਵਿਚ ਬਿਜਲੀ ਚੋਰੀ 40 ਫੀਸਦ ਤੋਂ ਵੱਧ ਹੈ।


author

cherry

Content Editor

Related News