ਨਾਬਾਲਗ ਭੈਣਾਂ ਨਾਲ ਜਬਰ-ਜ਼ਨਾਹ, 4 ਨਾਮਜ਼ਦ
Saturday, Feb 01, 2020 - 10:38 AM (IST)
ਬਠਿੰਡਾ (ਵਰਮਾ) : ਜ਼ਿਲੇ ਦੇ ਇਕ ਪਿੰਡ 'ਚ ਰਹਿਣ ਵਾਲੀਆਂ ਦੋ ਦਲਿਤ ਨਾਬਾਲਗ ਭੈਣਾਂ ਨਾਲ ਪਿੰਡ ਦੇ ਹੀ ਲੋਕਾਂ ਵਲੋਂ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ, ਜਿਸ ਸਬੰਧੀ ਥਾਣਾ ਸੰਗਤ 'ਚ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਅਨੁਸਾਰ ਦੋਵੇਂ ਭੈਣਾਂ ਪਿਤਾ ਨਾਲ ਝਗੜਾ ਕਰ ਕੇ ਘਰ ਛੱਡ ਕੇ ਚਲੀਆਂ ਗਈਆਂ ਸਨ। ਇਹ ਘਟਨਾ 26 ਜਨਵਰੀ ਦੀ ਹੈ। ਸਹਾਰਾ ਲੈਣ ਲਈ ਉਹ ਪਿੰਡ ਦੇ ਹੀ ਜਸਵਿੰਦਰ ਸਿੰਘ ਦੇ ਘਰ ਪਹੁੰਚ ਗਈਆਂ। ਜਸਵਿੰਦਰ ਸਿੰਘ ਇਨ੍ਹਾਂ ਦੋਵਾਂ ਭੈਣਾਂ ਨੂੰ ਬੱਸ ਸਟੈਂਡ ਲੈ ਗਿਆ, ਉਥੋਂ ਇਕ ਆਟੋ ਚਾਲਕ ਦਿਆਲ ਸਿੰਘ ਨੂੰ ਬੁਲਾਇਆ। ਮੁਲਜ਼ਮ ਨੇ ਦੋਵਾਂ ਭੈਣਾਂ ਨੂੰ ਝਾਂਸਾ ਦਿੱਤਾ ਕਿ ਉਹ ਉਨ੍ਹਾਂ ਦਾ ਵਿਆਹ ਅੰਮ੍ਰਿਤਪਾਲ ਨਾਲ ਕਰਵਾ ਦੇਵੇਗਾ, ਜਿਨ੍ਹਾਂ ਨੂੰ ਉਹ ਸ਼ੇਰਗੜ੍ਹ ਰੇਲਵੇ ਸਟੇਸ਼ਨ ਲੈ ਗਿਆ। ਉਥੇ ਹੀ ਮੁਲਜ਼ਮ ਨੇ ਫੋਨ 'ਤੇ ਅੰਮ੍ਰਿਤਪਾਲ ਨੂੰ ਬੁਲਾ ਲਿਆ। ਪੀੜਤਾਂ ਅਨੁਸਾਰ ਅੰਮ੍ਰਿਤਪਾਲ ਆਪਣੇ ਪਿਤਾ ਮੰਗਾ ਸਿੰਘ ਨੂੰ ਨਾਲ ਲੈ ਆਇਆ ਅਤੇ ਸਾਰੇ ਗੱਡੀ 'ਚ ਬੈਠ ਕੇ ਉਥੋਂ ਰਵਾਨਾ ਹੋ ਗਏ। ਦੋਵਾਂ ਭੈਣਾਂ ਨੂੰ ਲੈ ਕੇ ਇਹ ਚਾਰੇ ਪਿੰਡ ਤਿਓਣਾ ਪਹੁੰਚੇ। ਪੀੜਤਾਂ ਨੇ ਦੱਸਿਆ ਕਿ ਉਥੇ ਹੀ ਉਨ੍ਹਾਂ ਨਾਲ ਜਸਵਿੰਦਰ ਸਿੰਘ ਅਤੇ ਅੰਮ੍ਰਿਤਪਾਲ ਨੇ ਜਬਰ-ਜ਼ਨਾਹ ਕੀਤਾ ਅਤੇ ਉਨ੍ਹਾਂ ਨੂੰ ਛੱਡ ਕੇ ਫਰਾਰ ਹੋ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਮੁਲਜ਼ਮਾਂ ਦੀ ਮਦਦ ਦਿਆਲ ਸਿੰਘ ਅਤੇ ਮੰਗਾ ਸਿੰਘ ਨੇ ਵੀ ਕੀਤੀ। ਥਾਣਾ ਸੰਗਤ ਪੁਲਸ ਨੇ ਪੀੜਤਾਂ ਦੀ ਸ਼ਿਕਾÎਇਤ 'ਤੇ ਚਾਰੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ।
ਥਾਣਾ ਸੰਗਤ ਪ੍ਰਮੁੱਖ ਗੌਰਵ ਵੰਸ਼ ਸਿੰਘ ਨੇ ਦੱਸਿਆ ਕਿ ਦੋਵੇਂ ਪੀੜਤ ਲੜਕੀਆਂ ਸਿਵਲ ਹਸਪਤਾਲ 'ਚ ਦਾਖਲ ਸਨ ਅਤੇ ਡਾਕਟਰਾਂ ਵਲੋਂ ਰੁੱਕਾ ਭੇਜਿਆ ਗਿਆ, ਜਿਸ 'ਚ ਲਿਖਿਆ ਸੀ ਕਿ ਦੋਵੇਂ ਲੜਕੀਆਂ ਨਾਲ ਜਬਰ-ਜ਼ਨਾਹ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ਤੋਂ ਮਹਿਲਾ ਇੰਸਪੈਕਟਰ ਜਸਵਿੰਦਰ ਕੌਰ ਨੂੰ ਬੁਲਾ ਕੇ ਪੀੜਤਾਂ ਦੇ ਬਿਆਨ ਦਰਜ ਕੀਤੇ ਗਏ ਅਤੇ ਜਬਰ-ਜ਼ਨਾਹ ਦੀ ਧਾਰਾ 376 ਤਹਿਤ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਮਾਮਲਾ ਕੁਝ ਸ਼ੱਕੀ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।