ਦਿਓਰ ਦੇ ਬਜਟ ''ਤੇ ਭਾਬੀ ਦਾ ਤੰਜ਼ (ਵੀਡੀਓ)
Tuesday, Feb 19, 2019 - 11:05 AM (IST)
ਬਠਿੰਡਾ(ਅਮਿਤ)— ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੇਸ਼ ਕੀਤੇ ਗਏ ਬਜਟ ਨੂੰ ਨਾਲਾਇਕਾਂ ਵਾਲਾ ਬਜਟ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਬਜਟ ਪੇਸ਼ ਕੀਤਾ ਗਿਆ ਹੈ, ਉਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਚੋਣਾਂ ਸਮੇਂ ਕੀਤੇ ਵਾਅਦਿਆਂ ਤੋਂ ਕਾਂਗਰਸ ਭੱਜ ਰਹੀ ਹੈ।
ਉਨ੍ਹਾਂ ਕਿਹਾ ਕਿ ਤੇਲ 2 ਰੁਪਏ ਹੋਰ ਸਸਤਾ ਹੋਣਾ ਚਾਹੀਦਾ ਸੀ ਕਿਉਂਕਿ ਪੰਜਾਬ ਸਰਕਾਰ ਨੇ ਬਾਕੀ ਸੂਬਿਆਂ ਦੇ ਮੁਕਾਬਲੇ ਦੇਰੀ ਨਾਲ ਰੇਟ ਘਟਾਏ ਹਨ। 'ਦੇਰ ਆਏ ਦਰੁਸਤ ਆਏ'। ਬੀਬਾ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਜੋ ਆਪਣੇ ਚੋਣ ਮਨੋਰਥ ਪੱਤਰ ਵਿਚ ਕਿਸਾਨਾਂ ਨਾਲ ਵਾਅਦੇ ਕੀਤੇ ਸਨ, ਉਨ੍ਹਾਂ ਵਿਚੋਂ ਇਕ ਵੀ ਪੂਰਾ ਨਹੀਂ ਕੀਤਾ। ਸਗੋਂ ਪੰਜਾਬ ਵਿਚ 900 ਕਿਸਾਨ ਕਾਂਗਰਸ ਰਾਜ ਦੌਰਾਨ ਖ਼ੁਦਕੁਸ਼ੀਆਂ ਕਰ ਗਏ ਹਨ। ਕਾਂਗਰਸ ਸਰਕਾਰ ਪੂਰੀ ਤਰ੍ਹਾਂ ਫੇਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬਜਟ ਵਿਚ ਸਰਕਾਰ ਨੇ ਸ਼ਗਨ ਸਕੀਮ ਦੀ ਰਕਮ ਵਧਾ ਕੇ 51 ਹਜ਼ਾਰ ਤਾਂ ਕੀ ਕਰਨੀ ਸੀ, ਦੋ ਸਾਲਾਂ ਤੋਂ ਸ਼ਗਨ ਸਕੀਮ ਦਾ ਪੈਸਾ ਹੀ ਨਹੀਂ ਦਿੱਤਾ।
ਉਨ੍ਹਾਂ ਇਸ ਮੌਕੇ ਆਖਿਆ ਕਿ ਸਰਕਾਰ ਨੇ ਬਜਟ ਵਿਚ ਘਿਓ ਤੇ ਖੰਡ ਤਾਂ ਕੀ ਦੇਣੀ ਸੀ ਸਗੋਂ ਆਟਾ-ਦਾਲ ਸਕੀਮ ਦੇ 50 ਫ਼ੀਸਦੀ ਨੀਲੇ ਕਾਰਡ ਹੀ ਰੱਦ ਕਰ ਦਿੱਤੇ। ਉਨ੍ਹਾਂ ਆਖਿਆ ਕਿ ਬੁਢਾਪਾ ਪੈਨਸ਼ਨਾਂ ਜੋ ਕਿ 5100 ਕਰਨ ਦੀ ਗੱਲ ਕਹੀ ਸੀ ਉਹ ਵੀ ਜ਼ਿਆਦਾਤਰ ਬਜ਼ੁਰਗਾਂ ਦੀ ਰੱਦ ਕਰ ਦਿੱਤੀ ਗਈ ਅਤੇ ਜੇ ਕਿਸੇ ਬਜ਼ੁਰਗ ਦੀ ਪੈਨਸ਼ਨ ਲੱਗੀ ਹੋਈ ਹੈ ਉਹ ਵੀ ਕਿਸੇ ਨੂੰ 8 ਜਾਂ 10 ਮਹੀਨੇ ਹੋ ਗਏ ਹਨ ਮਿਲੀ ਹੀ ਨਹੀਂ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਹੈ ਅਤੇ ਮਨਪ੍ਰੀਤ ਬਾਦਲ ਵੀ ਮਹਾਂਫੇਲ੍ਹ ਮੰਤਰੀ ਸਿੱਧ ਹੋਏ ਹਨ। ਇਸ ਮਹਾਂਫੇਲ ਸਰਕਾਰ ਵਿਰੁੱਧ ਜੇਕਰ ਲੋਕ ਆਪਣਾ ਮੂੰਹ ਨਹੀਂ ਖੋਲ੍ਹਣਗੇ ਤਾਂ ਅਜਿਹਾ ਹੀ ਹੋਵੇਗਾ। ਕਿਉਂਕਿ ਅੱਜ ਪੰਜਾਬ ਦਾ ਵਿਕਾਸ ਪੂਰੀ ਤਰ੍ਹਾਂ ਠੱਪ ਹੋ ਚੁੱਕਾ ਹੈ।