ਗੌਰੇ ਗਏ ਪਰ ਗੱਲਾਂ ਓਹੀ, ਪਾਸਪੋਰਟ ਲਈ ਦੁੱਧਮੂੰਹੇ ਬੱਚੇ ਦਾ ਵੀ ਚੈੱਕ ਹੁੰਦੈ ਕ੍ਰਿਮੀਨਲ ਰਿਕਾਰਡ

01/21/2020 1:09:05 PM

ਬਠਿੰਡਾ : ਗੌਰਿਆਂ ਦੇ ਜ਼ਮਾਨੇ ਤੋਂ ਐਫ.ਆਈ.ਆਰ. ਦੇ ਪ੍ਰੋਫਾਰਮੇ ਦੇ ਨਾਲ-ਨਾਲ ਪਾਸਪੋਰਟ ਦੀ ਪੁਲਸ ਵੈਰੀਫਿਕੇਸ਼ਨ ਦਾ ਤਰੀਕਾ ਵੀ ਸਾਲਾਂ ਤੋਂ ਇਸੇ ਤਰ੍ਹਾਂ ਕਾਇਮ ਹੈ। ਚਾਹੇ ਹੀ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਪਾਸਪੋਰਟ ਲਈ ਵੱਖ ਫ਼ਾਰਮ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਹੁਣ ਵੀ ਸਾਂਝ ਕੇਂਦਰਾਂ ਤੋਂ ਲੈ ਕੇ ਪੁਲਸ ਥਾਣੇ ਤੱਕ ਬੱਚਿਆਂ ਦੇ ਪਾਸਪੋਰਟ ਦੀ ਵੈਰੀਫਿਕੇਸ਼ਨ ਵਿਚ ਫਾਇਲ ਹੋਣ ਵਾਲੀ ਰਿਪੋਰਟ ਇਕ ਵਿਅੰਗ ਸਾਬਤ ਹੋ ਰਹੀ ਹੈ। ਦੁੱਧਮੁੰਹੇ ਬੱਚਿਆਂ ਦੇ ਚਾਲ-ਚਲਣ, ਅੱਤਵਾਦੀ ਅਤੇ ਫਿਰਕੂ ਗਤੀਵਿਧੀਆਂ ਸੰਬੰਧੀ ਪੁਲਸ ਥਾਣੇ ਵਿਚ ਮੁਨਸ਼ੀ ਤੋਂ ਲੈ ਕੇ ਥਾਣੇਦਾਰ ਤੱਕ ਤੋਂ ਜਾਂਚ ਕਰਵਾਈ ਜਾ ਰਹੀ ਹੈ। ਇਸ ਵਿਚ ਹਾਸੋਹੀਣੀ ਗੱਲ ਇਹ ਹੈ ਕਿ 6 ਮਹੀਨੇ ਦੇ ਬੱਚੇ ਦੇ ਵੀ ਚਾਲ-ਚਲਣ ਦਾ ਵੈਰੀਫਿਕੇਸ਼ਨ ਰਿਪੋਰਟ ਵਿਚ ਜ਼ਿਕਰ ਹੈ। ਸੂਬੇ ਵਿਚ ਹਰ ਮਹੀਨੇ ਕਰੀਬ 2000 ਵੈਰੀਫਿਕੇਸ਼ਨ ਰਿਪੋਰਟ ਜ਼ਿਲਿਆਂ ਦੇ ਪੁਲਸ ਸਾਂਝ ਕੇਂਦਰਾਂ ਵਿਚ ਬਣਦੀ ਹੈ, ਜਿਸ ਨੂੰ ਅੱਖ ਬੰਦ ਕਰਕੇ ਇਕ ਫ਼ਾਰਮ ਭਰਨ ਦੇ ਲਹਿਜੇ ਨਾਲ ਭਰਕੇ ਭੇਜ ਦਿੱਤਾ ਜਾਂਦਾ ਹੈ ਪਰ ਕਿਸੇ ਨੇ ਵੀ ਅੱਜ ਤੱਕ ਇਸ ਨੂੰ ਬਦਲਣ ਬਾਰੇ ਨਹੀਂ ਸੋਚਿਆ।

ਸਾਂਝ ਕੇਂਦਰ ਦੀ ਰਿਪੋਰਟ
ਬਿਨੈਕਾਰ ਸਬੰਧਤ ਪਤੇ ਦਾ ਰਹਿਣ ਵਾਲਾ ਹੈ, ਜਿਸ ਦੀ ਤਸਦੀਕ ਰਿਪੋਰਟ ਵਿਚ ਦਰਜ ਪਤਵੰਤੇ ਲੋਕਾਂ ਨੇ ਕੀਤੀ ਹੈ। ਇਹ ਦਿੱਤੇ ਗਏ ਪਤੇ ਦਾ ਜਨਮ ਤੋਂ ਨਿਵਾਸੀ ਹੈ। ਫ਼ਾਰਮ 'ਤੇ ਲੱਗੀ ਫੋਟੋ ਬਿਨੈਕਾਰ ਦੀ ਹੈ। ਬਿਨੈਕਾਰ ਦਾ ਚਾਲ-ਚਲਣ ਨੇਕ ਹੈ ਅਤੇ ਇਹ ਕਿਸੇ ਅੱਤਵਾਦੀ, ਫਿਰਕੂ ਜਾਂ ਕਿਸੇ ਗੈਰ-ਕਾਨੂਨੀ ਪਾਰਟੀ ਵਿਚ ਹਿੱਸਾ ਨਹੀਂ ਲੈਂਦਾ ਅਤੇ ਨਾ ਹੀ ਇਸ ਦਾ ਮੈਂਬਰ ਹੈ। ਇਸ ਦੇ ਮਾਤਾ-ਪਿਤਾ ਨੇ ਪਾਸਪੋਰਟ ਬਣਾਉਣ ਲਈ ਅਪਲਾਈ ਕੀਤਾ ਹੈ। ਇਸ ਦਾ ਪਾਸਪੋਰਟ ਬਣਾਉਣ 'ਤੇ ਕਿਸੇ ਨੂੰ ਕੋਈ ਇਤਰਾਜ ਨਹੀਂ ਹੈ। ਫਿਰ ਵੀ ਇਸ ਦੇ ਪੁਰਾਣੇ ਰਿਕਾਰਡ ਦੀ ਜਾਂਚ ਸਬੰਧਤ ਥਾਣੇ ਦੇ ਮੁਨਸ਼ੀ ਤੋਂ ਕਰਵਾਈ ਜਾਵੇ।

ਥਾਣੇ ਦੇ ਮੁਨਸ਼ੀ ਦੀ ਰਿਪੋਰਟ
ਬੇਨਤੀ ਹੈ ਕਿ ਬਿਨੈਕਾਰ ( ਨਾਮ, ਪਿਤਾ ਦਾ ਨਾਮ ਅਤੇ ਪਤਾ) ਪੜਤਾਲ ਰਿਕਾਰਡ ਥਾਣੇ ਅਨੁਸਾਰ ਅਦਮ ਸਜ਼ਾ-ਜਾਬਤਾ (ਕਿਸੇ ਆਪਰਾਧਿਕ ਕੇਸ ਵਿਚ ਸ਼ਾਮਲ ਜਾਂ ਸਜ਼ਾ-ਜਾਬਤਾ ਨਹੀਂ ਹੈ) ਨਹੀਂ ਪਾਇਆ ਗਿਆ ਹੈ।

ਥਾਣੇਦਾਰ ਦੀ ਰਿਪੋਰਟ
ਮੁਨਸ਼ੀ ਦੇ ਬਾਅਦ ਫ਼ਾਰਮ ਨੂੰ ਥਾਣੇਦਾਰ ਵੈਰੀਫਾਈ ਕਰਦਾ ਹੈ, ਜਿਸ ਵਿਚ ਕਾਲਮ 6 ਵਿਚ ਲਿਖਿਆ ਹੁੰਦਾ ਹੈ ਕਿ ਬਿਨੈਕਾਰ ਨੇ ਦੇਸ਼ ਦੀ ਪ੍ਰਭੂਸੱਤਾ, ਅਖੰਡਤਾ ਅਤੇ ਸ਼ਾਸਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਭਵਿੱਖ ਵਿਚ ਵੀ ਅਜਿਹਾ ਨਹੀਂ ਕਰੇਗਾ। ਇਸ ਨੂੰ ਥਾਣੇਦਾਰ ਵੈਰੀਫਾਈ ਕਰਕੇ ਐੱਸ.ਐੱਸ.ਪੀ. ਦਫਤਰ ਭੇਜਦਾ ਹੈ। ਆਖਰੀ ਵੈਰੀਫਿਕੇਸ਼ਨ ਲਈ ਫਾਇਲ ਐੱਸ.ਐੱਸ.ਪੀ. ਦਫਤਰ ਦੇ ਸੀ.ਪੀ.ਆਰ.ਸੀ. ਸੇੱਲ ਨੂੰ ਭੇਜ ਦਿੱਤੀ ਜਾਂਦੀ ਹੈ।

ਮਾਤਾ-ਪਿਤਾ ਦੇ ਪਾਸਪੋਰਟ ਦੀ ਕਾਪੀ ਅਟੈਚ ਹੋਣ 'ਤੇ ਵੀ ਬੱਚਿਆਂ ਦੀ ਵੈਰੀਫਿਕੇਸ਼ਨ
ਪਾਸਪੋਰਟ ਕੇਂਦਰ ਵਿਚ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਪਾਸਪੋਰਟ ਅਪਲਾਈ ਕਰਨ ਵਾਲੇ ਮਾਤਾ-ਪਿਤਾ ਨੂੰ ਅਰਜ਼ੀ ਦੇ ਨਾਲ ਆਪਣੇ ਦੋਵਾਂ ਦੇ ਪਾਸਪੋਰਟ ਦੀ ਕਾਪੀ ਨਾਲ ਲਗਾਉਣੀ ਹੁੰਦੀ ਹੈ। 15 ਸਾਲ ਤੱਕ ਦੇ ਬੱਚੇ ਦੇ ਪਾਸਪੋਰਟ ਲਈ ਮਾਤਾ-ਪਿਤਾ ਵਿਚੋਂ ਇਕ ਦਾ ਪਾਸਪੋਰਟ ਅਤੇ ਦੂਜੇ ਦਾ ਆਧਾਰ ਕਾਰਡ ਲੱਗਦਾ ਹੈ। 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਐਪਲੀਕੇਸ਼ਨ 'ਤੇ ਪੁਲਸ ਵੈਰੀਫਿਕੇਸ਼ਨ ਰਿਪੋਰਟ ਵਿਚ ਲਿਖਿਆ ਜਾਂਦਾ ਹੈ ਕਿ ਕਿਉਂਕਿ ਬੱਚੇ ਦੀ ਉਮਰ ਘੱਟ ਹੈ। ਇਸ ਲਈ ਉਨ੍ਹਾਂ ਦੇ ਮਾਤਾ-ਪਿਤਾ ਨੇ ਐਪਲੀਕੇਸ਼ਨ ਦਿੱਤੀ ਹੈ, ਫਿਰ ਵੀ ਬੱਚੇ ਦੇ ਚਾਲ-ਚਲਣ, ਅਪਰਾਧਿਕ ਰਿਕਾਰਡ ਅਤੇ ਸਜ਼ਾ-ਜਾਬਤਾ ਦੀ ਵੈਰੀਫਿਕੇਸ਼ਨ ਰਿਪੋਰਟ ਲਿਖੀ ਜਾਂਦੀ ਹੈ। ਪਹਿਲਾਂ ਸਾਂਝ ਕੇਂਦਰ, ਫਿਰ ਥਾਣੇ ਦਾ ਮੁੰਸ਼ੀ, ਫਿਰ ਥਾਣੇਦਾਰ ਰਿਪੋਰਟ ਕਰਦਾ ਹੈ। ਇਸ ਤੋਂ ਬਾਅਦ ਐੱਸ.ਐੱਸ.ਪੀ. ਦਫਤਰ ਦੇ ਸੀ.ਪੀ.ਆਰ.ਸੀ. ਵਿੰਗ ਵਿਚ ਇਹ ਭੇਜ ਦਿੱਤਾ ਜਾਂਦਾ ਹੈ।

ਬੱਚਿਆਂ ਦੇ ਪਾਸਪੋਰਟ ਦੀ ਵੈਰੀਫਿਕੇਸ਼ਨ 'ਚ ਕੀਤਾ ਜਾਏਗਾ ਬਦਲਾਅ : ਐੱਸ.ਐੱਸ.ਪੀ. ਬਠਿੰਡਾ
ਬੱਚਿਆਂ ਦੇ ਪਾਸਪੋਰਟ ਦੀ ਵੈਰੀਫਿਕੇਸ਼ਨ ਦੇ ਪ੍ਰੋਫਾਰਮੇ ਵਿਚ ਬਦਲਾਅ ਦੀ ਜ਼ਰੂਰਤ ਹੈ ।  ਇਸ ਵਿਚ ਛੇਤੀ ਬਦਲਾਅ ਕੀਤਾ ਜਾਵੇਗਾ। ਇਸ ਨਾਲ ਪਬਲਿਕ ਨੂੰ ਵੀ ਸਹੂਲਤ ਹੋਵੇਗੀ।


cherry

Content Editor

Related News